ਸਰੀਰ ‘ਚ ਵਿਟਾਮਿਨਾਂ ਤੇ ਮਿਨਰਲਜ਼ ਦੀ ਕਮੀ ਨੂੰ ਕਿਵੇਂ ਪਛਾਣੀਏ? ਜਾਣੋ ਅਹਿਮ ਸੰਕੇਤ
ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਰੋਜ਼ਾਨਾ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਜ਼ਰੂਰੀ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿੱਚ ਵਿਟਾਮਿਨ ਅਤੇ ਖਣਿਜ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਪੋਸ਼ਕ ਤੱਤ ਸਰੀਰ ਦੀਆਂ ਵੱਖ-ਵੱਖ ਪ੍ਰਣਾਲੀਆਂ ਨੂੰ ਠੀਕ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਇਨ੍ਹਾਂ ਦੀ ਲੋੜ ਹਰੇਕ ਵਿਅਕਤੀ ਦੀ ਉਮਰ, ਖ਼ੁਰਾਕ ਅਤੇ ਸਰੀਰਕ ਸਥਿਤੀ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀ ਹੈ।
ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਰੋਜ਼ਾਨਾ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਜ਼ਰੂਰੀ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿੱਚ ਵਿਟਾਮਿਨ ਅਤੇ ਖਣਿਜ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਪੋਸ਼ਕ ਤੱਤ ਸਰੀਰ ਦੀਆਂ ਵੱਖ-ਵੱਖ ਪ੍ਰਣਾਲੀਆਂ ਨੂੰ ਠੀਕ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਇਨ੍ਹਾਂ ਦੀ ਲੋੜ ਹਰੇਕ ਵਿਅਕਤੀ ਦੀ ਉਮਰ, ਖ਼ੁਰਾਕ ਅਤੇ ਸਰੀਰਕ ਸਥਿਤੀ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀ ਹੈ। ਅਕਸਰ ਅਸੰਤੁਲਿਤ ਖ਼ੁਰਾਕ ਜਾਂ ਹੋਰ ਸਿਹਤ ਕਾਰਨਾਂ ਕਰਕੇ ਸਰੀਰ ਨੂੰ ਇਨ੍ਹਾਂ ਦੀ ਲੋੜੀਂਦੀ ਮਾਤਰਾ ਨਹੀਂ ਮਿਲ ਪਾਉਂਦੀ।
