ਸੰਵਿਧਾਨ ਸਭਾ ‘ਚ ਮਹਿਲਾਵਾਂ ਨੇ ਰਾਖਵਾਂਕਰਨ ਨਹੀਂ, ਬਰਾਬਰੀ ਦੀ ਮੰਗ ਕੀਤੀ ਸੀ, ਅਧਿਕਾਰਾਂ ਦੀ ਲੜਾਈ ਹੁਣ ਤੱਕ ਕਿੱਥੇ ਪਹੁੰਚੀ?

Published: 

26 Nov 2026 13:32 PM IST

Constitution Day 2026: ਸੰਵਿਧਾਨ ਸਭਾ ਦੀਆਂ 15 ਮਹਿਲਾ ਮੈਂਬਰਾਂ ਨੇ ਵਿਸ਼ੇਸ਼ ਸਹੂਲਤ ਨਹੀਂ, ਸਗੋਂ ਬਰਾਬਰੀ ਦਾ ਹੱਕ ਮੰਗਿਆ ਸੀ। ਸੰਵਿਧਾਨ ਦਿਵਸ ਮੌਕੇ ਜਾਣੋ ਹੰਸਾ ਮਹਿਤਾ, ਦੁਰਗਾਬਾਈ ਦੇਸ਼ਮੁਖ ਵਰਗੀਆਂ ਮਹਿਲਾਵਾਂ ਦੀਆਂ ਮੰਗਾਂ ਅਤੇ ਅੱਜ ਅਧਿਕਾਰਾਂ ਦੀ ਲੜਾਈ ਕਿੱਥੇ ਤੱਕ ਪਹੁੰਚੀ ਹੈ।

ਸੰਵਿਧਾਨ ਸਭਾ ਚ ਮਹਿਲਾਵਾਂ ਨੇ ਰਾਖਵਾਂਕਰਨ ਨਹੀਂ, ਬਰਾਬਰੀ ਦੀ ਮੰਗ ਕੀਤੀ ਸੀ, ਅਧਿਕਾਰਾਂ ਦੀ ਲੜਾਈ ਹੁਣ ਤੱਕ ਕਿੱਥੇ ਪਹੁੰਚੀ?

ਸੰਵਿਧਾਨ ਸਭਾ ‘ਚ ਮਹਿਲਾਵਾਂ ਦੀ ਆਵਾਜ਼

Constitution Day 2026: ਸੰਵਿਧਾਨ ਸਭਾ ਵਿੱਚ ਮਹਿਲਾਵਾਂ ਨੇ ਰਾਖਵਾਂਕਰਨ ਨਹੀਂ, ਸਗੋਂ ਬਰਾਬਰੀ ਦੀ ਮੰਗ ਕੀਤੀ ਸੀ। ਉਨ੍ਹਾਂ ਨੂੰ ਭਰੋਸਾ ਸੀ ਕਿ ਯੋਗਤਾ ਅਤੇ ਬਰਾਬਰ ਮੌਕਿਆਂ ਦੇ ਆਧਾਰ ‘ਤੇ ਮਹਿਲਾਵਾਂ ਆਮ ਸੀਟਾਂ ਤੋਂ ਵੀ ਆਪਣੀ ਆਬਾਦੀ ਦੇ ਅਨੁਪਾਤ ਵਿੱਚ ਚੁਣ ਕੇ ਆਉਣਗੀਆਂ। ਪਰ ਆਜ਼ਾਦੀ ਤੋਂ ਬਾਅਦ ਸੱਤ ਦਹਾਕਿਆਂ ਤੋਂ ਵੱਧ ਸਮੇਂ ਦੇ ਤਜਰਬੇ ਨੇ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੀ ਗਿਣਤੀ ਵਧਾਉਣ ਲਈ ਰਾਖਵਾਂਕਰਨ ਨੂੰ ਜ਼ਰੂਰੀ ਬਣਾ ਦਿੱਤਾ। 299 ਮੈਂਬਰਾਂ ਵਾਲੀ ਸੰਵਿਧਾਨ ਸਭਾ ਵਿੱਚ ਸਿਰਫ਼ 15 ਮਹਿਲਾਵਾਂ ਸਨ। ਯਾਨੀ ਕੁੱਲ ਮੈਂਬਰਾਂ ਦਾ ਮਹਿਜ਼ ਪੰਜ ਫ਼ੀਸਦੀ। ਇਨ੍ਹਾਂ ਵਿੱਚੋਂ ਵੀ ਸਿਰਫ਼ 10 ਮਹਿਲਾਵਾਂ ਨੇ ਬਹਿਸਾਂ ਵਿੱਚ ਹਿੱਸਾ ਲਿਆ।

