Amritpal Singh: ਹਾਲੇ ਵੀ ਪੰਜਾਬ ‘ਚ ਸਰਗਰਮ ਹੈ ਅੰਮ੍ਰਿਤਪਾਲ ਦੀ ਜਥੇਬੰਦੀ, ਖੁਫੀਆ ਏਜੰਸੀਆਂ ਦਾ ਖੁਲਾਸਾ
Security Agencies on Amritpal Singh: ਏਜੰਸੀਆਂ ਵੱਲੋਂ ਜਾਰੀ ਰਿਪੋਰਟ ਵਿੱਚ ਪਿਛਲੀਆਂ ਕੁਝ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ। ਜਿਸ ਵਿੱਚ ਮੁੱਖ ਘਟਨਾ ਥਾਣਾ ਅਜਨਾਲਾ 'ਤੇ ਹਮਲਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰਦਾ ਸੀ। ਉਸਨੇ ਅਜਿਹੇ ਬਿਆਨ ਦਿੱਤੇ ਸਨ ਜੋ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਸਨ।
ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਖਾਲਿਸਤਾਨੀ ਸਮਰਥਕ ਅਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ (Waris Punjab De) ਦੀਆਂ ਗਤੀਵਿਧੀਆਂ ਸਬੰਧੀ ਵਿਸਥਾਰਤ ਰਿਪੋਰਟ ਤਿਆਰ ਕੀਤੀ ਗਈ ਹੈ। ਖੁਫੀਆ ਏਜੰਸੀਆਂ ਨੇ ਰਿਪੋਰਟ ਦਿੱਤੀ ਹੈ ਕਿ ‘ਵਾਰਿਸ ਪੰਜਾਬ ਦੀ’ ਜੱਥੇਬੰਦੀ ਹਾਲੇ ਵੀ ਪੰਜਾਬ ਵਿੱਚ ਸਰਗਰਮ ਹੈ। ਜੱਥੇਬੰਦੀ ਦੇ ਮੈਂਬਰ ਲਗਾਤਾਰ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੰਟੈਲੀਜੈਂਸ ਬਿਊਰੋ ਆਫ ਇੰਡੀਆ ਅਤੇ ਪੰਜਾਬ ਦਾ ਖੁਫੀਆ ਵਿਭਾਗ ਇਸ ਜੱਥੇਬੰਦੀ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਕਿਹੜੀਆਂ ਸਰਗਰਮੀਆਂ ਵਿੱਚ ਸ਼ਾਮਲ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀ ਕੀ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀ ਤਾਂ ਕੋਈ ਯੋਜਨਾ ਨਹੀਂ ਹੈ।
ਦਰਅਸਲ, ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਦੇ ਕਰੀਬੀ ਦਲਜੀਤ ਕਲਸੀ (Daljit Kalsi) ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਕਿ ਉਸ ਨੂੰ ਐਨਐਸਏ ਤਹਿਤ ਗ੍ਰਿਫ਼ਤਾਰ ਕਿਉਂ ਕੀਤਾ ਗਿਆ ਹੈ। ਦਲਜੀਤ ਕਲਸੀ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਇਸ ਦੇ ਜਵਾਬ ਵਿੱਚ ਪੰਜਾਬ ਇੰਟੈਲੀਜੈਂਸ ਨੇ ਇੱਕ ਰਿਪੋਰਟ ਦਰਜ ਕਰਕੇ ਕਿਹਾ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਅਜੇ ਵੀ ਪੰਜਾਬ ਵਿੱਚ ਸਰਗਰਮ ਹੈ ਅਤੇ ਗੰਨ ਕਲਚਰ ਨੂੰ ਵੀ ਵਧਾਵਾ ਦੇ ਰਹੀ ਹੈ।
ਡਿਬਰੂਗੜ੍ਹ ਜੇਲ੍ਹ ‘ਚ ਬੰਦ ਹਨ ਅਮ੍ਰਿਤਪਾਲ ਅਤੇ ਕਲਸੀ
ਕਲਸੀ ਬਾਰੇ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਉਹ ਅਮ੍ਰਿਤਪਾਲ ਦੇ ਨਾਲ ਬਹੁਤ ਸਰਗਰਮ ਸੀ ਅਤੇ ਇਹ ਜੱਥੇਬੰਦੀ ਪੰਜਾਬ ਲਈ ਖਤਰਾ ਹੈ। ਕਲਸੀ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ ਅਤੇ ਅੰਮ੍ਰਿਤਪਾਲ ਜਦੋਂ ਵੀ ਪੰਜਾਬ ਵਿੱਚ ਕੁਝ ਕਰਦਾ ਸੀ ਤਾਂ ਕਲਸੀ ਗੁਰੂਗ੍ਰਾਮ ਤੋਂ ਪੰਜਾਬ ਆ ਜਾਂਦਾ ਸੀ। ਕਲਸੀ ਵਾਰਿਸ ਪੰਜਾਬ ਦੇ ਸੰਗਠਨ ਲਈ ਫੰਡ ਇਕੱਠਾ ਕਰਦੇ ਸੀ ਅਤੇ ਇਹ ਫੰਡ ਗਲਤ ਕੰਮਾਂ ਲਈ ਵਰਤਿਆ ਜਾਂਦਾ ਸੀ।
ਜਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ‘ਤੇ ਐਨਐਸਏ ਲਗਾਇਆ ਗਿਆ ਹੈ। ਅੰਮ੍ਰਿਤਪਾਲ ਨੂੰ 23 ਅਪ੍ਰੈਲ ਨੂੰ ਪੰਜਾਬ ਦੇ ਅਜਨਾਲਾ ਥਾਣੇ ‘ਚ ਖਾਲਿਸਤਾਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਆਰੋਪ ਹੇਠ ਗ੍ਰਿਫਤਾਰ ਕੀਤਾ ਗਿਆ ਸੀ।