ਸਰੀਰ ਵਿੱਚ ਲੰਬੇ ਸਮੇਂ ਤੱਕ ਵਿਟਾਮਿਨਾਂ ਅਤੇ ਖਣਿਜਾਂ ਦੀ ਘਾਟ ਰਹਿਣ ਨਾਲ ਸਰੀਰਕ ਕਾਰਜਪ੍ਰਣਾਲੀ ‘ਤੇ ਮਾੜਾ ਅਸਰ ਪੈ ਸਕਦਾ ਹੈ। ਕਈ ਵਾਰ ਲੋਕ ਸਰੀਰ ਵਿੱਚ ਆਉਣ ਵਾਲੇ ਬਦਲਾਵਾਂ ਨੂੰ ਮਹਿਜ਼ ਆਮ ਕਮਜ਼ੋਰੀ ਜਾਂ ਥਕਾਵਟ ਸਮਝ ਕੇ ਅਣਦੇਖਾ ਕਰ ਦਿੰਦੇ ਹਨ। ਅਜਿਹੇ ਵਿੱਚ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਸਰੀਰ ਵਿੱਚ ਕਿਸੇ ਪੋਸ਼ਕ ਤੱਤ ਦੀ ਘਾਟ ਨੂੰ ਸਮੇਂ ਸਿਰ ਕਿਵੇਂ ਪਛਾਣਿਆ ਜਾਵੇ।
ਵਿਟਾਮਿਨਾਂ ਅਤੇ ਖਣਿਜਾਂ ਦੀ ਘਾਟ ਹੋਣ ‘ਤੇ ਦਿਖਾਈ ਦਿੰਦੇ ਨੇ ਇਹ ਲੱਛਣ
ਕਲੀਵਲੈਂਡ ਕਲੀਨਿਕ ਅਨੁਸਾਰ, ਸਰੀਰ ਵਿੱਚ ਵੱਖ-ਵੱਖ ਵਿਟਾਮਿਨਾਂ ਅਤੇ ਖਣਿਜਾਂ ਦੀ ਕਮੀ ਹੋਣ ‘ਤੇ ਵੱਖੋ-ਵੱਖਰੇ ਸੰਕੇਤ ਅਤੇ ਲੱਛਣ ਸਾਹਮਣੇ ਆਉਂਦੇ ਹਨ:
- ਵਿਟਾਮਿਨ B12 ਦੀ ਕਮੀ: ਲਗਾਤਾਰ ਥਕਾਵਟ, ਕਮਜ਼ੋਰੀ, ਹੱਥਾਂ-ਪੈਰਾਂ ਵਿੱਚ ਝਣਝਣਾਹਟ ਜਾਂ ਸੁੰਨ ਹੋਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਆਇਰਨ ਦੀ ਕਮੀ: ਸੁਸਤੀ, ਸਰੀਰਕ ਕਮਜ਼ੋਰੀ, ਚੱਕਰ ਆਉਣਾ ਅਤੇ ਚਮੜੀ ਦਾ ਰੰਗ ਪੀਲਾ ਪੈ ਜਾਣਾ ਮੁੱਖ ਲੱਛਣ ਹਨ।
- ਵਿਟਾਮਿਨ D ਦੀ ਕਮੀ: ਹੱਡੀਆਂ ਅਤੇ ਮਾਸਪੇਸ਼ੀਆਂ ਵਿੱਚ ਦਰਦ, ਕਮਜ਼ੋਰੀ ਜਾਂ ਖਿਚਾਅ ਮਹਿਸੂਸ ਹੋ ਸਕਦਾ ਹੈ।
- ਜ਼ਿੰਕ ਦੀ ਕਮੀ: ਵਾਲਾਂ ਦਾ ਤੇਜ਼ੀ ਨਾਲ ਝੜਨਾ ਅਤੇ ਸਰੀਰ ‘ਤੇ ਲੱਗੇ ਜ਼ਖ਼ਮਾਂ ਦੇ ਠੀਕ ਹੋਣ ਵਿੱਚ ਆਮ ਨਾਲੋਂ ਵੱਧ ਸਮਾਂ ਲੱਗਣਾ।
ਇਨ੍ਹਾਂ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਫੋਲੇਟ ਅਤੇ ਵਿਟਾਮਿਨ ਸੀ ਵਰਗੇ ਜ਼ਰੂਰੀ ਤੱਤਾਂ ਦੀ ਘਾਟ ਵੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕਈ ਵਾਰ ਦੂਜੀਆਂ ਸਿਹਤ ਸਮੱਸਿਆਵਾਂ ਵਿੱਚ ਵੀ ਅਜਿਹੇ ਲੱਛਣ ਦੇਖਣ ਨੂੰ ਮਿਲ ਸਕਦੇ ਹਨ। ਇਸ ਲਈ ਸਿਰਫ਼ ਲੱਛਣਾਂ ਦੇ ਆਧਾਰ ‘ਤੇ ਖ਼ੁਦ ਹੀ ਕੋਈ ਨਤੀਜਾ ਕੱਢਣ ਦੀ ਬਜਾਏ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਕਮੀ ਦਾ ਪਤਾ ਲਗਾਉਣ ਲਈ ਕਰਵਾਏ ਜਾਂਦੇ ਨੇ ਇਹ ਜ਼ਰੂਰੀ ਟੈਸਟ
