ਇੱਕਜੁੱਟ ਹੈ ਪਾਰਟੀ, ਵਰਕਰਾਂ ਵਿੱਚ ਭਾਰੀ ਉਤਸ਼ਾਹ, ਜਲੰਧਰ ‘ਚ AAP MLA-ਅਬਜ਼ਰਵਰਾਂ ਦੀ ਮੀਟਿੰਗ ਤੋਂ ਬਾਅਦ ਬੋਲੇ ਸਿਸੋਦੀਆ

Updated On: 

29 Apr 2026 17:16 PM IST

AAP Observer Meeting in Jalandhar: ਆਮ ਆਮਦੀ ਪਾਰਟੀ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਰਾਜ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸਿੱਧੇ ਲੋਕਾਂ ਤੱਕ ਪਹੁੰਚਾਉਣ ਲਈ ਰਣਨੀਤੀਆਂ ਬਣਾਉਣਾ ਮੁੱਖ ਤੌਰ ਤੇ ਸ਼ਾਮਲ ਹੈ। ਪਾਰਟੀ ਵਰਕਰਾਂ ਨੂੰ 1000 ਤੇ 1500 ਰੁਪਏ ਦੀ ਔਰਤਾਂ ਲਈ ਵਿੱਤੀ ਸਹਾਇਤਾ ਯੋਜਨਾਵਾਂ ਸਮੇਤ ਹੋਰ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਤੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਤੇ ਵੀ ਕੰਮ ਕੀਤਾ ਜਾ ਸਕਦਾ ਹੈ।

ਇੱਕਜੁੱਟ ਹੈ ਪਾਰਟੀ, ਵਰਕਰਾਂ ਵਿੱਚ ਭਾਰੀ ਉਤਸ਼ਾਹ, ਜਲੰਧਰ ਚ AAP MLA-ਅਬਜ਼ਰਵਰਾਂ ਦੀ ਮੀਟਿੰਗ ਤੋਂ ਬਾਅਦ ਬੋਲੇ ਸਿਸੋਦੀਆ

ਆਮ ਆਦਮੀ ਪਾਰਟੀ (AAP) ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਜਲੰਧਰ ਵਿੱਚ ਇੱਕ ਪਾਰਟੀ ਦੇ ਵਿਧਾਇਕਾਂ ਅਤੇ ਅਬਜ਼ਰਵਰਾਂ ਦੀ ਮੀਟਿੰਗ ਬੁਲਾਈ। ਮੀਟਿੰਗ ਲਗਭਗ ਸਾਢੇ ਤਿੰਨ ਘੰਟੇ ਚੱਲੀ। ਸਿਸੋਦੀਆ ਪ੍ਰੈਸ ਕਾਨਫਰੰਸ ਕਰ ਕੇ ਇਸ ਮੀਟਿੰਗ ਬਾਰੇ ਜਾਣਕਾਰੀ ਦੇਣਗੇ। ਮੀਟਿੰਗ ਪਹਿਲਾਂ 1,000 ਬਲਾਕ ਅਬਜ਼ਰਵਰਾਂ ਲਈ ਨਿਰਧਾਰਤ ਕੀਤੀ ਗਈ ਸੀ, ਪਰ ਬਾਅਦ ਵਿੱਚ ਇਸ ਵਿੱਚ ਵਿਧਾਇਕ ਵੀ ਸ਼ਾਮਲ ਹੋਏ। ਵਿਧਾਇਕਾਂ ਨੇ ਇਸਨੂੰ ਨਿਯਮਿਤ ਮੀਟਿੰਗ, ਕੁਝ ਨੇ ਵਿਸ਼ੇਸ਼ ਸੈਸ਼ਨ ਅਤੇ ਕੁਝ ਨੇ ਨਗਰ ਨਿਗਮ ਚੋਣਾਂ ਸੰਬੰਧੀ ਮੀਟਿੰਗ ਦੱਸਿਆ।

ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ, “ਆਪ ਨੇ ਹਰ 15 ਪਿੰਡਾਂ ਜਾਂ ਵਾਰਡਾਂ ਲਈ ਨਿਗਰਾਨ ਨਿਯੁਕਤ ਕੀਤੇ ਹਨ। ਉਨ੍ਹਾਂ ਦਾ ਕੰਮ ਸਮੇਂ-ਸਮੇਂ ‘ਤੇ ਸੰਗਠਨ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਾ, ਉਨ੍ਹਾਂ ਦੇ ਕੰਮ ਅਤੇ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਪਾਰਟੀ ਹਾਈ ਕਮਾਂਡ ਤੱਕ ਪਹੁੰਚਾਉਣਾ ਹੈ। ਇਨ੍ਹਾਂ ਮੁੱਦਿਆਂ ‘ਤੇ ਹਰ 3-4 ਮਹੀਨਿਆਂ ਵਿੱਚ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਇਸ ਵਾਰ ਵੀ, ਨਿਗਰਾਨਾਂ ਨੇ 250,000 ਵਲੰਟੀਅਰਾਂ ਨਾਲ ਮੀਟਿੰਗਾਂ ਕੀਤੀਆਂ ਹਨ। ਅੱਜ ਦੀ ਮੀਟਿੰਗ ਵਿੱਚ ਇਨ੍ਹਾਂ ਮੁੱਦਿਆਂ ‘ਤੇ ਚਰਚਾ ਕੀਤੀ ਗਈ।”

ਇੱਕਜੁੱਟ ਹੈ ਪਾਰਟੀ, ਵਰਕਰਾਂ ਵਿੱਚ ਭਾਰੀ ਉਤਸ਼ਾਹ – ਸਿਸੋਦੀਆ

ਮੀਟਿੰਗ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਬਜ਼ਰਵਰਾਂ ਦੇ ਕੰਮ ਨੂੰ ਲੈ ਕੇ ਮੀਟਿੰਗ ਵਿੱਚ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਬਜ਼ਰਵਰਾਂ ਦਾ ਕੰਮ ਹੈ ਕਿ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਸਰਕਾਰ ਤੱਕ ਪਹੁੰਚਾਉਣ। ਇਹ ਲੋਕ ਸਰਕਾਰ ਅਤੇ ਆਮ ਲੋਕਾਂ ਵਿਚਾਲੇ ਪੁੱਲ ਦਾ ਕੰਮ ਕਰਦੇ ਹਨ। ਇਹ ਅਬਜ਼ਰਵਰ ਲੋਕਾਂ ਨਾਲ ਦੋ-ਦੋ ਦਿਨ ਵੀ ਬਿਤਾ ਕੇ ਆਏ ਹਨ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਅਤੇ ਸੀਐਮ ਮਾਨ ਦੇ ਵਿਜ਼ਨ ਤੇ ਕੰਮ ਕਰਦਿਆਂ ਆਮ ਆਦਮੀ ਪਾਰਟੀ ਲਗਾਤਾਰ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਉਹ ਪਾਰਟੀ ਦੇ ਕੰਮਾਂ ਨੂੰ ਲੋਕਾਂ ਕੋਲ ਲੈ ਕੇ ਜਾ ਰਹੇ ਹਨ।

ਸਾਡੇ ਵਿਧਾਇਕ ਪਾਰਟੀਆਂ ਦੇ ਨਹੀਂ, ਲੋਕਾਂ ਦੇ ਟਚ ‘ਚ ਹਨ – ਸਿਸੋਦੀਆਂ

ਪਾਰਟੀ ਵਿੱਚ ਫੁੱਟ ਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿਸੋਦੀਆ ਨੇ ਕਿਹਾ, “ਸਾਡੇ ਵਿਧਾਇਕ ਸਾਰਿਆਂ ਦੇ ਟਚ ਵਿੱਚ ਹਨ। ਉਹ ਜਨਤਾ ਦੇ ਸਭ ਤੋਂ ਵੱਧ ਟਚ ਵਿੱਚ ਹਨ। ਸਾਡੇ ਵਿਧਾਇਕ ਉਨ੍ਹਾਂ ਲੋਕਾਂ ਦੇ ਟਚ ਵਿੱਚ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣਿਆ ਹੈ। ਉਨ੍ਹਾਂ ਨੇ ਚਾਰ ਸਾਲਾਂ ਲਈ ਲੋਕਾਂ ਲਈ ਕੰਮ ਕੀਤਾ ਹੈ। ਉਹ ਇੱਕ ਸਾਲ ਹੋਰ ਉਨ੍ਹਾਂ ਲਈ ਕੰਮ ਕਰਨਗੇ। ਉਸ ਤੋਂ ਬਾਅਦ, ਉਹ ਦੁਬਾਰਾ ਚੁਣ ਕੇ ਆਉਣਗੇ।”

ਬੀਜੇਪੀ ਨੂੰ ਪਾਰਟੀਆਂ ਤੋੜਣੀਆਂ ਆਉਂਦੀਆਂ ਹਨ – ਸਿਸੋਦੀਆ

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਵਿੱਚ 4 ਸਾਲਾਂ ਵਿੱਚ ਉਹ ਕੰਮ ਕੀਤੇ ਹਨ, ਜਿਹੜੇ 65-70 ਤੱਕ ਕੋਈ ਸਰਕਾਰ ਨਹੀਂ ਕਰ ਸਕੀ। ਬੀਜੇਪੀ ਤੇ ਤਿੱਖਾ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਪਾਰਟੀਆਂ ਤੋੜਣੀਆਂ ਆਉਂਦੀਆਂ ਹਨ, ਉਸਨੂੰ ਦੇਸ਼ ਤੋੜਣਾ ਆਉਂਦਾ ਹੈ, ਈਡੀ, ਸੀਬੀਆਈ ਇਸਤੇਮਾਲ ਕਰਨੀ ਆਉਂਦੀ ਹੈ, ਪਰ ਆਮ ਆਦਮੀ ਪਾਰਟੀ ਅਜਿਹੀਆਂ ਘੱਟੀਆਂ ਚੀਜਾਂ ਤੋਂ ਬਹੁਤ ਦੂਰੀ ਬਣਾ ਕੇ ਰੱਖਦੀ ਹੈ ਅਤੇ ਲੋਕਾਂ ਦੇ ਵਿਕਾਸ ਤੇ ਫੋਕਸ ਕਰ ਰਹੀ ਹੈ।

ਸਿਸੋਦੀਆ ਨੇ ਕਿਹਾ, “ਭਾਜਪਾ ਇੱਕ ਬਹੁਤ ਹੀ ਘਟਿਆ ਅਤੇ ਝੂਠਈ ਪਾਰਟੀ ਹੈ। ਉਸ ਦੀਆਂ ਗੱਲਾਂ ਵਿੱਚ ਨਾ ਆਓ। ਉਸ ਪਾਰਟੀ ਵਿੱਚ ਵੱਖੋ-ਵੱਖ ਪਾਰਟੀਆਂ ਦੇ ਗੱਦਾਰ ਭਰੇ ਹੋਏ ਹਨ। ਮੈਨੂੰ ਦੱਸੋ, ਕੀ ਭਾਜਪਾ ਨੇ ਕਦੇ ਦੇਸ਼ ਵਿੱਚ ਹਸਪਤਾਲ ਖੁਲਵਾਏ ਹਨ? ਕੀ ਇਸਨੇ ਕਦੇ ਕੋਈ ਸਕੂਲ ਬਣਾਇਆ ਹੈ? ਕੀ ਭਾਜਪਾ ਨੇ ਕਦੇ ਇਮਾਨਦਾਰ ਨੌਕਰੀਆਂ ਪੈਦਾ ਕੀਤੀਆਂ ਹਨ? ਕੀ ਇਸਨੇ ਕਾਰੋਬਾਰੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਵਧਾਉਣ ਵਿੱਚ ਮਦਦ ਕੀਤੀ ਹੈ? ਕਿਉਂਕਿ ਭਾਜਪਾ ਨੂੰ ਕੁਝ ਨਹੀਂ ਆਉਂਦਾ। ਉਸਨੂੰ ਸਿਰਫ਼ ਘਟਿਆ ਗੱਲਾਂ ਆਉਂਦੀਆਂ ਹਨ। ਉਨ੍ਹਾਂ ਦੀਆਂ ਗੱਲਾਂ ਵਿੱਚ ਨਾ ਆਓ। ਉਹ ਗੰਦੇ ਲੋਕ ਹਨ।”

ਸੰਗਠਨ ਦੀਆਂ ਮੀਟਿੰਗ ਦੀ ਹੋਈ ਸੱਮੀਖਿਆ – ਦੇਵ ਮਾਨ

ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਕਈ ਮਹੱਤਵਪੂਰਨ ਵਿਸ਼ਿਆਂ ਤੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਹੁਣ ਤੱਕ ਦੀਆਂ ਹੋਈਆਂ ਮੀਟਿੰਗਾਂ ਦੀ ਸੱਮੀਖਿਆ ਕੀਤੀ ਗਈ। ਉਨ੍ਹਾਂ ਨੇ ਗੁਜਰਾਤ ਲੋਕਲ ਬਾਡੀ ਵਿੱਚ ਮਿਲੀ ਕਾਮਯਾਬੀ ਦਾ ਜਿਕਰ ਕਰਦਿਆਂ ਕਿਹਾ ਕਿ ਪਾਰਟੀ ਮਜਬੂਤੀ ਨਾਲ ਲਗਾਤਾਰ ਅੱਗੇ ਜਾ ਰਹੀ ਹੈ। ਵਿਰੋਧੀ ਪਾਰਟੀਆਂ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਆਮ ਆਦਮੀ ਪਾਰਟੀ ਹੀ ਅੱਗੇ ਦਿਖਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ 2027 ਵਿੱਚ ਭਗਵੰਤ ਮਾਨ ਦੀ ਅਗੁਵਾਈ ਵਿੱਚ ਪਾਰਟੀ ਮੁੜ ਤੋਂ ਪੂਰੇ ਬਹੁਮਤ ਨਾਲ ਵਾਪਸੀ ਕਰੇਗੀ।

“ਚੋਣ ਤਿਆਰੀਆਂ ਨੂੰ ਲੈ ਕੇ ਹੋਈ ਮੀਟਿੰਗ”

ਨਕੋਦਰ ਦੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ, “ਇਹ ਮੀਟਿੰਗ ਚਾਰ ਮਹੀਨਿਆਂ ਤੋਂ ਚੱਲ ਰਹੀ ਪ੍ਰਕਿਰਿਆ ਦਾ ਹਿੱਸਾ ਹੈ। ਪੰਜਾਬ ਵਿੱਚ ਇਹ ਚੋਣ ਸਾਲ ਹੈ, ਅਤੇ ਅਸੀਂ ਇਸਦੀ ਤਿਆਰੀ ਕਰ ਰਹੇ ਹਾਂ। ਅਬਜ਼ਰਵਰਾਂ ਨੇ ਹਰ ਗਲੀ ਅਤੇ ਮੁਹੱਲੇ ਵਿੱਚ ਜਾ ਕੇ ਰਿਪੋਰਟ ਤਿਆਰ ਕੀਤੀ ਹੈ। ਇਸੇ ਰਿਪੋਰਟ ਦੇ ਆਧਾਰ ਤੇ ਅੱਗੇ ਵੱਧਿਆ ਜਾਵੇਗਾ।”

ਉਨ੍ਹਾਂ ਕਿਹਾ, “ਸਾਰੇ ਵਿਧਾਇਕ ਅਤੇ ਮੰਤਰੀ ਮੀਟਿੰਗ ਵਿੱਚ ਸ਼ਾਮਲ ਹੋ ਹੋਏ ਹਨ। ਵਿਰੋਧੀ ਧਿਰ ਕੋਲ ਕਹਿਣ ਲਈ ਕੁਝ ਨਹੀਂ ਹੈ। ਉਹ ਆਰੋਪ ਲਗਾ ਰਹੇ ਹਨ। ਇਹ ਪਹਿਲੀ ਮੀਟਿੰਗ ਨਹੀਂ ਹੈ। ਕੁਝ ਦਿਨ ਪਹਿਲਾਂ ਵੀ ਇੱਕ ਮੀਟਿੰਗ ਹੋਈ ਸੀ। ਵਿਰੋਧੀ ਧਿਰ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਪੰਜਾਬ ਕਿਉਂ ਤਰੱਕੀ ਕਰ ਰਿਹਾ ਹੈ ਅਤੇ ਲੋਕ ਕਿਉਂ ਖੁਸ਼ ਹਨ।”

ਮੀਟਿੰਗ ਪਹਿਲਾਂ ਜਲੰਧਰ ਵਿੱਚ ਮੁੱਖ ਮੰਤਰੀ ਨਿਵਾਸ ‘ਤੇ ਤਹਿ ਕੀਤੀ ਗਈ ਸੀ, ਪਰ ਬਾਅਦ ਵਿੱਚ ਸਥਾਨ ਨੂੰ ਸ਼ਾਹਪੁਰ ਸਿਟੀ ਕੈਂਪਸ ਵਿੱਚ ਬਦਲ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਤੋਂ ਪਹਿਲਾਂ, ਵਿਧਾਇਕਾਂ ਅਤੇ ਅਬਜ਼ਰਵਰਾਂ ਨੂੰ ਗੇਮ ਖੇਡਦੇ ਦੇਖਿਆ ਗਿਆ, ਅਤੇ ਵਿਧਾਇਕਾਂ ਨੂੰ ਰੱਸਾਕਸ਼ੀ ਕਰਦੇ ਦੇਖਿਆ ਗਿਆ। ਪਾਰਟੀ ਨੇ ਇਸ ਖੇਡ ਨੂੰ ਆਪਸੀ ਤਾਲਮੇਲ ਵਧਾਉਣ ਅਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਵਰਤਿਆ।

Follow Us