ਅਮਰਜੀਤ ਚਾਵਲਾ ਜਬਰ-ਜਨਾਹ ਮਾਮਲਾ, SGPC ਪ੍ਰਧਾਨ ਧਾਮੀ ਦਾ ਪਹਿਲਾ ਬਿਆਨ ਆਇਆ ਸਾਹਮਣੇ
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮਾਮਲਾ ਸਾਹਮਣੇ ਆਉਂਦੇ ਹੀ ਅੰਦਰੂਨੀ ਵਿਭਾਗੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਗਈ ਸੀ। ਮੁੱਢਲੀ ਜਾਂਚ ਦੀ ਜ਼ਿੰਮੇਵਾਰੀ ਐਸਜੀਪੀਸੀ ਸਕੱਤਰ ਸਰਦਾਰ ਬਲਵਿੰਦਰ ਸਿੰਘ ਕਾਹਲਵਾਂ ਨੂੰ ਸੌਂਪੀ ਗਈ ਸੀ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਹਾਲੀਆ ਵਿਵਾਦ ਤੇ ਸੋਸ਼ਲ ਮੀਡੀਆ ਤੇ ਉੱਠ ਰਹੇ ਵੱਖ-ਵੱਖ ਸਵਾਲਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਚੁੱਪੀ ਤੋੜਦਿਆਂ ਸਪੱਸ਼ਟ ਕੀਤਾ ਹੈ ਕਿ ਪੂਰੇ ਮਾਮਲੇ ‘ਚ ਕਿਸੇ ਵੀ ਪੱਧਰ ਤੇ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਲਿਆਉਣ ਲਈ 4 ਮੈਂਬਰੀ ਉੱਚ ਪੱਧਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ 15 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪੇਗੀ।
ਵਿਭਾਗੀ ਜਾਂਚ ਤੋਂ ਬਾਅਦ 4 ਮੈਂਬਰੀ ਕਮੇਟੀ ਗਠਿਤ
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮਾਮਲਾ ਸਾਹਮਣੇ ਆਉਂਦੇ ਹੀ ਅੰਦਰੂਨੀ ਵਿਭਾਗੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਗਈ ਸੀ। ਮੁੱਢਲੀ ਜਾਂਚ ਦੀ ਜ਼ਿੰਮੇਵਾਰੀ ਐਸਜੀਪੀਸੀ ਸਕੱਤਰ ਸਰਦਾਰ ਬਲਵਿੰਦਰ ਸਿੰਘ ਕਾਹਲਵਾਂ ਨੂੰ ਸੌਂਪੀ ਗਈ ਸੀ।
ਮਾਮਲੇ ਦੀ ਸੰਵੇਦਨਸ਼ੀਲਤਾ ਤੇ ਗੰਭੀਰਤਾ ਨੂੰ ਦੇਖਦਿਆਂ ਹੁਣ ਇੱਕ ਸੁਤੰਤਰ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ‘ਚ ਸਰਦਾਰ ਬਲਦੇਵ ਸਿੰਘ ਕਾਇਮਪੁਰੀ, ਸਰਦਾਰ ਗੁਰਮੀਤ ਸਿੰਘ ਬੂਹ, ਬੀਬੀ ਗੁਰਿੰਦਰ ਕੌਰ ਭੋਲੂਵਾਲ ਤੇ ਸਰਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਦੇ ਕੋਆਰਡੀਨੇਸ਼ਨ ਦੀ ਜ਼ਿੰਮੇਵਾਰੀ ਸਰਦਾਰ ਬਲਵਿੰਦਰ ਸਿੰਘ ਕਾਹਲਵਾਂ ਨਿਭਾਉਣਗੇ।
ਆਪਣੇ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਧਾਮੀ ਨੇ ਆਪਣੇ ਤੇ ਲੱਗ ਰਹੇ ਦੋਸ਼ਾਂ ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਹ ਸਵਾਲ ਉਠਾਏ ਜਾ ਰਹੇ ਸਨ ਕਿ ਐਸਜੀਪੀਸੀ ਪ੍ਰਧਾਨ ਇਸ ਮਾਮਲੇ ਤੇ ਕਿਉਂ ਨਹੀਂ ਬੋਲ ਰਹੇ। ਉਨ੍ਹਾਂ ਦੋ ਮੁੱਖ ਨੁਕਤਿਆਂ ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮਹਿਲਾ ਨੂੰ ਉੱਥੇ ਕੌਣ ਲੈ ਕੇ ਆਇਆ, ਉਹ ਕਿੱਥੋਂ ਤੇ ਕਿਸ ਤਰ੍ਹਾਂ ਆਈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਇਨ੍ਹਾਂ ਸਾਰੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਉਸ ਦੋਸ਼ ਨੂੰ ਵੀ ਸਫ਼ੈਦ ਝੂਠ ਕਰਾਰ ਦਿੱਤਾ, ਜਿਸ ‘ਚ ਕਿਹਾ ਜਾ ਰਿਹਾ ਸੀ ਕਿ ਮਹਿਲਾ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਕਿਸੇ ਘਟਨਾ ਜਾਂ ਜ਼ਬਰਦਸਤੀ ਸਬੰਧੀ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ
ਧਾਮੀ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਗੱਲ ਉਨ੍ਹਾਂ ਦੇ ਧਿਆਨ ‘ਚ ਲਿਆਂਦੀ ਗਈ ਹੁੰਦੀ ਤਾਂ ਉਹ ਚੁੱਪ ਬੈਠਣ ਵਾਲਿਆਂ ‘ਚੋਂ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਸੰਗਤ ਪ੍ਰਤੀ ਜਵਾਬਦੇਹ ਹਨ ਤੇ ਬੇਬੁਨਿਆਦ ਬਿਆਨਬਾਜ਼ੀ ਕਰਨ ਵਾਲਿਆਂ ਪ੍ਰਤੀ ਨਹੀਂ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹਰ ਸਵਾਲ ਦਾ ਵਿਸਥਾਰ ਨਾਲ ਪ੍ਰੈੱਸ ਕਾਨਫਰੰਸ ਰਾਹੀਂ ਜਵਾਬ ਦਿੱਤਾ ਜਾਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਕਾਰਵਾਈ
ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਾਂ ਤਹਿਤ ਸਖ਼ਤ ਕਦਮ ਚੁੱਕੇ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ‘ਚੋਂ ਛੇਕੇ ਜਾਣ ਤੋਂ ਤੁਰੰਤ ਬਾਅਦ ਗਿਆਨੀ ਮਲਕੀਤ ਸਿੰਘ ਨੂੰ ਵਧੀਕ ਮੁੱਖ ਗ੍ਰੰਥੀ ਦੇ ਅਹੁਦੇ ਤੇ ਸੇਵਾਵਾਂ ਤੋਂ ਤੁਰੰਤ ਪ੍ਰਭਾਵ ਨਾਲ ਮੁਕਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਅਮਰਜੀਤ ਸਿੰਘ ਚਾਵਲਾ ਵੱਲੋਂ ਵੀਡੀਓ ਸੰਦੇਸ਼ ਰਾਹੀਂ ਭੇਜਿਆ ਗਿਆ ਅਸਤੀਫ਼ਾ ਵੀ ਤੁਰੰਤ ਮਨਜ਼ੂਰ ਕਰ ਲਿਆ ਗਿਆ ਹੈ।
ਮਰਿਆਦਾ ਕਾਇਮ ਰੱਖਣ ਤੇ ਨਿਰਪੱਖ ਜਾਂਚ ਦੀ ਅਪੀਲ
ਸੋਸ਼ਲ ਮੀਡੀਆ ਤੇ ਮੀਡੀਆ ਸੰਸਥਾਵਾਂ ਨੂੰ ਸੰਬੋਧਨ ਕਰਦਿਆਂ ਐਸਜੀਪੀਸੀ ਪ੍ਰਧਾਨ ਨੇ ਅਪੀਲ ਕੀਤੀ ਕਿ ਧਾਰਮਿਕ ਤੇ ਸੰਵੇਦਨਸ਼ੀਲ ਮਾਮਲਿਆਂ ‘ਚ ਮਰਿਆਦਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਸਨਸਨੀ ਪੈਦਾ ਕਰਨ ਜਾਂ ਚਰਚਾ ਬਟੋਰਨ ਲਈ ਬਿਨਾਂ ਤੱਥਾਂ ਤੋਂ ਕੋਈ ਗੱਲ ਨਹੀਂ ਫੈਲਾਈ ਜਾਣੀ ਚਾਹੀਦੀ। ਉਨ੍ਹਾਂ ਧਾਰਮਿਕ ਅਹੁਦਿਆਂ ‘ਤੇ ਬਿਰਾਜਮਾਨ ਵਿਅਕਤੀਆਂ ਤੇ ਪ੍ਰਚਾਰਕਾਂ ਨੂੰ ਵੀ ਮਰਿਆਦਾ ਤੇ ਸਤਿਕਾਰ ਕਾਇਮ ਰੱਖਣ ਦੀ ਅਪੀਲ ਕੀਤੀ।
ਧਾਮੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਕਾਨੂੰਨੀ ਜਾਂਚ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਕੀਤੀ ਜਾਵੇ, ਤਾਂ ਜੋ ਸੱਚ ਸਾਹਮਣੇ ਆ ਸਕੇ, ਕਿਸੇ ਬੇਗੁਨਾਹ ਨਾਲ ਬੇਇਨਸਾਫ਼ੀ ਨਾ ਹੋਵੇ ਤੇ ਮਰਿਆਦਾ ਭੰਗ ਕਰਨ ਵਾਲੇ ਦੋਸ਼ੀ ਬਚ ਨਾ ਸਕਣ। ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਦੀ 15 ਦਿਨਾਂ ਬਾਅਦ ਆਉਣ ਵਾਲੀ ਰਿਪੋਰਟ ਦੇ ਆਧਾਰ ਤੇ ਪੂਰੀ ਸਥਿਤੀ ਜਨਤਕ ਕੀਤੀ ਜਾਵੇਗੀ।
