ਦੀਵਾਨ ਟੋਡਰ ਮੱਲ ਦੀ ਹਵੇਲੀ ਨੂੰ ਲੈਕੇ ਹਾਈਕੋਰਟ ਦਾ ਵੱਡਾ ਫ਼ੈਸਲਾ, ਜਾਣੋਂ ਹੁਣ ਕੌਣ ਕਰੇਗਾ ਸਾਂਭ ਤੇ ਸੰਭਾਲ | The big decision of the High Court regarding the mansion of Dewan Todar Mall Punjabi news - TV9 Punjabi

ਦੀਵਾਨ ਟੋਡਰ ਮੱਲ ਦੀ ਹਵੇਲੀ ਨੂੰ ਲੈਕੇ ਹਾਈਕੋਰਟ ਦਾ ਵੱਡਾ ਫ਼ੈਸਲਾ, ਜਾਣੋਂ ਹੁਣ ਕੌਣ ਕਰੇਗਾ ਸਾਂਭ ਤੇ ਸੰਭਾਲ

Updated On: 

06 Jan 2024 18:48 PM

ਹਾਈਕੋਰਟ ਨੇ ਫ਼ੈਸਲੇ ਵਿੱਚ 5 ਦਸੰਬਰ 2023 ਨੂੰ ਹੋਈ ਇੱਕ ਬੈਠਕ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਪਟੀਸ਼ਨਕਰਤਾ, ਸੂਬਾ ਸਰਕਾਰ ਅਤੇ SGPC ਦੇ ਨੁਮਾਇੰਦੇ ਸ਼ਾਮਿਲ ਹੋਏ, ਇਸ ਬੈਠਕ ਵਿੱਚ ਸੁਰੱਖਿਆ ਲਈ ਕੁਝ ਨੁਕਤੇ ਉਠਾਏ ਗਏ ਸਨ, ਜਿਨ੍ਹਾਂ ਤੇ ਸਾਰੀਆਂ ਧਿਰਾਂ ਨੇ ਸਹਿਮਤੀ ਪ੍ਰਗਟਾਈ ਸੀ। ਜਿਸ ਦੀ ਜਾਣਕਾਰੀ ਪੰਜਾਬ ਹਰਿਆਣਾ ਹਾਈਕੋਰਟ ਨੂੰ ਦਿੱਤੀ ਗਈ।

ਦੀਵਾਨ ਟੋਡਰ ਮੱਲ ਦੀ ਹਵੇਲੀ ਨੂੰ ਲੈਕੇ ਹਾਈਕੋਰਟ ਦਾ ਵੱਡਾ ਫ਼ੈਸਲਾ, ਜਾਣੋਂ ਹੁਣ ਕੌਣ ਕਰੇਗਾ ਸਾਂਭ ਤੇ ਸੰਭਾਲ

ਪੰਜਾਬ ਹਰਿਆਣਾ ਹਾਈਕੋਰਟ

Follow Us On

ਸਰਹਿੰਦ ਵਿਖੇ ਸਥਿਤ ਦੀਵਾਨ ਟੋਡਰ ਮੱਲ ਦੀ ਇਤਿਹਾਸਿਕ ਹਵੇਲੀ ਦੀ ਸਾਂਭ ਸੰਭਾਲ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਨੇ ਅਹਿਮ ਫ਼ੈਸਲਾ ਸੁਣਾਇਆ ਹੈ, ਹਾਈਕੋਰਟ ਦੀ ਡਿਵੀਜ਼ਨ ਬੈਂਚ ਦੇ ਫ਼ੈਸਲੇ ਅਨੁਸਾਰ ਹਵੇਲੀ ਦੀ ਸਾਂਭ ਤੇ ਸੰਭਾਲ ਲਈ ਸੂਬਾ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਿਚਾਲੇ ਸਮਝੌਤਾ ਹੋਵੇਗਾ।

ਹਾਈਕੋਰਟ ਨੇ ਫ਼ੈਸਲੇ ਵਿੱਚ 5 ਦਸੰਬਰ 2023 ਨੂੰ ਹੋਈ ਇੱਕ ਬੈਠਕ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਪਟੀਸ਼ਨਕਰਤਾ, ਸੂਬਾ ਸਰਕਾਰ ਅਤੇ SGPC ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਬੈਠਕ ਵਿੱਚ ਸੁਰੱਖਿਆ ਲਈ ਕੁਝ ਨੁਕਤੇ ਉਠਾਏ ਗਏ ਸਨ, ਜਿਨ੍ਹਾਂ ਤੇ ਸਾਰੀਆਂ ਧਿਰਾਂ ਨੇ ਸਹਿਮਤੀ ਪ੍ਰਗਟਾਈ ਸੀ। ਜਿਸ ਦੀ ਜਾਣਕਾਰੀ ਪੰਜਾਬ ਹਰਿਆਣਾ ਹਾਈਕੋਰਟ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਇਤਿਹਾਸਿਕ ਹਵੇਲੀ ਦੀ ਸਾਂਭ ਸੰਭਾਲ ਅਤੇ ਮੁਰੰਮਤ ਦੇ ਪ੍ਰਸਤਾਵ ਨੂੰ ਭਾਰਤੀ ਪੁਰਾਤੱਤਵ ਸਰਵੇਖਣ (ASI) ਦੇ ਚੰਡੀਗੜ੍ਹ ਦਫ਼ਤਰ ਤੋਂ ਮਨਜ਼ੂਰੀ ਦਿੱਤੀ ਜਾਵੇਗੀ। ਐਸਜੀਪੀਸੀ ਵੱਲੋਂ ਨਵੀਨੀਕਰਨ ਦਾ ਮੁਕੰਮਲ ਪ੍ਰਸਤਾਵ ਇੱਕ ਹਫ਼ਤੇ ਵਿੱਚ ਸਰਕਾਰ ਨੂੰ ਸੌਂਪ ਦਿੱਤਾ ਜਾਵੇਗਾ।

