ਜੀਜੇ ਦੇ ਨਜਾਇਜ਼ ਸਬੰਧ ਸਾਲੇ ‘ਤੇ ਪਏ ਭਾਰੀ, ਪਰਿਵਾਰ ਦਾ ਇਲਜ਼ਾਮ- ਨਿਹੰਗਾਂ ਨੇ ਤਲਵਾਰਾਂ ਨਾਲ ਵੱਢ ਕੇ ਕਰ ਦਿੱਤਾ ਕਤਲ
Amritsar Murder: ਪਰਿਵਾਰ ਨੇ ਦੱਸਿਆ ਕਿ ਅਜੇਪਾਲ ਦੀ ਭੈਣ ਦੇ ਪਤੀ (ਜੀਜੇ) ਹੈਪੀ ਮਸੀਹ ਦੇ ਕਿਸੇ ਰੂਪਾ ਨਾਂ ਦੀ ਔਰਤ ਨਾਲ ਗਲਤ ਰਿਸ਼ਤੇ ਸਨ, ਜਿਸ ਕਰਕੇ ਘਰ 'ਚ ਕਾਫ਼ੀ ਤਣਾਅ ਸੀ। ਜਾਣਕਾਰੀ ਮੁਤਾਬਕ ਅਜੇਪਾਲ ਕੱਲ੍ਹ ਤੋਂ ਹੀ ਰੂਪਾ ਦੇ ਘਰ ਦੇ ਨੇੜੇ ਆਉਣਜਾਣ ਲੱਗ ਪਿਆ ਸੀ। ਅੱਜ ਸ਼ਾਮ ਉਹ ਆਪਣੀ ਭੈਣ ਤੇ ਮਾਂ ਦੇ ਨਾਲ ਰੂਪਾ ਦੇ ਘਰ ਗਿਆ ਸੀ, ਤਾਂ ਜੋ ਮਾਮਲੇ ਨੂੰ ਸ਼ਾਂਤੀ ਨਾਲ ਹੱਲ ਕੀਤਾ ਜਾਵੇ।
ਅੰਮ੍ਰਿਤਸਰ ਦੇ ਚੱਕੀ ਵਾਲੀ ਗਲੀ ਨੰਬਰ-2 ‘ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ 22 ਸਾਲਾ ਅਜੇਪਾਲ ਨੂੰ ਤਿੰਨ ਅਣਪਛਾਤੇ ਲੋਕਾਂ ਵੱਲੋਂ ਕਿਰਪਾਨਾਂ ਨਾਲ ਕਈ ਵਾਰ ਕਰਕੇ ਬੇਰਹਿਮੀ ਨਾਲ ਕਤਲ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਦੇ ਮੁਤਾਬਕ ਇਹ ਘਟਨਾ ਪਿਆਰ ਤੇ ਰਿਸ਼ਤੇਦਾਰੀਆਂ ਦੇ ਝਗੜੇ ਤੋਂ ਉੱਭਰੀ, ਜਿਸ ਕਾਰਨ ਅਜੇਪਾਲ ਨੂੰ ਆਪਣੀ ਜਾਨ ਗਵਾਉਣੀ ਪਈ।
ਪਰਿਵਾਰ ਨੇ ਦੱਸਿਆ ਕਿ ਅਜੇਪਾਲ ਦੀ ਭੈਣ ਦੇ ਪਤੀ (ਜੀਜੇ) ਹੈਪੀ ਮਸੀਹ ਦੇ ਕਿਸੇ ਰੂਪਾ ਨਾਂ ਦੀ ਔਰਤ ਨਾਲ ਗਲਤ ਰਿਸ਼ਤੇ ਸਨ, ਜਿਸ ਕਰਕੇ ਘਰ ‘ਚ ਕਾਫ਼ੀ ਤਣਾਅ ਸੀ। ਜਾਣਕਾਰੀ ਮੁਤਾਬਕ ਅਜੇਪਾਲ ਕੱਲ੍ਹ ਤੋਂ ਹੀ ਰੂਪਾ ਦੇ ਘਰ ਦੇ ਨੇੜੇ ਆਉਣਜਾਣ ਲੱਗ ਪਿਆ ਸੀ। ਅੱਜ ਸ਼ਾਮ ਉਹ ਆਪਣੀ ਭੈਣ ਤੇ ਮਾਂ ਦੇ ਨਾਲ ਰੂਪਾ ਦੇ ਘਰ ਗਿਆ ਸੀ, ਤਾਂ ਜੋ ਮਾਮਲੇ ਨੂੰ ਸ਼ਾਂਤੀ ਨਾਲ ਹੱਲ ਕੀਤਾ ਜਾਵੇ।