ਸੰਵਿਧਾਨ ਬਣਾਉਣ ਵਿੱਚ ਲੱਗੇ 2 ਸਾਲ, 11 ਮਹੀਨੇ ਅਤੇ 17 ਦਿਨਾਂ ਦੇ ਸਮੇਂ ਦੌਰਾਨ 11 ਸੈਸ਼ਨਾਂ ਦੀਆਂ 165 ਦਿਨਾਂ ਦੀਆਂ ਬੈਠਕਾਂ ਵਿੱਚ ਕੁੱਲ 36 ਲੱਖ ਸ਼ਬਦ ਦਰਜ ਕੀਤੇ ਗਏ। ਇਨ੍ਹਾਂ ਵਿੱਚ ਮਹਿਲਾ ਮੈਂਬਰਾਂ ਵੱਲੋਂ ਬੋਲੇ ਗਏ ਸ਼ਬਦਾਂ ਦੀ ਗਿਣਤੀ 66,494 ਸੀ, ਜੋ ਲਗਭਗ ਦੋ ਫ਼ੀਸਦੀ ਬਣਦੀ ਹੈ। ਬੇਸ਼ੱਕ ਉਨ੍ਹਾਂ ਨੇ ਘੱਟ ਗੱਲ ਕੀਤੀ, ਪਰ ਉਨ੍ਹਾਂ ਦੇ ਸਵਾਲ ਬਹੁਤ ਵੱਡੇ ਸਨ। ਸੰਵਿਧਾਨ ਦਿਵਸ ਇਨ੍ਹਾਂ ਸਵਾਲਾਂ ਨੂੰ ਇੱਕ ਵਾਰ ਫਿਰ ਯਾਦ ਕਰਨ ਦਾ ਮੌਕਾ ਦਿੰਦਾ ਹੈ।

ਹੰਸਾ ਮਹਿਤਾ: ਰਾਖਵਾਂਕਰਨ ਨਹੀਂ, ਬਰਾਬਰੀ ਚਾਹੀਦੀ ਹੈ

19 ਦਸੰਬਰ 1946 ਨੂੰ ਸੰਵਿਧਾਨ ਸਭਾ ਵਿੱਚ ਉਦੇਸ਼ ਮਤੇ ‘ਤੇ ਬਹਿਸ ਦੌਰਾਨ ਹੰਸਾ ਮਹਿਤਾ ਨੇ ਮਹਿਲਾਵਾਂ ਦੀ ਸਥਿਤੀ ਬਾਰੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਕੁਝ ਮਹਿਲਾਵਾਂ ਦਾ ਉੱਚੇ ਅਹੁਦਿਆਂ ਤੱਕ ਪਹੁੰਚਣਾ ਦੇਸ਼ ਦੀਆਂ ਆਮ ਮਹਿਲਾਵਾਂ ਦੀ ਸਥਿਤੀ ਦੀ ਸਹੀ ਤਸਵੀਰ ਨਹੀਂ ਦਿਖਾਉਂਦਾ। ਸਦੀਆਂ ਤੋਂ ਕਾਨੂੰਨਾਂ, ਰੀਤੀ-ਰਿਵਾਜਾਂ ਅਤੇ ਸਮਾਜਿਕ ਵਿਹਾਰ ਨੇ ਮਹਿਲਾਵਾਂ ਨੂੰ ਅਸਮਾਨਤਾ ਵਿੱਚ ਰੱਖਿਆ ਹੈ।

