ਅਜਨਾਲਾ ਪੁਲਿਸ ਦੀ ਵੱਡੀ ਕਾਰਵਾਈ, 15 ਕਰੋੜ ਦੀ 3 ਕਿਲੋ ਹੈਰੋਇਨ ਤੇ ਹਥਿਆਰਾਂ ਸਮੇਤ ਨੌਜਵਾਨ ਗ੍ਰਿਫ਼ਤਾਰ

Updated On: 

17 Nov 2026 13:10 PM IST

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਕਾਕੂ ਸਿੰਘ ਵਾਸੀ ਪਿੰਡ ਸਹਿਜਾਦਾ, ਰਮਦਾਸ ਵਜੋਂ ਹੋਈ ਹੈ। ਮੁਲਜ਼ਮ ਕੋਲੋਂ 3 ਕਿਲੋ ਹੈਰੋਇਨ ਤੋਂ ਇਲਾਵਾ 3 ਪਿਸਤੌਲ, ਮੈਗਜ਼ੀਨ ਤੇ 90 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਅਜਨਾਲਾ ਪੁਲਿਸ ਦੀ ਵੱਡੀ ਕਾਰਵਾਈ, 15 ਕਰੋੜ ਦੀ 3 ਕਿਲੋ ਹੈਰੋਇਨ ਤੇ ਹਥਿਆਰਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਸੰਕੇਤਕ ਤਸਵੀਰ

ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅਜਨਾਲਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਇੱਕ ਨੌਜਵਾਨ ਨੂੰ 3 ਕਿਲੋ ਹੈਰੋਇਨ ਤੇ ਭਾਰੀ ਮਾਤਰਾ ‘ਚ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਕਾਕੂ ਸਿੰਘ ਵਾਸੀ ਪਿੰਡ ਸਹਿਜਾਦਾ, ਰਮਦਾਸ ਵਜੋਂ ਹੋਈ ਹੈ। ਮੁਲਜ਼ਮ ਕੋਲੋਂ 3 ਕਿਲੋ ਹੈਰੋਇਨ ਤੋਂ ਇਲਾਵਾ 3 ਪਿਸਤੌਲ, ਮੈਗਜ਼ੀਨ ਤੇ 90 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਬਿਨਾਂ ਨੰਬਰ ਪਲੇਟ ਵਾਲੀ ਇੱਕ ਮੋਟਰਸਾਈਕਲ ਵੀ ਪੁਲਿਸ ਨੇ ਕਬਜ਼ੇ ‘ਚ ਲਈ ਹੈ।

ਗਸ਼ਤ ਦੌਰਾਨ ਪੁਲਿਸ ਦੇ ਹੱਥ ਲੱਗਾ ਮੁਲਜ਼ਮ

ਸੂਤਰਾਂ ਦੀ ਜਾਣਕਾਰੀ ਅਨੁਸਾਰ ਥਾਣਾ ਅਜਨਾਲਾ ਦੇ ਐਸਐਚਓ ਆਪਣੀ ਪੁਲਿਸ ਟੀਮ ਸਮੇਤ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਭਾਲ ਸਬੰਧੀ ਅਜਨਾਲਾ ਤੋਂ ਗੁੱਜਰਪੁਰਾ ਰੋਡ ਵੱਲ ਜਾ ਰਹੇ ਸਨ। ਇਸ ਦੌਰਾਨ ਜਦੋਂ ਪੁਲਿਸ ਪਿੰਡ ਗੁੱਜਰਪੁਰਾ ਨੂੰ ਜਾਣ ਵਾਲੇ ਰਸਤੇ ਨੇੜੇ ਨੈਸ਼ਨਲ ਹਾਈਵੇਅ ਦੇ ਨਿਰਮਾਣ ਅਧੀਨ ਪੁਲ ਹੇਠਾਂ ਪਹੁੰਚੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਬਿਨਾਂ ਨੰਬਰ ਪਲੇਟ ਵਾਲੀ ਕਾਲੇ ਰੰਗ ਦੇ ਮੋਟਰਸਾਈਕਲ ‘ਤੇ ਆਉਂਦਾ ਦਿਖਾਈ ਦਿੱਤਾ।

ਮੋਟਰਸਾਈਕਲ ਫਿਸਲਣ ਕਾਰਨ ਡਿੱਗਿਆ ਨੌਜਵਾਨ

ਪੁਲਿਸ ਸੂਤਰਾਂ ਮੁਤਾਬਕ ਨੌਜਵਾਨ ਨੇ ਆਪਣੀ ਪਿੱਠ ‘ਤੇ ਕਾਲੇ ਰੰਗ ਦਾ ਇੱਕ ਭਾਰੀ ਕਿੱਟ ਬੈਗ ਲਟਕਾਇਆ ਹੋਇਆ ਸੀ। ਕੁਝ ਦੂਰੀ ਅੱਗੇ ਜਾ ਕੇ ਉਸ ਦੀ ਮੋਟਰਸਾਈਕਲ ਫਿਸਲ ਗਈ, ਜਿਸ ਕਾਰਨ ਉਹ ਮੋਟਰਸਾਈਕਲ ਸਮੇਤ ਸੜਕ ‘ਤੇ ਡਿੱਗ ਪਿਆ। ਇਸੇ ਦੌਰਾਨ ਪੁਲਿਸ ਟੀਮ ਨੇ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਹੈਰੋਇਨ ਅਤੇ ਹਥਿਆਰ ਬਰਾਮਦ ਹੋਏ।

ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਪੁਲਿਸ ਨੇ ਮੁਲਜ਼ਮ ਗੁਰਮੀਤ ਸਿੰਘ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਬਰਾਮਦ ਕੀਤੀ ਗਈ ਹੈਰੋਇਨ ਤੇ ਹਥਿਆਰਾਂ ਦੇ ਸਰੋਤ ਤੇ ਇਸ ਪਿੱਛੇ ਸ਼ਾਮਲ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।

Loading...
Unable to load recommendations.
Follow Us