ਪਰਿਵਾਰ ਮੁਤਾਬਕ ਰੂਪਾ ਦੇ ਘਰ ਇੱਕ ਨਿਹੰਗ ਸਿੰਘ ਰਹਿੰਦਾ ਸੀ, ਜਿਸ ਨੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੂੰ ਬੁਲਾਇਆ। ਤਿੰਨੋਂ ਨੇ ਮਿਲ ਕੇ ਅਜੇਪਾਲ ਨੂੰ ਧਮਕੀਆਂ ਦਿਤੀਆਂ ਤੇ ਅਚਾਨਕ ਕਿਰਪਾਨਾਂ ਨਾਲ ਉਸ ਤੇ ਹਮਲਾ ਕਰ ਦਿੱਤਾ। ਪਰਿਵਾਰ ਨੇ ਦੋਸ਼ ਲਾਇਆ ਕਿ ਨਿਹੰਗ ਸਿੰਘਾਂ ਨੇ ਪਹਿਲਾਂ ਮਾਂ ਤੇ ਭੈਣ ਨਾਲ ਵੀ ਹੱਥੋਪਾਈ ਕੀਤੀ ਤੇ ਫਿਰ ਅਜੇਪਾਲ ਦਾ ਪਿੱਛਾ ਕਰਕੇ ਉਸ ਦਾ ਕਤਲ ਕਰ ਦਿੱਤਾ।
ਮ੍ਰਿਤਕ ਦੀ ਭੈਣ ਮੁਸਕਾਨ ਨੇ ਕਿਹਾ, ਮੇਰਾ ਭਰਾ ਤਾਂ ਸਿਰਫ਼ ਘਰ ਦੀਆਂ ਗੱਲਾਂ ਘਰ ‘ਚ ਹੀ ਨਿਬੇੜਣ ਗਿਆ ਸੀ। ਉਹ ਕੰਮ ਤੋਂ ਅਜੇ ਆਇਆ ਹੀ ਸੀ, ਉਸ ਨੇ ਪਾਣੀ ਵੀ ਨਹੀਂ ਪੀਤਾ ਸੀ। ਨਿਹੰਗਾਂ ਨੇ ਉਸ ਨੂੰ ਸਾਡੇ ਸਾਹਮਣੇ ਵੱਢ ਦਿੱਤਾ। ਸਾਡੇ ਜੀਜੇ ਦੇ ਗਲਤ ਰਿਸ਼ਤੇ ਦੀ ਸਜ਼ਾ ਮੇਰੇ ਭਰਾ ਨੂੰ ਮਿਲੀ।
ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਨੇ ਦੋਸ਼ੀਆਂ ਨੂੰ ਫੌਰੀ ਗ੍ਰਿਫ਼ਤਾਰ ਕਰਨ ਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪਰਿਵਾਰ ਨੇ ਕਿਹਾ ਕਿ ਸਾਡੇ 22 ਸਾਲਾ ਪੁੱਤਰ ਨੂੰ ਬੇਗੁਨਾਹ ਮਾਰਿਆ ਗਿਆ। ਸਾਨੂੰ ਇਨਸਾਫ ਚਾਹੀਦਾ ਹੈ।