ਹੰਸਾ ਮਹਿਤਾ ਨੇ ਸਪੱਸ਼ਟ ਕਿਹਾ ਸੀ ਕਿ ਮਹਿਲਾਵਾਂ ਨੇ ਵੱਖਰੇ ਚੋਣ ਹਲਕਿਆਂ ਜਾਂ ਰਾਖਵੀਆਂ ਸੀਟਾਂ ਦੀ ਮੰਗ ਨਹੀਂ ਕੀਤੀ ਹੈ। ਉਨ੍ਹਾਂ ਨੂੰ ਸਮਾਜਿਕ, ਆਰਥਿਕ ਅਤੇ ਸਿਆਸੀ ਨਿਆਂ ਚਾਹੀਦਾ ਹੈ। ਉਨ੍ਹਾਂ ਨੂੰ ਬਰਾਬਰੀ ਦਾ ਅਧਿਕਾਰ ਚਾਹੀਦਾ ਹੈ।

ਹੰਸਾ ਮਹਿਤਾ

14 ਅਗਸਤ 1947 ਨੂੰ ਉਨ੍ਹਾਂ ਨੇ ਸੰਵਿਧਾਨ ਸਭਾ ਵਿੱਚ ਮਹਿਲਾਵਾਂ ਵੱਲੋਂ ਰਾਸ਼ਟਰੀ ਝੰਡਾ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਵਿੱਚ ਮਨੁੱਖੀ ਅਧਿਕਾਰਾਂ ਦੇ ਵਿਸ਼ਵਵਿਆਪੀ ਐਲਾਨਨਾਮੇ ਦੀ ਭਾਸ਼ਾ ਨੂੰ ਲਿੰਗਕ ਤੌਰ ‘ਤੇ ਸਮਾਵੇਸ਼ੀ ਬਣਾਉਣ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਨੇ ‘All men are born free and equal’ ਦੀ ਥਾਂ ‘All human beings are born free and equal’ ਵਾਲੀ ਭਾਸ਼ਾ ‘ਤੇ ਜ਼ੋਰ ਦਿੱਤਾ ਸੀ।

ਰੇਣੁਕਾ ਰਾਏ: ਵਿਸ਼ੇਸ਼ ਅਧਿਕਾਰ ਨਹੀਂ, ਬਰਾਬਰ ਮੌਕੇ ਚਾਹੀਦੇ ਹਨ

18 ਜੁਲਾਈ 1947 ਨੂੰ ਰੇਣੁਕਾ ਰਾਏ ਨੇ ਮਹਿਲਾ ਰਾਖਵਾਂਕਰਨ ਦੇ ਮੁੱਦੇ ‘ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਦਾ ਮੰਨਣਾ ਸੀ ਕਿ ਮਹਿਲਾਵਾਂ ਨੂੰ ਵੱਖਰੀਆਂ ਸੀਟਾਂ ਦੇਣਾ ਉਨ੍ਹਾਂ ਦੀ ਸਮਰੱਥਾ ਨੂੰ ਸੀਮਤ ਕਰਨ ਵਰਗਾ ਹੋਵੇਗਾ। ਮਹਿਲਾਵਾਂ ਆਮ ਚੋਣ ਹਲਕਿਆਂ ਤੋਂ ਵੀ ਚੁਣ ਕੇ ਆ ਸਕਦੀਆਂ ਹਨ। ਉਨ੍ਹਾਂ ਕਿਹਾ ਸੀ ਕਿ ਮਹਿਲਾ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਮਹਿਲਾਵਾਂ ਵਿਸ਼ੇਸ਼ ਅਧਿਕਾਰਾਂ ਅਤੇ ਰਾਖਵਾਂਕਰਨ ਦੀ ਬਜਾਏ ਬਰਾਬਰੀ ਦੀ ਮੰਗ ਕਰਦੀਆਂ ਰਹੀਆਂ ਹਨ।

