ਸੋਲਰ ਊਰਜਾ ਨਾਲ ਰੁਸ਼ਨਾਉਣਗੇ ਜਲੰਧਰ ਚ 40 ਸਰਕਾਰੀ ਸਕੂਲ : ਡਿਪਟੀ ਕਮਿਸ਼ਨਰ
ਸਕੂਲੀ ਇਮਾਰਤਾਂ ਨੂੰ ਬਿਜਲੀ ਉਤਪਾਦਨ ਚ ਆਤਮ ਨਿਰਭਰ ਬਣਾਉਣ ਲਈ ਵਿਸ਼ੇਸ਼ ਪਹਿਲ। ਹੁਣ ਤੱਕ 40 ਸਕੂਲਾਂ ਦੀ ਚੋਣ ਕੀਤੀ ਗਈ ਹੈ।

ਕੱਟ ਗਈ ਬਿਜਲੀ ਤਾਂ ਵੀ ਚੱਲੇਗਾ ਪੱਖਾ-ਲਾਈਟ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪਹਿਲਕਦਮੀ ਤਹਿਤ ਜ਼ਿਲ੍ਹੇ ਦੀਆਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਪਹਿਲੇ ਪੜਾਅ ਅਧੀਨ 40 ਸਕੂਲਾਂ ਦੀ ਚੋਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਾਜੈਕਟ ਗੈਰ-ਸਰਕਾਰੀ ਸੰਸਥਾ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ ਅਤੇ 60 ਲੱਖ ਰੁਪਏ ਦੀ ਲਾਗਤ ਨਾਲ 40 ਕਿਲੋਵਾਟ ਦੀ ਸਮਰੱਥਾ ਵਾਲੇ 11 ਰੂਫ ਟਾਪ ਸੋਲਰ ਪੈਨਲ ਪਹਿਲਾਂ ਹੀ ਸਥਾਪਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਪੈਨਲ ਸਫ਼ਲਤਾ ਪੂਰਵਕ ਪਿੰਡ ਜਮਸ਼ੇਰ, ਬਿਨਪਾਲਕੇ, ਬੱਲ, ਪਚਰੰਗਾ, ਵਰਿਆਣਾ, ਚੂਹੜਵਾਲੀ, ਕਲਿਆਣਪੁਰ, ਢੀਂਡਸਾ, ਨੱਥੇਵਾਲ ਅਤੇ ਗੋਪਾਲਪੁਰ ਦੇ ਸਰਕਾਰੀ ਸਕੂਲਾਂ ਵਿੱਚ ਲਗਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਰਹਿੰਦੇ 29 ਸਕੂਲਾਂ ਵਿੱਚ ਸੋਲਰ ਪੈਨਲ ਜਲਦ ਲਗਾਏ ਜਾ ਰਹੇ ਹਨ ਅਤੇ ਅਗਲੇ ਪੜਾਅ ਦੌਰਾਨ ਇਨ੍ਹਾਂ 40 ਸਕੂਲਾਂ ਵਿੱਚ ਜ਼ਮੀਨਦੋਜ਼ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸਥਾਪਤ ਕੀਤੇ ਜਾਣਗੇ।ਦੱਸ ਦੇਈਏ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਹੋਰ ਵੀ ਬਹੁਤ ਮਦਦ ਮਿਲੇਗੀ ਅਤੇ ਸੋਲਰ ਪੈਨਲ ਲਗਾਉਣ ਨਾਲ ਜਿੱਥੇ ਬਿਜਲੀ ਦੀ ਸਮੱਸਿਆ ਘੱਟ ਹੋਵੇਗੀ, ਉੱਥੇ ਹੀ ਗਰਮੀਆਂ ਵਿੱਚ ਬਿਜਲੀ ਦੇ ਕੱਟਾਂ ਤੋਂ ਵੀ ਰਾਹਤ ਮਿਲੇਗੀ, ਜਿਸ ਨਾਲ ਸਿੱਖਿਆ ਲੈ ਰਹੇ ਬੱਚੇ ਪ੍ਰਭਾਵਿਤ ਨਹੀਂ ਹੋਣਗੇ।