Who is Amritpal Singh: ਕੋਣ ਹੈ ਅੰਮ੍ਰਿਤਪਾਲ ਸਿੰਘ, ਕਿਉਂ ਸੁਰਖੀਆਂ ਵਿੱਚ ਆਇਆ ਨਾਮ, ਅੰਮ੍ਰਿਤਪਾਲ ਪਿੱਛੇ ਕੋਣ?

Updated On: 

23 Apr 2023 12:19 PM IST

'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ 19 ਸਾਲ ਦੀ ਉਮਰ ਵਿੱਚ 2012 ਵਿੱਚ ਕੰਮ ਕਰਨ ਲਈ ਪੰਜਾਬ ਤੋਂ ਦੁਬਈ ਗਿਆ ਸੀ। ਇਸ ਲੇਖ ਵਿੱਚ ਪੜ੍ਹੋ ਕੀ ਕਿਵੇਂ ਅੰਮ੍ਰਿਤਪਾਲ ਸਿੰਘ ਖਾਲਿਸਤਾਨੀ ਸਮਰਥਕ ਬਣਿਆ।

Follow Us On
Amritpal Singh: ‘ਵਾਰਿਸ ਪੰਜਾਬ ਦੇ‘ (Waris Punjab De) ਮੁਖੀ ਅੰਮ੍ਰਿਤਪਾਲ ਸਿੰਘ ਦਾ ਜਨਮ ਸਾਲ 1993 ਵਿੱਚ ਪਿੰਡ ਜੱਲੂਪੁਰ ਖੇੜਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹ ਤਰਸੇਮ ਸਿੰਘ ਦਾ ਪੁੱਤਰ ਹੈ। ਅੰਮ੍ਰਿਤਪਾਲ 19 ਸਾਲ ਦੀ ਉਮਰ ਵਿੱਚ 2012 ਵਿੱਚ ਕੰਮ ਕਰਨ ਲਈ ਪੰਜਾਬ ਤੋਂ ਦੁਬਈ ਗਿਆ ਸੀ। ਉਹ 10 ਸਾਲ ਯਾਨੀ 2022 ਤੱਕ ਦੁਬਈ ਵਿੱਚ ਰਿਹਾ। ਇਸ ਦੌਰਾਨ ਉਸ ਦੇ ਸਿਰ ‘ਤੇ ਨਾ ਤਾਂ ਵਾਲ ਸਨ ਅਤੇ ਨਾ ਹੀ ਚਿਹਰੇ ‘ਤੇ ਦਾੜ੍ਹੀ ਸੀ। ਅੰਮ੍ਰਿਤਪਾਲ ਸਿੰਘ ਦੇ ਚਾਚੇ ਦਾ ਦੁਬਈ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਸੀ। ਕਿਸਾਨ ਅੰਦੋਲਨ ਦੌਰਾਨ ਅੰਮ੍ਰਿਤਪਾਲ ਸਿੰਘ ਦੀਪ ਸਿੱਧੂ (Deep Sidhu) ਨਾਲ ਦਿੱਲੀ ਬਾਰਡਰ ‘ਤੇ ਆਇਆ ਸੀ, ਉਹ ਅਗਸਤ 2022 ‘ਚ ਦੁਬਈ ਤੋਂ ਭਾਰਤ ਆਇਆ ਸੀ। ਉਸ ਨੇ ਸਤੰਬਰ 2022 ਵਿੱਚ ਦੁਬਾਰਾ ਵਾਲ ਰੱਖ ਕੇ ਦਸਤਾਰਬੰਦੀ ਕੀਤੀ ਅਤੇ ਮੋਗਾ ਦੇ ਰੋਡੇ ਪਿੰਡ ਵਿੱਚ ਦਸਤਾਰਬੰਦੀ ਦਾ ਵੱਡਾ ਪ੍ਰੋਗਰਾਮ ਕੀਤਾ ਅਤੇ ਦੀਪ ਸਿੱਧੂ ਦੀ ਸੰਸਥਾ ‘ਵਾਰਿਸ ਪੰਜਾਬ ਦੇ’ ਦਾ ਮੁਖੀ ਬਣ ਗਿਆ। ਇੰਨਾ ਹੀ ਨਹੀਂ ਅੰਮ੍ਰਿਤਪਾਲ ਨੇ ਪੰਜਾਬ ਵਿੱਚ ਧਾਰਮਿਕ ਯਾਤਰਾ ਸ਼ੁਰੂ ਕੀਤੀ। ਉਸ ਨੇ ਨੌਜਵਾਨਾਂ ਨੂੰ ਅੰਮ੍ਰਿਤ ਵੰਡਣਾ ਸ਼ੁਰੂ ਕਰ ਦਿੱਤਾ ਅਤੇ ਪੇਂਡੂ ਨੌਜਵਾਨਾਂ ਨੂੰ ਖਾਲਿਸਤਾਨ ਦੇ ਨਾਂ ‘ਤੇ ਜੋੜਨਾ ਸ਼ੁਰੂ ਕਰ ਦਿੱਤਾ।