ਉਨ੍ਹਾਂ ਦਾ ਤਰਕ ਸੀ ਕਿ ਰਾਖਵੀਆਂ ਸੀਟਾਂ ਮਹਿਲਾਵਾਂ ਦੇ ਆਮ ਸੀਟਾਂ ਤੋਂ ਚੁਣੇ ਜਾਣ ਦੀਆਂ ਸੰਭਾਵਨਾਵਾਂ ਨੂੰ ਘਟਾ ਸਕਦੀਆਂ ਹਨ। ਉਨ੍ਹਾਂ ਨੇ ਵਿਜਯਲਕਸ਼ਮੀ ਪੰਡਿਤ ਦੀ ਅਮਰੀਕਾ ਵਿੱਚ ਭਾਰਤ ਦੀ ਰਾਜਦੂਤ ਵਜੋਂ ਨਿਯੁਕਤੀ ਦੀ ਉਦਾਹਰਨ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਨਿਯੁਕਤੀ ਕਿਸੇ ਰਾਖਵਾਂਕਰਨ ਕਾਰਨ ਨਹੀਂ, ਸਗੋਂ ਉਨ੍ਹਾਂ ਦੀ ਯੋਗਤਾ ਕਰਕੇ ਹੋਈ ਸੀ। ਰੇਣੁਕਾ ਨੂੰ ਭਰੋਸਾ ਸੀ ਕਿ ਆਜ਼ਾਦ ਭਾਰਤ ਵਿੱਚ ਮਹਿਲਾਵਾਂ ਦੀ ਸਮਰੱਥਾ ਨੂੰ ਪਛਾਣ ਮਿਲੇਗੀ।

ਦਕਸ਼ਾਇਣੀ ਵੇਲਾਯੁਧਨ ਅਤੇ ਰੇਣੁਕਾ ਰਾਏ

ਦਕਸ਼ਾਇਣੀ ਵੇਲਾਯੁਧਨ: ਸਿਰਫ਼ ਕਾਨੂੰਨ ਨਾਲ ਸਮਾਜ ਨਹੀਂ ਬਦਲਦਾ

ਦਕਸ਼ਾਇਣੀ ਵੇਲਾਯੁਧਨ ਸੰਵਿਧਾਨ ਸਭਾ ਦੀ ਇਕਲੌਤੀ ਦਲਿਤ ਮਹਿਲਾ ਮੈਂਬਰ ਸਨ। ਕੇਰਲ ਦੇ ਪੁਲਾਇਆ ਭਾਈਚਾਰੇ ਵਿੱਚ ਜਨਮੀ ਦਕਸ਼ਾਇਣੀ ਨੇ ਖ਼ੁਦ ਛੂਤ-ਛਾਤ ਦਾ ਦਰਦ ਝੱਲਿਆ ਸੀ।

29 ਨਵੰਬਰ 1948 ਨੂੰ ਸੰਵਿਧਾਨ ਦੇ ਖਰੜੇ ਵਿੱਚ ਛੂਤ-ਛਾਤ ਖ਼ਤਮ ਕਰਨ ਵਾਲੇ ਅਨੁਛੇਦ ‘ਤੇ ਬਹਿਸ ਹੋਈ। ਇਸ ਦੌਰਾਨ ਦਕਸ਼ਾਇਣੀ ਨੇ ਕਿਹਾ ਕਿ ਸੰਵਿਧਾਨ ਵਿੱਚ ਛੂਤ-ਛਾਤ ਖ਼ਿਲਾਫ਼ ਵਿਵਸਥਾ ਹੋਣਾ ਜ਼ਰੂਰੀ ਹੈ, ਪਰ ਸਿਰਫ਼ ਕਾਨੂੰਨ ਲਾਗੂ ਕਰ ਦੇਣ ਨਾਲ ਸਮਾਜ ਨਹੀਂ ਬਦਲਦਾ। ਸੰਵਿਧਾਨ ਦੀ ਸਫ਼ਲਤਾ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਲੋਕ ਉਸ ਮੁਤਾਬਕ ਆਪਣਾ ਵਿਹਾਰ ਕਰਦੇ ਹਨ ਜਾਂ ਨਹੀਂ। ਉਨ੍ਹਾਂ ਨੇ ਵੱਖਰੇ ਚੋਣ ਹਲਕਿਆਂ ਅਤੇ ਦਲਿਤਾਂ ਲਈ ਵੱਖਰੀ ਸਿਆਸੀ ਵਿਵਸਥਾ ਦਾ ਵੀ ਵਿਰੋਧ ਕੀਤਾ ਸੀ। ਉਨ੍ਹਾਂ ਦਾ ਭਰੋਸਾ ਸਾਂਝੀ ਲੋਕਤੰਤਰੀ ਵਿਵਸਥਾ ਵਿੱਚ ਸੀ।