ਨਹੀਂ ਹੋਵੇਗੀ ਕੋਈ ਨਵੀਂ ਉਸਾਰੀ

5 ਦਸੰਬਰ ਨੂੰ ਹੋਈ ਬੈਠਕ ਵਿੱਚ ਸਹਿਮਤੀ ਦਿੱਤੀ ਗਈ ਸੀ ਕਿ ਇਸ ਇਤਿਹਾਸਿਕ ਹਵੇਲੀ ਵਿੱਚ ਕੋਈ ਵੀ ਨਹੀਂ ਉਸਾਰੀ ਨਹੀਂ ਕੀਤੀ ਜਾਵੇਗੀ ਕਿਉਂਕਿ ਜੇਕਰ ਦੁਬਾਰਾ ਤੋਂ ਇਸ ਹਵੇਲੀ ਨੂੰ ਉਸਾਰਿਆ ਜਾਵੇਗਾ ਤਾਂ ਉਹ ਆਪਣਾ ਇਤਿਹਾਸਿਕ ਮਹੱਤਵ ਖੋ ਸਕਦੀ ਸਕਦੀ ਹੈ, ਇਸ ਕਰਕੇ ਇਸ ਬੈਠਕ ਵਿੱਚ ਸਹਿਮਤੀ ਦਿੱਤੀ ਗਈ ਕਿ ਜੋ ਵੀ ਨਵੀਂ ਉਸਾਰੀ ਇਸ ਥਾਂ ਤੇ ਕੀਤੀ ਗਈ ਹੈ ਉਸ ਨੂੰ ਹੁਣ ਹਟਾ ਦਿੱਤਾ ਜਾਵੇਗਾ, ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਥਾਂ ਤੇ ਸਾਂਭ ਤੇ ਸੰਭਾਲ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਟੀਸ਼ਨਕਰਤਾ ਨੇ ਹਾਈਕੋਰਟ ਨੂੰ ਅਪੀਲ ਕੀਤੀ ਸੀ ਕਿ ਉਸ ਇਤਿਹਾਸਿਕ ਥਾਂ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਜਿਸ ਤੋਂ ਬਾਅਦ ਹਾਈਕੋਰਟ ਨੇ ਇਤਿਹਾਸਿਕ ਥਾਂ ਨੂੰ ਜਿਉਂ ਦਾ ਤਿਉਂ ਰੱਖਣ ਦੇ ਹੁਕਮ ਜਾਰੀ ਕੀਤੇ ਸਨ।

ਨਹੀਂ ਹੋ ਰਹੀ ਸਾਂਭ ਸੰਭਾਲ-ਪਟੀਸ਼ਨਕਰਤਾ

ਪਟੀਸ਼ਨਕਰਤਾ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਸੀ ਕਿ ਨਾ SGPC, ਨਾ ਪੰਜਾਬ ਸਰਕਾਰ ਅਤੇ ਨਾ ਹੀ ਉਸ ਥਾਂ ਦਾ ਮਾਲਕ ਇਸ ਹਵੇਲੀ ਦੀ ਸਾਂਭ ਸੰਭਾਲ ਕਰ ਰਿਹਾ ਹੈ, ਜਿਸ ਕਰਕੇ ਇਸ ਇਤਿਹਾਸਿਕ ਮਹੱਤਤਾ ਵਾਲੀ ਹਵੇਲੀ ਨੂੰ ਨੁਕਸਾਨ ਹੋ ਰਿਹਾ। ਇਸ ਤੋਂ ਇਲਾਵਾ ਪਟੀਸ਼ਨਕਰਤਾ ਨੇ ਕੋਰਟ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਸ ਥਾਂ ਤੇ ਇਸ ਮਹਿਲ ਦੀ ਉਸਾਰੀ ਕਰਵਾਈ ਜਾ ਰਹੀ ਹੈ।

ਕੌਣ ਸੀ ਦੀਵਾਨ ਟੋਡਰ ਮੱਲ

ਦੀਵਾਨ ਟੋਡਰ ਮੱਲ ਦਾ ਨਾਂਅ ਸਿੱਖ ਇਤਿਹਾਸ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਹੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਸਰੀਰਾਂ ਦਾ ਅੰਤਿਮ ਸਸਕਾਰ ਕੀਤਾ ਸੀ। ਜਿਸ ਲਈ ਉਹਨਾਂ ਨੇ ਉਸ ਵੇਲੇ ਦੀ ਹਕੂਮਤ ਤੋਂ ਸਰਹਿੰਦ ਵਿੱਚ ਥਾਂ ਮੁੱਲ ਖਰੀਦਣੀ ਪਈ ਸੀ ਜਿਸ ਥਾਂ ਤੇ ਅੱਜ ਕੱਲ੍ਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ, ਇਹ ਥਾਂ ਖਰੀਦਣ ਲਈ ਟੋਡਰ ਮੱਲ ਨੂੰ ਸੋਨੇ ਦੀਆਂ ਮੋਹਰਾਂ ਖੜੀਆਂ ਕਰਨੀਆਂ ਪਈਆਂ ਸਨ। ਇਹ ਇਤਿਹਾਸਿਕ ਹਵੇਲੀ ਦੀਵਾਨ ਟੋਡਰ ਮੱਲ ਦੀ ਹੀ ਸੀ ਜਿਸ ਨੂੰ ਜਹਾਜ਼ ਹਵੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

Exit mobile version