ਅੰਮ੍ਰਿਤਪਾਲ ‘ਤੇ ਕਿਹੜੇ ਮਾਮਲੇ ਦਰਜ

23 ਫਰਵਰੀ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਵਿਖੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ ਹੋਈ ਸੀ। ਅੰਮ੍ਰਿਤਪਾਲ ਆਪਣੀ ਪੂਰੀ ਫੌਜ ਸਮੇਤ ਆਪਣੇ ਇਕ ਸਾਥੀ ਲਵਪ੍ਰੀਤ ਤੂਫਾਨ ਦੀ ਰਿਹਾਈ ਲਈ ਥਾਣਾ ਅਜਨਾਲਾ ਪਹੁੰਚ ਗਿਆ। ਇਸ ਦੌਰਾਨ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਤਲਵਾਰਾਂ ਲਹਿਰਾਈਆਂ। ਬੈਰੀਕੇਡ ਤੋੜ ਕੇ ਪੁਲਿਸ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਕਈ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਆਖ਼ਰਕਾਰ ਅਜਨਾਲਾ ਪੁਲਿਸ ਨੇ ਬਦਮਾਸ਼ਾਂ ਸਾਹਮਣੇ ਹਾਰ ਕਬੂਲਦਿਆਂ ਅੰਮ੍ਰਿਤਪਾਲ ਸਿੰਘ (Amritpal Singh) ਦੇ ਕਰੀਬੀ ਲਵਪ੍ਰੀਤ ਨੂੰ ਰਿਹਾਅ ਕਰ ਦਿੱਤਾ ਸੀ। ਇਸ ਹੰਗਾਮੇ ਸਬੰਧੀ ਅੰਮ੍ਰਿਤਪਾਲ ਖ਼ਿਲਾਫ਼ ਪਹਿਲਾ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਬਕਾ ਨਜ਼ਦੀਕੀ ਵਰਿੰਦਰ ਸਿੰਘ ਦੀ ਸ਼ਿਕਾਇਤ ‘ਤੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਧਾਰਾ 365, 379ਬੀ, 323, 506, 148, 149 ਤਹਿਤ ਕੇਸ ਦਰਜ ਕੀਤਾ ਸੀ।

ਅੰਮ੍ਰਿਤਪਾਲ ਪਿੱਛੇ ਕੌਣ?

ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਯੂਕੇ ਸਥਿਤ ਅਵਤਾਰ ਸਿੰਘ ਦਾ ਹੱਥ ਹੈ। ਉਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਗਜੀਤ ਸਿੰਘ, ਪਰਮਜੀਤ ਸਿੰਘ ਪੰਮਾ ਦਾ ਕਰੀਬੀ ਦੱਸਿਆ ਜਾਂਦਾ ਹੈ। ਖੁਫੀਆ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਉਥੋਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਵਰਤਿਆ ਜਾ ਰਿਹਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