ਦੁਰਗਾਬਾਈ ਦੇਸ਼ਮੁਖ: ਅਧਿਕਾਰਾਂ ਦੇ ਨਾਲ ਨਿਆਂ ਹਾਸਲ ਕਰਨ ਦਾ ਰਸਤਾ ਵੀ ਹੋਵੇ

ਦੁਰਗਾਬਾਈ ਦੇਸ਼ਮੁਖ ਸੰਵਿਧਾਨ ਸਭਾ ਦੀਆਂ ਸਭ ਤੋਂ ਐਕਟਿਵ ਮਹਿਲਾ ਮੈਂਬਰਾਂ ਵਿੱਚੋਂ ਇੱਕ ਸਨ। PRS Legislative Research ਦੇ ਅੰਕੜਿਆਂ ਮੁਤਾਬਕ ਉਨ੍ਹਾਂ ਨੇ 22,905 ਸ਼ਬਦ ਬੋਲੇ ਸਨ। ਮਹਿਲਾ ਮੈਂਬਰਾਂ ਵਿੱਚ ਇਹ ਗਿਣਤੀ ਸਭ ਤੋਂ ਵੱਧ ਸੀ। 9 ਦਸੰਬਰ 1948 ਨੂੰ ਮੌਲਿਕ ਅਧਿਕਾਰਾਂ ਦੇ ਸੰਵਿਧਾਨਕ ਉਪਚਾਰਾਂ ‘ਤੇ ਹੋਈ ਬਹਿਸ ਦੌਰਾਨ ਉਨ੍ਹਾਂ ਨੇ ਅਹਿਮ ਦਖ਼ਲ ਦਿੱਤਾ।

ਦੁਰਗਾਬਾਈ ਦੇਸ਼ਮੁਖ

ਉਨ੍ਹਾਂ ਦਾ ਤਰਕ ਸੀ ਕਿ ਅਧਿਕਾਰ ਉਦੋਂ ਹੀ ਸਾਰਥਕ ਹੁੰਦੇ ਹਨ, ਜਦੋਂ ਉਨ੍ਹਾਂ ਨੂੰ ਲਾਗੂ ਕਰਵਾਉਣ ਲਈ ਪ੍ਰਭਾਵਸ਼ਾਲੀ ਰਸਤਾ ਵੀ ਮੌਜੂਦ ਹੋਵੇ। ਜਲਦੀ ਅਤੇ ਪ੍ਰਭਾਵਸ਼ਾਲੀ ਨਿਆਂ ਮਿਲਣ ਦੀ ਵਿਵਸਥਾ ਤੋਂ ਬਿਨਾਂ ਅਧਿਕਾਰ ਸਿਰਫ਼ ਕਾਗਜ਼ਾਂ ‘ਤੇ ਲਿਖੇ ਸ਼ਬਦ ਬਣ ਕੇ ਰਹਿ ਜਾਂਦੇ ਹਨ। ਦੁਰਗਾਬਾਈ ਲਈ ਸੰਵਿਧਾਨ ਸਿਰਫ਼ ਸਰਕਾਰ ਚਲਾਉਣ ਦਾ ਦਸਤਾਵੇਜ਼ ਨਹੀਂ ਸੀ, ਸਗੋਂ ਇਸ ਵਿੱਚ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਦਾ ਰਸਤਾ ਵੀ ਹੋਣਾ ਚਾਹੀਦਾ ਸੀ।

