Permanent market: ਸੰਗਰੂਰ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਬਣੇਗੀ ਸਥਾਈ ਮੰਡੀ-ਡੀਸੀ

Updated On: 

08 Mar 2023 10:12:AM

Organic substances: ਆਰਗੈਨਿਕ ਪਦਾਰਥਾਂ ਪ੍ਰਤੀ ਵੱਧ ਰਹੇ ਹੁੰਗਾਰੇ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲਿਆ ਸਥਾਈ ਮੰਡੀ ਬਣਾਉਣ ਦਾ ਫੈਸਲਾ। ਡੀਸੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਦੁਆਰਾ ਬਣਾਏ ਉਤਪਾਦਾਂ ਦੀ ਵਿਕਰੀ ਲਈ ਡੀ.ਸੀ ਕੰਪਲੈਕਸ ਵਿਖੇ ਫਿਲਹਾਲ ਆਰਜ਼ੀ ਤੌਰ ਤੇ ਪਹਿਲ ਮੰਡੀ ਸ਼ੁਰੂ ਕੀਤੀ ਗਈ ਹੈ।

Permanent market: ਸੰਗਰੂਰ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਬਣੇਗੀ ਸਥਾਈ ਮੰਡੀ-ਡੀਸੀ
ਡੀਸੀ ਕੰਪਲੈਕਸ ਵਿਖੇ ਲੱਗੀ ਆਰਜੀ ਮੰਡੀ ਵਿੱਚ ਲੋਕ ਸਵੈ ਸਹਾਇਤਾ ਸਮੂਹਾਂ ਵੱਲੋਂ ਬਣਾਈਆਂ ਗਈਆਂ ਚੀਜਾਂ ਖਰੀਦਦੇ ਹੋਏ।

ਸੰਗਰੂਰ: ਜ਼ਿਲ੍ਹਾ ਵਾਸੀਆਂ ਵੱਲੋਂ ਆਰਗੈਨਿਕ ਪਦਾਰਥਾਂ ਦੀ ਖਰੀਦ ਵੱਲ ਵਧ ਰਹੇ ਰੁਝਾਨ ਨੂੰ ਦੇਖਦਿਆਂ ਆਜੀਵਿਕਾ ਮਿਸ਼ਨ ਤਹਿਤ ਜਲਦੀ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਸਥਾਈ ਤੌਰ ਤੇ ਇੱਕ ਦੁਕਾਨ ਪਹਿਲ ਮੰਡੀ ਦੇ ਵੱਖ-ਵੱਖ ਉਤਪਾਦਾਂ ਦੀ ਵਿਕਰੀ ਲਈ ਸਥਾਪਿਤ ਕੀਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੈਦਾਨ ਵਿਖੇ ਆਰਜ਼ੀ ਤੌਰ ਤੇ ਸਥਾਪਤ ਪਹਿਲ ਮੰਡੀ ਦਾ ਜਾਇਜ਼ਾ ਲੈਂਦਿਆਂ ਸਾਂਝੀ ਕੀਤੀ।

ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦਾ ਉਪਰਾਲਾ-ਡੀਸੀ

ਜੋਰਵਾਲ ਨੇ ਕਿਹਾ ਕਿ ਪ੍ਰਸ਼ਾਸਨ ਦਾ ਮਕਸਦ ਪਿੰਡਾਂ ਦੀਆਂ ਗਰੀਬ ਔਰਤਾਂ ਤੇ ਕਿਸਾਨ ਵੀਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਕਰਨਾ ਹੈ ਜਿਸ ਤਹਿਤ ਪਹਿਲ ਮੰਡੀ ਅਜਿਹੇ ਲੋੜਵੰਦਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਅਕਾਲ ਡਿਗਰੀ ਕਾਲਜ ਨੇੜੇ ਖਾਲੀ ਮੈਦਾਨ ਵਿੱਚ ਅਤੇ ਐਤਵਾਰ ਨੂੰ ਬੀ.ਐਸ.ਐਨ.ਐਲ ਪਾਰਕ ਵਿੱਚ ਲੱਗ ਰਹੀ ਪਹਿਲ ਮੰਡੀ ਵਿੱਚ ਖਰੀਦਦਾਰਾਂ ਦੀ ਵਧ ਰਹੀ ਹੈ। ਇਸ ਕਾਰਨ ਡੀ.ਸੀ ਕੰਪਲੈਕਸ ਵਿਖੇ ਵੀ ਸੋਮਵਾਰ ਤੋਂ ਸ਼ੁਕਰਵਾਰ ਤੱਕ ਦੇ ਸਮੇਂ ਲਈ ਪਹਿਲ ਮੰਡੀ ਰਾਹੀਂ ਵੱਖ-ਵੱਖ ਸਵੈ ਸਹਾਇਤਾ ਸਮੂਹ ਹੱਥੀਂ ਤਿਆਰ ਕੀਤੇ ਸਮਾਨ ਦੀ ਵਿਕਰੀ ਕਰਨਗੇ।

