ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਅਮਿਤ ਸ਼ਾਹ ਅਤੇ ਜੇਪੀ ਨੱਡਾ ਨੂੰ ਮਿਲੇ ਮਨਪ੍ਰੀਤ ਬਾਦਲ
ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਵਿੱਚ ਸਨ। ਉੱਥੇ ਹੀ ਸੁਖਬੀਰ ਬਾਦਲ ਦੇ ਵਧਦੇ ਕੱਦ ਨੂੰ ਦੇਖਦੇ ਹੋਏ ਉਨ੍ਹਾਂ ਨੇ ਅਕਾਲੀ ਦਲ ਛੱਡ ਦਿੱਤਾ। ਇਸ ਤੋਂ ਬਾਅਦ ਉਸ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀਪੀਪੀ) ਬਣਾਈ।
ਬੀਤੇ ਕੱਲ੍ਹ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਬਾਅਦ ਅੱਜ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨਾਲ ਮੁਲਾਕਾਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੰਜਾਬ ਨੇ ਭਾਰਤ ਲਈ 400 ਵਾਰ ਹਮਲਿਆਂ ਦਾ ਸਾਹਮਣਾ ਕੀਤਾ ਹੈ। ਉਹ ਪੰਜਾਬ ਨੂੰ ਇਕੱਲੇ ਨਹੀਂ ਛੱਡੇਗਾ। ਪੰਜਾਬ ਨੂੰ ਸੰਭਾਲਣਗੇ ਅਤੇ ਇਸ ਨੂੰ ਸੁਧਾਰਣਗੇ ਅਤੇ ਪੰਜਾਬ ਦੀ ਖੁਸ਼ਹਾਲੀ ਨੂੰ ਇੱਕ ਵਾਰ ਫਿਰ ਤੋਂ ਬਹਾਲ ਕੀਤਾ ਜਾਵੇਗਾ। ਬਾਦਲ ਨੇ ਕਿਹਾ ਕਿ ਗ੍ਰਹਿ ਮੰਤਰੀ ਦੀ ਇਹ ਗੱਲ ਉਨ੍ਹਾਂ ਨੂੰ ਛੂਹ ਗਈ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਮੈਂ ਪੰਜਾਬ ਦੀ ਹਾਲਤ ਤੋਂ ਚਿੰਤਤ ਹਾਂ। ਪੰਜਾਬ ਦੀ ਧਰਤੀ ਸ਼ੇਰਾਂ ਨੂੰ ਜਨਮ ਦੇਣ ਵਾਲੀ ਧਰਤੀ ਹੈ।
ਇਹ ਉਹ ਧਰਤੀ ਹੈ ਜਿਸ ਨੂੰ ਰੱਬ ਨੇ ਹਰ ਖੇਤ ਅਤੇ ਦਰਿਆ ਨੂੰ ਦੁਲਹਨ ਵਾਂਗ ਮਹਿੰਦੀ ਨਾਲ ਸਜਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਤੋਂ ਚਿੰਤਤ ਹਾਂ ਕਿ ਇਸ ਮਾਂ ਧਰਤੀ ਨੂੰ ਮੁਸੀਬਤਾਂ ਨੇ ਘੇਰ ਲਿਆ ਹੈ। ਇੱਥੇ ਬਦਹਾਲੀ, ਗਰੀਬੀ, ਰਿਸ਼ਵਤਖੋਰੀ, ਅਨਪੜ੍ਹਤਾ ਅਤੇ ਨਸ਼ਾਖੋਰੀ ਦਾ ਬੋਲਬਾਲਾ ਹੈ।
ਸੱਤ ਸਾਲ ਪਹਿਲਾਂ ਆਪਣੀ ਪਾਰਟੀ ਦਾ ਰਲੇਵਾਂ ਕੀਤਾ ਸੀ
ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਵਿੱਚ ਸਨ। ਉੱਥੇ ਹੀ ਸੁਖਬੀਰ ਬਾਦਲ ਦੇ ਵਧਦੇ ਕੱਦ ਨੂੰ ਦੇਖਦੇ ਹੋਏ ਉਨ੍ਹਾਂ ਨੇ ਅਕਾਲੀ ਦਲ ਛੱਡ ਦਿੱਤਾ। ਇਸ ਤੋਂ ਬਾਅਦ ਉਸ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀਪੀਪੀ) ਬਣਾਈ। ਹਾਲਾਂਕਿ ਚੋਣ ਵਿੱਚ ਉਹ ਹਾਰ ਗਏ ਸਨ। ਜਿਸ ਤੋਂ ਬਾਅਦ ਉਹ 2017 ‘ਚ ਚੋਣਾਂ ਤੋਂ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਪਾਰਟੀ ਨੂੰ ਕਾਂਗਰਸ ਵਿੱਚ ਰਲੇਵਾਂ ਕਰ ਦਿੱਤਾ। ਜਿਸ ਤੋਂ ਬਾਅਦ ਉਹ ਬਠਿੰਡਾ ਤੋਂ ਚੋਣ ਲੜੇ।
ਪਟਿਆਲਾ ਤੋਂ ਸੰਸਦ ਮੈਂਬਰ ਵੀ ਫੜ ਸਕਦੀ ਹੈ ਭਾਜਪਾ ਦਾ ਪੱਲਾ
ਮਨਪ੍ਰੀਤ ਸਿੰਘ ਬਾਦਲ ਵਾਂਗ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਰਾਹੁਲ ਗਾਂਧੀ ਦੇ ਦੌਰੇ ਤੋਂ ਦੂਰੀ ਬਣਾਈ ਰੱਖੀ। ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਨ ਸਭਾ 29 ਜਨਵਰੀ ਨੂੰ ਪਟਿਆਲਾ ਵਿੱਚ ਹੋਣੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਪ੍ਰਨੀਤ ਕੌਰ ਵੀ ਭਾਜਪਾ ‘ਚ ਸ਼ਾਮਲ ਹੋ ਸਕਦੀ ਹੈ।