ਬੇਗਮ ਐਜਾਜ਼ ਰਸੂਲ: ਘੱਟ ਗਿਣਤੀਆਂ ਦੀ ਸਿਆਸਤ ‘ਤੇ ਵੱਖਰੀ ਰਾਏ

ਬੇਗਮ ਐਜਾਜ਼ ਰਸੂਲ ਸੰਵਿਧਾਨ ਸਭਾ ਦੀ ਇਕਲੌਤੀ ਮੁਸਲਿਮ ਮਹਿਲਾ ਮੈਂਬਰ ਸਨ। ਦੇਸ਼ ਦੀ ਵੰਡ ਤੋਂ ਬਾਅਦ ਘੱਟ ਗਿਣਤੀਆਂ ਦੇ ਸਿਆਸੀ ਅਧਿਕਾਰਾਂ ਦਾ ਮੁੱਦਾ ਬੇਹੱਦ ਸੰਵੇਦਨਸ਼ੀਲ ਸੀ। ਵੱਖਰੀ ਚੋਣ ਪ੍ਰਣਾਲੀ ਜਾਰੀ ਰੱਖਣ ਦੀ ਮੰਗ ਵੀ ਉੱਠ ਰਹੀ ਸੀ।

25 ਮਈ 1949 ਨੂੰ ਘੱਟ ਗਿਣਤੀਆਂ ਦੇ ਅਧਿਕਾਰਾਂ ਨਾਲ ਸਬੰਧਤ ਸਲਾਹਕਾਰ ਕਮੇਟੀ ਦੀ ਰਿਪੋਰਟ ‘ਤੇ ਬਹਿਸ ਹੋਈ। ਇਸ ਦੌਰਾਨ ਬੇਗਮ ਐਜਾਜ਼ ਰਸੂਲ ਨੇ ਵੱਖਰੀ ਚੋਣ ਪ੍ਰਣਾਲੀ ਦਾ ਵਿਰੋਧ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਇਸ ਨਾਲ ਵੱਖ-ਵੱਖ ਭਾਈਚਾਰਿਆਂ ਵਿਚਾਲੇ ਸਿਆਸੀ ਦੂਰੀ ਬਣੀ ਰਹੇਗੀ। ਸਾਂਝੀ ਚੋਣ ਪ੍ਰਣਾਲੀ ਨਾਲ ਹੀ ਕੌਮੀ ਏਕਤਾ ਮਜ਼ਬੂਤ ਹੋ ਸਕਦੀ ਹੈ। ਉਨ੍ਹਾਂ ਦੀ ਦਲੀਲ ਸੀ ਕਿ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਬਹੁਗਿਣਤੀ ਸਮਾਜ ਵਿੱਚ ਭਰੋਸਾ ਪੈਦਾ ਕਰਨਾ ਵੀ ਜ਼ਰੂਰੀ ਹੈ।

ਬੇਗਮ ਐਜਾਜ਼ ਰਸੂਲ

ਅੰਮੂ ਸਵਾਮੀਨਾਥਨ, ਐਨੀ ਮਾਸਕਰੀਨ, ਸੁਚੇਤਾ ਕ੍ਰਿਪਲਾਨੀ, ਪੂਰਨਿਮਾ ਬੈਨਰਜੀ, ਕਮਲਾ ਚੌਧਰੀ, ਸਰੋਜਨੀ ਨਾਇਡੂ, ਵਿਜਯਲਕਸ਼ਮੀ ਪੰਡਿਤ, ਰਾਜਕੁਮਾਰੀ ਅੰਮ੍ਰਿਤ ਕੌਰ, ਲੀਲਾ ਰਾਏ ਅਤੇ ਮਾਲਤੀ ਚੌਧਰੀ ਵੀ ਸੰਵਿਧਾਨ ਸਭਾ ਦੀਆਂ ਮੈਂਬਰ ਸਨ। ਇਨ੍ਹਾਂ ਸਾਰੀਆਂ ਦੀਆਂ ਤਰਜੀਹਾਂ ਵੱਖ-ਵੱਖ ਸਨ। ਕਿਸੇ ਨੇ ਮੌਲਿਕ ਅਧਿਕਾਰਾਂ ਬਾਰੇ ਗੱਲ ਕੀਤੀ, ਕਿਸੇ ਨੇ ਸਿੱਖਿਆ ਅਤੇ ਧਾਰਮਿਕ ਆਜ਼ਾਦੀ ‘ਤੇ ਜ਼ੋਰ ਦਿੱਤਾ, ਜਦਕਿ ਕਿਸੇ ਨੇ ਨਿਆਂਪਾਲਿਕਾ, ਘੱਟ ਗਿਣਤੀਆਂ ਅਤੇ ਸਮਾਜਿਕ ਸੁਧਾਰਾਂ ਦੇ ਮੁੱਦੇ ਉਠਾਏ।

