G-20 Summit 2023: ਪੰਜਾਬ ਦੇ ‘ਸ਼ਾਨਦਾਰ ਵਿਰਸੇ ਅਤੇ ਖੁਸ਼ਹਾਲੀ ਦੇ ਵਿਸ਼ਵ ਭਰ ਵਿੱਚ ਸਫ਼ੀਰ ਬਣੋ : CM Bhagwant Maan
Chief Minister Bhagwant Maan ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ, ਪੀਰਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ।ਪੰਜਾਬ ਸ਼ੁਰੂ ਤੋਂ ਹੀ ਭਾਰਤੀ ਸੱਭਿਅਤਾ ਅਤੇ ਸੱਭਿਆਚਾਰ ਦਾ ਪੰਘੂੜਾ ਰਿਹਾ ਹੈ।
Updated On: 17 Mar 2023 22:35:PM
ਗੋਬਿੰਦਗੜ੍ਹ ਕਿਲ੍ਹੇ ਵਿੱਚ ਡੈਲੀਗੇਟਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਖ਼ੁਸ਼ਕਿਸਮਤ ਹੈ ਕਿ ਜੀ-20 ਸੰਮੇਲਨ ਦੌਰਾਨ ਸੂਬੇ ਵਿੱਚ ਇਨ੍ਹਾਂ ਪਤਵੰਤਿਆਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਫੇਰੀ ਦੌਰਾਨ ਆਏ ਹੋਏ ਪਤਵੰਤਿਆਂ ਦੀ ਸੂਬੇ ਵਿੱਚ ਠਹਿਰ ਆਰਾਮਦਾਇਕ ਰਹੀ ਹੋਵੇਗੀ ਅਤੇ ਉਨ੍ਹਾਂ ਨੇ ਸੂਬੇ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਿਆ ਹੋਵੇਗਾ। ਭਗਵੰਤ ਮਾਨ ਨੇ ਪਤਵੰਤਿਆਂ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਸੂਬੇ ਦੇ ‘ਸ਼ਾਨਦਾਰ ਵਿਰਸੇ, ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੇ ਸਫ਼ੀਰ’ ਬਣਨ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ, ਪੀਰਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸ਼ੁਰੂ ਤੋਂ ਹੀ ਭਾਰਤੀ ਸੱਭਿਅਤਾ ਅਤੇ ਸੱਭਿਆਚਾਰ ਦਾ ਪੰਘੂੜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਦੇ ਯੁੱਗ ਦੀ ਸ਼ੁਰੂਆਤ ਤੋਂ ਲੈ ਕੇ ਦੇਸ਼ ਦੀਆਂ ਸਰਹੱਦਾਂ ਦੀ ਬਹਾਦਰੀ ਨਾਲ ਰਾਖੀ ਕਰਨ ਤੱਕ ਪੰਜਾਬੀਆਂ ਨੇ ਹਲੀਮੀ ਨਾਲ ਦੇਸ਼ ਦੀ ਸੇਵਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਮੁੱਖ ਮੰਤਰੀ ਨੇ ਡੈਲੀਗੇਟਾਂ ਨੂੰ ਜਾਣੂ ਕਰਵਾਇਆ ਕਿ ਗੁਰੂਆਂ ਤੇ ਪੀਰਾਂ ਦੀ ਵਰੋਸਾਈ ਇਸ ਧਰਤੀ ਨੇ ਕਈ ਬਹਾਦਰ ਪੁੱਤਰ ਪੈਦਾ ਕੀਤੇ ਹਨ, ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਹਰ ਖੇਤਰ ਵਿੱਚ ਵੱਖਰਾ ਮੁਕਾਮ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਹੋਣ ਦੇ ਨਾਲ-ਨਾਲ ਪੰਜਾਬ ਨੂੰ ਕਈ ਨਾਮੀ ਉੱਦਮੀ ਅਤੇ ਉਦਯੋਗਪਤੀ ਪੈਦਾ ਕਰਨ ਦਾ ਵੀ ਮਾਣ ਹਾਸਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਡੈਲੀਗੇਟਾਂ ਦੇ ਆਰਾਮਦਾਇਕ ਠਹਿਰਾਅ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਆਸ ਪ੍ਰਗਟਾਈ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਲੋੜੀਂਦੇ ਨਤੀਜੇ ਸਾਹਮਣੇ ਆਏ ਹਨ ਅਤੇ ਡੈਲੀਗੇਟਾਂ ਨੇ ਸੂਬੇ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਡੈਲੀਗੇਟ ਆਪਣੇ ਨਾਲ ਪੰਜਾਬ ਫੇਰੀ ਦੀਆਂ ਤਾਜ਼ੀਆਂ ਯਾਦਾਂ ਨਾਲ ਲੈ ਕੇ ਜਾਣਗੇ, ਜੋ ਜੀਵਨ ਭਰ ਉਨ੍ਹਾਂ ਦੇ ਸਫ਼ਰ ਦਾ ਹਿੱਸਾ ਰਹਿਣਗੀਆਂ।
ਵਿਦੇਸ਼ੀ ਮਹਿਮਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੰਗੀਤਮਈ ਸੂਫੀ ਨਾਈਟ ਦਾ ਰੱਜ ਕੇ ਲੁਤਫ ਉਠਾਇਆ
ਪੰਜਾਬ ਦੇ 'ਸ਼ਾਨਦਾਰ ਵਿਰਸੇ, ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੇ ਵਿਸ਼ਵ ਭਰ ਵਿੱਚ ਸਫ਼ੀਰ ਬਣੋ; ਮੁੱਖ ਮੰਤਰੀ ਦੀ ਜੀ-20 ਸਿਖਰ ਸੰਮੇਲਨ ਦੇ ਪ੍ਰਤੀਨਿਧਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ 'ਸ਼ਾਨਦਾਰ ਵਿਰਸੇ, ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੇ ਵਿਸ਼ਵ ਭਰ ਵਿੱਚ ਸਫ਼ੀਰ ਬਣਨ।