ਬਹਿਬਲਕਲਾਂ ਇਨਸਾਫ ਮੋਰਚੇ ਵਿਚ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ
ਬਹਿਬਲਕਲਾਂ ਇਨਸਾਫ ਮੋਰਚੇ ਵਿਚ ਵੱਡੀ ਗਿਣਤੀ ਇਕ ਪਹੁੰਚੀਆਂ ਸੰਗਤਾਂ, ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਅਣਮਿੱਥੇ ਸਮੇ ਤੱਕ ਹਾਈਵੇ ਜਾਮ ਕੀਤੇ ਜਾਣ ਦਾ ਕੀਤਾ ਐਲਾਨ
ਬਹਿਬਲ ਕਲਾਂ ਇਨਸਾਫ ਮੋਰਚੇ ਦੇ ਵਲੋਂ ਆਪਣੇ ਕੁਝ ਦਿਨ ਪਹਿਲਾਂ ਕੀਤੇ ਐਲਾਨ ਮੁਤਾਬਿਕ ਨੈਸ਼ਨਲ ਹਾਈਵੇ-54 (ਬਠਿੰਡਾ ਅੰਮ੍ਰਿਤਸਰ ਹਾਈਵੇ) ਨੂੰ ਪੱਕੇ ਤੇ ਤੌਰ ਬੰਦ ਕਰ ਦਿੱਤਾ ਗਿਆ ਹੈ। ਬਾਅਦ ਦੁਪਿਹਰ ਸਟੇਜ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਦੋਵੇਂ ਪਾਸਿਆਂ ਦੀ ਸੜਕ ਬੰਦ ਰਹੇਗੀ। ਸਵੇਰੇ ਪ੍ਰਦਰਸ਼ਨਕਾਰੀਆਂ ਵੱਲੋਂ ਜਾਮ ਲਗਾਉਣ ਲਈ ਇਕ ਸਾਈਡ ਉੱਤੇ ਟੈਂਟ ਲਗਾਇਆ ਗਿਆ ਸੀ। ਦੁਪਹਿਰ ਕਰੀਬ 12 ਵਜੇ ਐਲਾਨ ਸੀ ਕਿ ਕੌਮੀ ਮਾਰਗ ਬੰਦ ਕੀਤਾ ਜਾਵੇਗਾ ਤੇ ਇਸ ਫੈਸਲੇ ਨੂੰ ਦੁਪਹਿਰ ਤੋਂ ਬਾਅਦ ਲਾਗੂ ਕਰ ਦਿੱਤਾ ਗਿਆ। ਮੋਰਚੇ ਦਾ ਇਹ ਵੀ ਐਲਾਨ ਹੈ ਕਿ ਹੁਣ ਸਰਕਾਰ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਹੋਵੇਗਾ।
ਪਹਿਲਾਂ ਖਰਾਬ ਮੌਸਮ ਦੇ ਚਲਦੇ ਖੋਲ੍ਹਿਆ ਸੀ ਜਾਮ
ਇਹ ਵੀ ਯਾਦ ਰਹੇ ਕਿ ਪਹਿਲਾਂ ਵੀ ਸੰਗਤ ਨੇ ਨੈਸ਼ਨਲ ਹਾਈਵੇ ਮੁਕੰਮਲ ਜਾਮ ਕੀਤਾ ਸੀ, ਪਰ ਖਰਾਬ ਮੌਸਮ ਦੇ ਚਲਦੇ ਕਿਸੇ ਵੀ ਤਰਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਏ ਇਸ ਦੇ ਮੱਦੇਨਜ਼ਰ ਨੈਸ਼ਨਲ ਹਾਈਵੇ 54 ਤੇ ਲਗਾਇਆ ਗਿਆ ਜਾਮ ਖੋਲ੍ਹ ਦਿੱਤਾ ਗਿਆ ਸੀ ਅਤੇ ਸਰਕਾਰ ਨੂੰ 31 ਜਨਵਰੀ 2023 ਤੱਕ ਇਨਸਾਫ ਦੇਣ ਦਾ ਅਲਟੀਮੇਟਮ ਦਿੱਤਾ ਗਿਆ ਸੀ।ਪਰ ਅੱਜ ਤੋਂ ਇਹ ਜਾਮ ਅਣਮਿੱਥੇ ਸਮੇ ਲਈ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਮੋਰਚੇ ਦੇ ਆਗੂ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਕਿਹਾ ਹੈ ਕਿ ਸਾਨੂੰ ਸਰਕਾਰ ਦੇ ਇਥੇ ਆਉਣ ਨਾਲ ਕੋਈ ਮਤਲਬ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਬਿਨ੍ਹਾਂ ਦੇਰੀ ਇਸ ਮਸਲੇ ਦਾ ਹੱਲ ਕਰੇ।
ਅਣਮਿੱਥੇ ਸਮੇਂ ਲਈ ਖੋਲ੍ਹਿਆ ਮੋਰਚਾ
ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਸਾਡਾ ਮੋਰਚਾ ਅਣਮਿੱਥੇ ਸਮੇਂ ਲਈ ਲਾਇਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕਈ ਸਰਕਾਰਾਂ ਬਦਲ ਗਈਆਂ ਹਨ, ਪਰ ਇਨਸਾਫ ਕਿਸੇ ਕੋਲੋਂ ਨਹੀਂ ਮਿਲਿਆ ਹੈ। ਸੁਖਰਾਜ ਨੇ ਕਿਹਾ ਕਿ ਸਰਕਾਰਾਂ ਹਮੇਸ਼ਾ ਇਹੋ ਗੱਲ ਕਰਦੀਆਂ ਹਨ ਕਿ ਅਸੀਂ ਕੰਮ ਕਰ ਰਹੇ ਹਾਂ ਪਰ ਜ਼ਮੀਨੀ ਪੱਧਰ ਉਤੇ ਕੋਈ ਕਾਰਵਾਈ ਨਹੀਂ ਹੁੰਦੀ। ਸੁਖਰਾਜ ਨੇ ਆਮ ਆਮੀ ਪਾਰਟੀ ਨੂੰ ਨਿਸ਼ਾਨੇ ਉਤੇ ਲੈਂਦਿਆਂ ਕਿਹਾ ਕਿ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ 24 ਘੰਟਿਆਂ ਵਿਚ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦਾ ਇਨਸਾਫ ਮਿਲੇਗਾ ਪਰ ਇਸ ਤਰ੍ਹਾਂ ਦਾ ਕੁੱਝ ਨਹੀਂ ਹੋਇਆ।
ਵੱਡੀ ਗਿਣਤੀ ਇਕ ਪਹੁੰਚੀਆਂ ਸੰਗਤਾਂ
ਉਨ੍ਹਾਂ ਕਿਹਾ ਕਿ ਅਸੀਂ ਪ੍ਰੈੱਸ ਕਾਨਫਰੰਸ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਜੇਕਰ ਸਾਨੂੰ ਕੋਈ ਇਨਸਾਫ ਮਿਲਦਾ ਹੈ ਤਾਂ ਠੀਕ ਨਹੀਂ ਤਾਂ ਅਸੀਂ 5 ਫਰਵਰੀ ਨੂੰ ਪੱਕਾ ਮੋਰਚਾ ਲਾਵਾਂਗੇ। ਸੁਖਰਾਜ ਸਿੰਘ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਸਾਨੂੰ ਆ ਕੇ ਹਦਾਇਤ ਕਰ ਕੇ ਅੱਧਾ ਰਸਤਾ ਦੇਣ ਦੀ ਗੱਲ ਕਹੇ, ਜੇਕਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੋਰਚੇ ਵਿਚ ਆਉਂਦਾ ਹੈ ਤਾਂ ਸਾਡੇ ਮਸਲੇ ਦਾ ਹੱਲ ਲੈ ਕੇ ਆਵੇ। ਉਧਰ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਏ.ਡੀ.ਜੀ.ਪੀ ਐੱਲ ਕੇ ਯਾਦਵ ਵਲੋਂ ਇਕ ਬਿਆਨ ਜਾਰੀ ਕਰ ਕਿਹਾ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਮਾਮਲੇ ਸਬੰਧੀ ਕੋਈ ਹੋਰ ਜਾਣਕਾਰੀ ਹੈ।
ਉਹ ਨਿੱਜੀ ਤੌਰ ‘ਤੇ 10 ਫਰਵਰੀ ਜਾਂ 14 ਫਰਵਰੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਪੁਲਿਸ ਹੈੱਡਕੁਆਰਟਰ ਉਨ੍ਹਾਂ ਨੂੰ ਮਿਲ ਕੇ ਸਾਂਝੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਦੀ ਘਟਨਾ 14 ਅਕਤੂਬਰ, 2015 ਨੂੰ ਵਾਪਰੀ ਸੀ। ਉਨ੍ਹਾਂ ਕਿਹਾ ਕਿ ਲੋਕ ਇਸ ਸਬੰਧੀ ਵਟਸਐਪ ਨੰਬਰ 9875983237 ‘ਤੇ ਮੈਸੇਜ ਭੇਜ ਕੇ ਜਾਂ ਆਈ.ਡੀ. newsit2021kotkapuracase@gmail.com ‘ਤੇ ਈਮੇਲ ਕਰਕੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ।