ਸੋਲਰ ਊਰਜਾ ਨਾਲ ਰੁਸ਼ਨਾਉਣਗੇ ਜਲੰਧਰ ਚ 40 ਸਰਕਾਰੀ ਸਕੂਲ : ਡਿਪਟੀ ਕਮਿਸ਼ਨਰ

Published: 

18 Jan 2023 11:23 AM

ਸਕੂਲੀ ਇਮਾਰਤਾਂ ਨੂੰ ਬਿਜਲੀ ਉਤਪਾਦਨ ਚ ਆਤਮ ਨਿਰਭਰ ਬਣਾਉਣ ਲਈ ਵਿਸ਼ੇਸ਼ ਪਹਿਲ। ਹੁਣ ਤੱਕ 40 ਸਕੂਲਾਂ ਦੀ ਚੋਣ ਕੀਤੀ ਗਈ ਹੈ।

ਸੋਲਰ ਊਰਜਾ ਨਾਲ ਰੁਸ਼ਨਾਉਣਗੇ ਜਲੰਧਰ ਚ 40 ਸਰਕਾਰੀ ਸਕੂਲ : ਡਿਪਟੀ ਕਮਿਸ਼ਨਰ
Follow Us On

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪਹਿਲਕਦਮੀ ਤਹਿਤ ਜ਼ਿਲ੍ਹੇ ਦੀਆਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਪਹਿਲੇ ਪੜਾਅ ਅਧੀਨ 40 ਸਕੂਲਾਂ ਦੀ ਚੋਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ ਗੈਰ-ਸਰਕਾਰੀ ਸੰਸਥਾ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ ਅਤੇ 60 ਲੱਖ ਰੁਪਏ ਦੀ ਲਾਗਤ ਨਾਲ 40 ਕਿਲੋਵਾਟ ਦੀ ਸਮਰੱਥਾ ਵਾਲੇ 11 ਰੂਫ ਟਾਪ ਸੋਲਰ ਪੈਨਲ ਪਹਿਲਾਂ ਹੀ ਸਥਾਪਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਪੈਨਲ ਸਫ਼ਲਤਾ ਪੂਰਵਕ ਪਿੰਡ ਜਮਸ਼ੇਰ, ਬਿਨਪਾਲਕੇ, ਬੱਲ, ਪਚਰੰਗਾ, ਵਰਿਆਣਾ, ਚੂਹੜਵਾਲੀ, ਕਲਿਆਣਪੁਰ, ਢੀਂਡਸਾ, ਨੱਥੇਵਾਲ ਅਤੇ ਗੋਪਾਲਪੁਰ ਦੇ ਸਰਕਾਰੀ ਸਕੂਲਾਂ ਵਿੱਚ ਲਗਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਰਹਿੰਦੇ 29 ਸਕੂਲਾਂ ਵਿੱਚ ਸੋਲਰ ਪੈਨਲ ਜਲਦ ਲਗਾਏ ਜਾ ਰਹੇ ਹਨ ਅਤੇ ਅਗਲੇ ਪੜਾਅ ਦੌਰਾਨ ਇਨ੍ਹਾਂ 40 ਸਕੂਲਾਂ ਵਿੱਚ ਜ਼ਮੀਨਦੋਜ਼ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸਥਾਪਤ ਕੀਤੇ ਜਾਣਗੇ।ਦੱਸ ਦੇਈਏ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਹੋਰ ਵੀ ਬਹੁਤ ਮਦਦ ਮਿਲੇਗੀ ਅਤੇ ਸੋਲਰ ਪੈਨਲ ਲਗਾਉਣ ਨਾਲ ਜਿੱਥੇ ਬਿਜਲੀ ਦੀ ਸਮੱਸਿਆ ਘੱਟ ਹੋਵੇਗੀ, ਉੱਥੇ ਹੀ ਗਰਮੀਆਂ ਵਿੱਚ ਬਿਜਲੀ ਦੇ ਕੱਟਾਂ ਤੋਂ ਵੀ ਰਾਹਤ ਮਿਲੇਗੀ, ਜਿਸ ਨਾਲ ਸਿੱਖਿਆ ਲੈ ਰਹੇ ਬੱਚੇ ਪ੍ਰਭਾਵਿਤ ਨਹੀਂ ਹੋਣਗੇ।