‘ਖਰੀਦਦਾਰ ਲਈ ਆਪਸੀ ਤਾਲਮੇਲ ਮਜ਼ਬੂਤ ਕਰਨ ਦਾ ਉਪਰਾਲਾ’

ਉਨ੍ਹਾਂ ਦੱਸਿਆ ਕਿ ਪਹਿਲੇ ਹੀ ਦਿਨ ਇਨ੍ਹਾਂ ਵਿਕਰੇਤਾਵਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਪ੍ਰਸ਼ਾਸਨ ਨੇ ਆਜੀਵਿਕਾ ਮਿਸ਼ਨ ਤਹਿਤ ਇਨ੍ਹਾਂ ਸਮੂਹਾਂ ਦੇ ਆਰਥਿਕ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਪਹਿਲ ਮੰਡੀ ਨੂੰ ਕੰਪਲੈਕਸ ਵਿਖੇ ਹੀ ਇੱਕ ਦੁਕਾਨ ਦੇ ਮਾਧਿਅਮ ਰਾਹੀਂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਆਉਣ ਵਾਲੇ ਕੁਝ ਦਿਨਾਂ ਵਿੱਚ ਇਸ ਦੀ ਰਸਮੀ ਤੌਰ ਤੇ ਸ਼ੁਰੂਆਤ ਕਰ ਦਿੱਤੀ ਜਾਵੇਗੀ ਤਾਂ ਜੋ ਵਿਕ੍ਰੇਤਾਵਾਂ ਤੇ ਖਰੀਦਦਾਰਾਂ ਵਿਚਾਲੇ ਆਪਸੀ ਤਾਲਮੇਲ ਹੋਰ ਮਜ਼ਬੂਤ ਹੋ ਸਕੇ ਅਤੇ ਲੋਕਾਂ ਨੂੰ ਵੀ ਸਾਫ਼ ਸੁਥਰਾ ਸਮਾਨ ਮਿਲ ਸਕੇ।

ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਸਮਾਨ ਵੇਚਿਆ ਜਾਂਦਾ-ਡੀਸੀ

ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਵੱਖ ਵੱਖ ਕਿਸਮਾਂ ਦੇ ਆਚਾਰ, ਮੁਰੱਬੇ, ਸ਼ਹਿਦ, ਡਿਟਰਜੈਂਟ ਪਾਊਡਰ, ਬਦਾਮਾਂ, ਸਰੋਂ ਅਤੇ ਨਾਰੀਅਲ ਦਾ ਕੋਲਡ ਪ੍ਰੈਸਡ ਤੇਲ ਆਦਿ ਸਮੇਤ ਹੋਰ ਸਮਾਨ ਵਿਕਰੀ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ। ਆਰਗੈਨਿਕ ਪਦਾਰਥਾਂ ਪ੍ਰਤੀ ਵੱਧ ਰਹੇ ਹੁੰਗਾਰੇ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਸਵੈ ਸਹਾਇਤਾ ਸਮੂਹਾਂ ਦੁਆਰਾ ਬਣਾਏ ਉਤਪਾਦਾਂ ਦੀ ਵਿਕਰੀ ਲਈ ਡੀ.ਸੀ ਕੰਪਲੈਕਸ ਵਿਖੇ ਫਿਲਹਾਲ ਆਰਜ਼ੀ ਤੌਰ ਤੇ ਪਹਿਲ ਮੰਡੀ ਸ਼ੁਰੂ ਕੀਤੀ ਜਾ ਰਹੀ ਹੈ।ਇਸਨੂੰ ਇਕ ਚੰਗੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਅੰਜਲੀ ਸਿੰਘ, ਮੇਘਾ ਚੌਧਰੀ, ਰਜਿੰਦਰ ਕੁਮਾਰ, ਵਿਕਾਸ ਸਿੰਗਲਾ ਤੋਂ ਇਲਾਵਾ ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਵੀ ਹਾਜ਼ਰ ਸਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us On

Published: 08 Mar 2023 10:12:AM

Latest News