ਰਾਖਵਾਂਕਰਨ ਤੱਕ ਪਹੁੰਚੀ ਬਰਾਬਰੀ ਦੀ ਲੜਾਈ!

ਪਿਛਲੇ ਸੱਤ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਤਸਵੀਰ ਬਦਲੀ ਹੈ। ਦੇਸ਼ ਦੀ ਅਗਵਾਈ ਇੰਦਰਾ ਗਾਂਧੀ ਵਰਗੀ ਮਜ਼ਬੂਤ ਪ੍ਰਧਾਨ ਮੰਤਰੀ ਨੇ ਕਈ ਸਾਲਾਂ ਤੱਕ ਕੀਤੀ। ਕਈ ਸੂਬਿਆਂ ਵਿੱਚ ਮਹਿਲਾ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੇ ਆਪਣੀ ਪਛਾਣ ਬਣਾਈ। ਕੁਝ ਮਹਿਲਾਵਾਂ ਨੇ ਆਪਣੀਆਂ ਸਿਆਸੀ ਪਾਰਟੀਆਂ ਦੀ ਅਗਵਾਈ ਵੀ ਕੀਤੀ ਅਤੇ ਅੱਜ ਵੀ ਕਰ ਰਹੀਆਂ ਹਨ। ਲੋਕ ਸਭਾ ਅਤੇ ਰਾਜ ਸਭਾ ਤੋਂ ਲੈ ਕੇ ਗ੍ਰਾਮ ਪੰਚਾਇਤਾਂ ਤੱਕ ਮਹਿਲਾਵਾਂ ਦੀ ਭਾਗੀਦਾਰੀ ਵਧੀ ਹੈ। ਕਈ ਖੇਤਰਾਂ ਵਿੱਚ ਉਨ੍ਹਾਂ ਨੇ ਆਪਣੀ ਸਮਰੱਥਾ ਸਾਬਤ ਕੀਤੀ ਹੈ। ਪਰ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਉਨ੍ਹਾਂ ਦੀ ਗਿਣਤੀ ਅਜੇ ਵੀ ਉਮੀਦ ਕੀਤੇ ਪੱਧਰ ਤੱਕ ਨਹੀਂ ਪਹੁੰਚ ਸਕੀ।

ਸਤੰਬਰ 2023 ਵਿੱਚ ਸੰਸਦ ਨੇ 106ਵਾਂ ਸੰਵਿਧਾਨਕ ਸੋਧ ਬਿੱਲ ਪਾਸ ਕੀਤਾ ਸੀ। ਇਸ ਨੂੰ ‘ਨਾਰੀ ਸ਼ਕਤੀ ਵੰਦਨ ਐਕਟ’ ਦਾ ਨਾਮ ਦਿੱਤਾ ਗਿਆ। ਇਸ ਵਿੱਚ ਲੋਕ ਸਭਾ ਅਤੇ ਸੂਬਾਈ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ ਇੱਕ-ਤਿਹਾਈ ਸੀਟਾਂ ਰਾਖਵੀਆਂ ਕਰਨ ਦੀ ਵਿਵਸਥਾ ਹੈ। ਦਿੱਲੀ ਵਿਧਾਨ ਸਭਾ ਵੀ ਇਸ ਦੇ ਦਾਇਰੇ ਵਿੱਚ ਆਉਂਦੀ ਹੈ।