ਰੂਫ਼ ਟਾਪ ਸੋਲਰ ਸਿਸਟਮ ਪਾਵਰ ਬੈਕਅਪ ਸਹੂਲਤ ਨਾਲ ਲੈਸ

ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਦੇ ਕਾਰਜਕਾਰੀ ਟ੍ਰੇਨੀ ਬਾਨੀ ਸਿੰਘ ਅਤੇ ਕਮਿਊਨਟੀ ਫੈਸਿਲੀਟੇਟਰ ਸਾਧੂ ਰਾਮ ਨੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਅਗਵਾਈ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਸਹਿਯੋਗ ਦੇਣ ਲਈ ਡਿਪਟੀ ਕਮਿਸ਼ਨਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰੂਫ਼ ਟਾਪ ਸੋਲਰ ਸਿਸਟਮ ਨੂੰ ਪਾਵਰ ਬੈਕਅਪ ਸਹੂਲਤ ਨਾਲ ਲੈਸ ਕੀਤਾ ਗਿਆ ਹੈ ਜੋ ਕਿ ਇਨ੍ਹਾਂ ਸਕੂਲਾਂ ਨੂੰ ਮੁਕੰਮਲ ਤੌਰ ਤੇ ਬਿਜਲੀ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਏਗਾ। ਉਨ੍ਹਾਂ ਕਿਹਾ ਕਿ ਇਹ ਸੋਲਰ ਪੈਨਲ ਲੱਗਣ ਤੋਂ ਤੁਰੰਤ ਬਾਅਦ ਇਨ੍ਹਾਂ ਸਕੂਲਾਂ ਵਿਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਗਿਆ ਕਿ ਫਾਊਂਡੇਸ਼ਨ ਵੱਲੋਂ ਸਿਵਲ ਹਸਪਤਾਲ ਨੂੰ ਬਲੱਡ ਟਰਾਂਸਪੋਰਟ ਵਹੀਕਲ ਮੁਹੱਈਆ ਕਰਵਾਉਣ ਲਈ ਪ੍ਰਕਿਰਿਆ ਆਰੰਭੀ ਗਈ ਹੈ, ਜਿਸ ਸਦਕਾ ਜ਼ਿਲ੍ਹੇ ਵਿੱਚ ਖੂਨ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣ ਵਿੱਚ ਬਹੁਤ ਅਸਾਨੀ ਹੋਵੇਗੀ।

ਆਈਸੀਆਈਸੀਆਈ ਫਾਊਂਡੇਸ਼ਨ ਆਰਥਿਕ ਸਥਿਤੀ ਨੂੰ ਬਦਲਣ ਲਈ ਕਰ ਰਹੀ ਉਪਰਾਲੇ

ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਆਈ.ਸੀ.ਆਈ.ਸੀ.ਆਈ.ਫਾਊਂਡੇਸ਼ਨ ਵਲੋਂ ਸੀ.ਐਸ.ਆਰ.ਤਹਿਤ ਸਮਾਜਿਕ-ਆਰਥਿਕ ਬਦਲਾਅ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੰਸਥਾ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਵਿਕਾਸ ਅਤੇ ਭਲਾਈ ਦੇ ਪ੍ਰੋਗਰਾਮਾਂ ਨਾਲ ਜੁੜੀ ਹੋਈ ਹੈ ਅਤੇ ਇਹ ਪ੍ਰਾਜੈਕਟ ਸੂਲਰ ਊਰਜਾ ਦੇ ਖੇਤਰ ਵਿੱਚ ਵੱਡਾ ਮੀਲ ਪੱਥਰ ਸਾਬਿਤ ਹੋਵੇਗਾ।ਆਈਸੀਆਈਸੀਆਈ ਫਾਊਂਡੇਸ਼ਨ ਆਉਣ ਵਾਲੇ ਸਮੇਂ ਵਿੱਚ ਹੋਰ ਉਪਰਾਲੇ ਕਰਕੇ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ ਬਦਲਣ ਲਈ ਆਪਣੇ ਯਤਨ ਜਾਰੀ ਰੱਖੇਗੀ।