ਸਰੀਰ ਵਿੱਚ ਵਿਟਾਮਿਨਾਂ ਅਤੇ ਖਣਿਜਾਂ ਦੀ ਸਹੀ ਸਥਿਤੀ ਜਾਣਨ ਲਈ ਖ਼ੂਨ ਦੀ ਜਾਂਚ (Blood Test) ਸਭ ਤੋਂ ਭਰੋਸੇਯੋਗ ਤਰੀਕਾ ਹੈ। ਡਾਕਟਰ ਤੁਹਾਡੇ ਲੱਛਣਾਂ ਅਤੇ ਮੈਡੀਕਲ ਹਿਸਟਰੀ ਦੇ ਆਧਾਰ ‘ਤੇ ਤੈਅ ਕਰਦੇ ਹਨ ਕਿ ਕਿਹੜਾ ਟੈਸਟ ਜ਼ਰੂਰੀ ਹੈ। ਮਿਸਾਲ ਵਜੋਂ, ਵਿਟਾਮਿਨ ਡੀ ਅਤੇ ਵਿਟਾਮਿਨ ਬੀ12 ਦੇ ਪੱਧਰ ਦੀ ਜਾਂਚ ਲਈ ਖ਼ਾਸ ਬਲੱਡ ਟੈਸਟ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ
ਇਸੇ ਤਰ੍ਹਾਂ ਅਨੀਮੀਆ ਜਾਂ ਆਇਰਨ ਦੀ ਘਾਟ ਦਾ ਪਤਾ ਲਗਾਉਣ ਲਈ ਖ਼ੂਨ ਵਿੱਚ ਆਇਰਨ ਪ੍ਰੋਫਾਈਲ ਟੈਸਟ ਕੀਤਾ ਜਾਂਦਾ ਹੈ। ਲੋੜ ਪੈਣ ‘ਤੇ ਹੋਰ ਖਣਿਜਾਂ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ। ਇਸ ਲਈ ਬਿਨਾਂ ਡਾਕਟਰੀ ਜਾਂਚ ਦੇ ਖ਼ੁਦ ਦਵਾਈਆਂ ਸ਼ੁਰੂ ਕਰਨ ਦੀ ਬਜਾਏ ਸਹੀ ਟੈਸਟ ਕਰਵਾਉਣਾ ਹੀ ਬਿਹਤਰ ਹੁੰਦਾ ਹੈ।
ਸਰੀਰ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਲਈ ਖ਼ੁਰਾਕ ਵਿੱਚ ਕੀ ਸ਼ਾਮਲ ਕਰੀਏ?
ਵਿਟਾਮਿਨਾਂ ਅਤੇ ਖਣਿਜਾਂ ਦੀ ਲੋੜ ਪੂਰੀ ਕਰਨ ਲਈ ਰੋਜ਼ਾਨਾ ਖ਼ੁਰਾਕ ਵਿੱਚ ਵੰਨ-ਸੁਵੰਨੀਆਂ ਪੌਸ਼ਟਿਕ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ:
- ਤਾਜ਼ੇ ਫਲ ਅਤੇ ਹਰੀਆਂ ਸਬਜ਼ੀਆਂ ਭਰਪੂਰ ਮਾਤਰਾ ਵਿੱਚ ਲਓ।
- ਦਾਲਾਂ, ਬੀਨਜ਼, ਸਾਬਤ ਅਨਾਜ, ਸੁੱਕੇ ਮੇਵੇ ਅਤੇ ਬੀਜਾਂ ਦੀ ਵਰਤੋਂ ਕਰੋ।
- ਆਂਡੇ, ਮੱਛੀ ਅਤੇ ਡੇਅਰੀ ਉਤਪਾਦਾਂ ਨੂੰ ਖ਼ੁਰਾਕ ਦਾ ਹਿੱਸਾ ਬਣਾਓ।
ਕੁਝ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਵਾਧੂ ਪੋਸ਼ਕ ਤੱਤ ਵੀ ਫੋਰਟੀਫਾਈਡ ਕੀਤੇ ਹੁੰਦੇ ਹਨ। ਮਾਹਿਰਾਂ ਮੁਤਾਬਕ ਹਰ ਵਿਅਕਤੀ ਨੂੰ ਸਪਲੀਮੈਂਟ (ਗੋਲੀਆਂ ਜਾਂ ਕੈਪਸੂਲ) ਦੀ ਲੋੜ ਨਹੀਂ ਹੁੰਦੀ। ਸਪਲੀਮੈਂਟਸ ਦੀ ਵਰਤੋਂ ਹਮੇਸ਼ਾ ਡਾਕਟਰ ਦੀ ਸਲਾਹ ਅਨੁਸਾਰ ਹੀ ਕਰਨੀ ਚਾਹੀਦੀ ਹੈ, ਕਿਉਂਕਿ ਸਰੀਰ ਵਿੱਚ ਕਿਸੇ ਵੀ ਵਿਟਾਮਿਨ ਜਾਂ ਮਿਨਰਲ ਦੀ ਜ਼ਿਆਦਾ ਮਾਤਰਾ ਵੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ।
