ਪੁਲਿਸ ਨੇ ਚਾਰ ਦਿਨਾਂ ਵਿਚ ਕਾਬੂ ਕੀਤੇ ਬੈੱਕ ਵਿੱਚ 20 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਲੁਟੇਰੇ
ਲੁਟੇਰਿਆਂ ਨੇ ਬੀਤੀ 16 ਫਰਵਰੀ ਨੂੰ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਕੈਂਟ ਰਾਣੀ ਕਾ ਬਾਗ ਵਿਖੇ 20 ਲੱਖ ਰੁਪਏ ਲੁੱਟ ਲਏ ਸਨ। ਉਹਨਾਂ ਨੇ ਲਾਇਸੰਸੀ ਹਥਿਆਰ ਨਾਲ ਇਹ ਲੁੱਟ ਖੋਹ ਕੀਤੀ ਸੀ।
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ‘ਚ ਬੈਂਕ ਡਕੈਤੀ ਦਾ ਮਾਮਲਾ ਪੁਲਿਸ ਨੇ ਚਾਰ ਦਿਨਾਂ ‘ਚ ਸੁਲਝਾ ਲਿਆ ਹੈ। ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀ ਪੂਰੀ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਕਰਨ ਵਿਚ ਜੁਟੇ ਹੋਏ ਹਨ। ਦੁਪਹਿਰ ਤੱਕ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਆਈ ਪੀ ਐਸ ਜਸਕਰਨ ਸਿੰਘ ਪ੍ਰੈਸ ਕਾਨਫਰੰਸ ਕਰਕੇ ਸਾਰੀ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨਗੇ। ਗ੍ਰਿਫਤਾਰ ਕੀਤੇ ਲੁਟੇਰਿਆਂ ਨੇ ਬੀਤੀ 16 ਫਰਵਰੀ ਨੂੰ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਕੈਂਟ ਰਾਣੀ ਕਾ ਬਾਗ ਵਿਖੇ 20 ਲੱਖ ਰੁਪਏ ਲੁੱਟ ਲਏ ਸਨ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਲਾਇਸੰਸੀ ਹਥਿਆਰ ਨਾਲ ਇਹ ਲੁੱਟ ਖੋਹ ਕੀਤੀ ਸੀ।
ਘਟਨਾ ਵੇਲੇ ਬੈਂਕ ਵਿਚ ਕੋਈ ਸੁਰੱਖਿਆ ਗਾਰਡ ਨਹੀਂ ਸੀ ਮੌਜੂਦ
ਜ਼ਿਕਰਯੋਗ ਹੈ ਕਿ ਪੰਜਾਬ ਦੇ ਅੰਮ੍ਰਿਤਸਰ ‘ਚ ਬੀਤੇ ਵੀਰਵਾਰ ਨੂੰ ਦੋ ਲੁਟੇਰਿਆਂ ਚਿੱਟੇ ਰੰਗ ਦੀ ਸਕੂਟੀ ‘ਤੇ ਆਏ ਪੰਜਾਬ ਨੈਸ਼ਨਲ ਬੈਂਕ ‘ਚ ਦਾਖਲ ਹੋ ਕੇ ਕੁਝ ਹੀ ਮਿੰਟਾਂ ‘ਚ ਬੈਂਕ ‘ਚੋਂ 22 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ | ਘਟਨਾ ਵਾਲੇ ਦਿਨ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਨਹੀਂ ਸੀ ਜਿਸ ਦਾ ਫਾਈਦਾ ਉਠਾ ਕੇ ਲੁਟੇਰੇ ਹਥਿਆਰ ਨਾਲ ਲੈਸ ਹੋ ਕੇ ਦੁਪਹਿਰ ਵੇਲੇ ਬੈਂਕ ਅੰਦਰ ਦਾਖਲ ਹੋ ਗਏ ਅਤੇ ਬੈਂਕ ਵਿਚ ਮੌਜੂਦ ਬੈਂਕ ਮੁਲਾਜ਼ਮਾਂ ਅਤੇ ਹੋਰ ਲੋਕਾਂ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਦਿੱਤੀਆਂ। ਲੁਟੇਰਿਆਂ ਵੱਲੋਂ ਬੈਂਕ ਦੇ ਕੈਸ਼ੀਅਰ ਉਪਰ ਪਿਸਤੌਲ ਤਾਣ ਕੇ ਬੈਂਕ ਵਿਚ ਪਈ ਸਾਰੀ ਨਕਦੀ ਲੁੱਟ ਲਈ ਜੋ ਕਿ ਕਰੀਬ 22 ਲੱਖ ਰੁਪਏ ਸਨ। ਉਸ ਵੇਲੇ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਮੁਖਵਿੰਦਰ ਸਿੰਘ ਨੇ ਲੁਟੇਰਿਆਂ ਨੂੰ ਜਲਦ ਫੜਨ ਦਾ ਵੀ ਦਾਅਵਾ ਕੀਤਾ ਸੀ।
ਸੀਸੀਟੀਵੀ ਵਿੱਚ ਰਿਕਾਰਡ ਹੋਈ ਘਟਨਾ
ਦੱਸ ਦੇਈਏ ਕਿ ਜਿਸ ਪੀਐਨਬੀ ਸ਼ਾਖਾ ਵਿਚ ਲੁੱਟ ਦੀ ਇਹ ਘਟਨਾ ਵਾਪਰੀ ਸੀ, ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਡੀਸੀਪੀ (ਲਾਅ ਐਂਡ ਆਰਡਰ) ਪਰਮਿੰਦਰ ਸਿੰਘ ਭੰਡਾਲ ਦਾ ਦਫ਼ਤਰ ਇਸ ਬੈਂਕ ਤੋਂ 100 ਮੀਟਰ ਅਤੇ ਪੁਲਿਸ ਕਮਿਸ਼ਨਰ (ਸੀਪੀ) ਜਸਕਰਨ ਸਿੰਘ ਦੇ ਦਫ਼ਤਰ ਤੋਂ 500 ਮੀਟਰ ਦੂਰ ਹੈ। ਇਸ ਸੜਕ ‘ਤੇ ਹਮੇਸ਼ਾ ਹੀ ਭੀੜ ਰਹਿੰਦੀ ਹੈ, ਜਿਸ ਦਾ ਲੁਟੇਰਿਆਂ ਨੇ ਫਾਇਦਾ ਉਠਾਇਆ ਸੀ। ਇਹ ਸਾਰੀ ਘਟਨਾ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।