16 ਅਪ੍ਰੈਲ 2026 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਕਾਨੂੰਨ ਨੂੰ ਲਾਗੂ ਕਰ ਦਿੱਤਾ ਗਿਆ। ਪਰ ਕਾਨੂੰਨ ਦੇ ਲਾਗੂ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਰਾਖਵਾਂਕਰਨ ਤੁਰੰਤ ਸ਼ੁਰੂ ਹੋ ਜਾਵੇਗਾ। ਸੰਵਿਧਾਨ ਦੇ ਅਨੁਛੇਦ 334A ਮੁਤਾਬਕ ਇਸ ਲਈ 2023 ਦੀ ਸੋਧ ਤੋਂ ਬਾਅਦ ਹੋਣ ਵਾਲੀ ਪਹਿਲੀ ਜਨਗਣਨਾ ਦੇ ਅੰਕੜੇ ਪ੍ਰਕਾਸ਼ਿਤ ਹੋਣ ਅਤੇ ਉਨ੍ਹਾਂ ਦੇ ਆਧਾਰ ‘ਤੇ ਹਲਕਾਬੰਦੀ ਦੀ ਪ੍ਰਕਿਰਿਆ ਪੂਰੀ ਹੋਣ ਦੀ ਸ਼ਰਤ ਹੈ।

ਭਾਰਤੀ ਸੰਵਿਧਾਨ

ਸਰਕਾਰ ਨੇ ਅਪ੍ਰੈਲ 2026 ਵਿੱਚ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ 131ਵਾਂ ਸੰਵਿਧਾਨਕ ਸੋਧ ਬਿੱਲ ਪੇਸ਼ ਕੀਤਾ। ਇਸ ਦੇ ਨਾਲ ਹਲਕਾਬੰਦੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ ਬਿੱਲ ਵੀ ਲਿਆਂਦੇ ਗਏ। ਪਰ 17 ਅਪ੍ਰੈਲ ਨੂੰ ਲੋਕ ਸਭਾ ਵਿੱਚ 131ਵਾਂ ਸੋਧ ਬਿੱਲ ਲੋੜੀਂਦਾ ਦੋ-ਤਿਹਾਈ ਬਹੁਮਤ ਹਾਸਲ ਨਹੀਂ ਕਰ ਸਕਿਆ। ਇਸ ਦੇ ਹੱਕ ਵਿੱਚ 298 ਅਤੇ ਵਿਰੋਧ ਵਿੱਚ 230 ਵੋਟਾਂ ਪਈਆਂ। ਇਸ ਤੋਂ ਬਾਅਦ ਸਰਕਾਰ ਨੇ ਹਲਕਾਬੰਦੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਤ ਬਿੱਲ ਵੀ ਵਾਪਸ ਲੈ ਲਏ। ਇਸ ਤਰ੍ਹਾਂ 2023 ਦੇ ਕਾਨੂੰਨ ਵਿੱਚ ਤੈਅ ਜਨਗਣਨਾ ਅਤੇ ਹਲਕਾਬੰਦੀ ਦੀਆਂ ਸ਼ਰਤਾਂ ਬਰਕਰਾਰ ਹਨ।

ਇੱਥੇ ਇਤਿਹਾਸ ਦਾ ਇੱਕ ਦਿਲਚਸਪ ਪਹਿਲੂ ਸਾਹਮਣੇ ਆਉਂਦਾ ਹੈ। ਸੰਵਿਧਾਨ ਸਭਾ ਵਿੱਚ ਹੰਸਾ ਮਹਿਤਾ ਅਤੇ ਰੇਣੁਕਾ ਰਾਏ ਵਰਗੀਆਂ ਮਹਿਲਾਵਾਂ ਰਾਖਵਾਂਕਰਨ ਦੀ ਬਜਾਏ ਬਰਾਬਰ ਮੌਕਿਆਂ ਦੀ ਹਮਾਇਤੀ ਸਨ। ਉਨ੍ਹਾਂ ਨੂੰ ਭਰੋਸਾ ਸੀ ਕਿ ਮਹਿਲਾਵਾਂ ਆਮ ਸੀਟਾਂ ਤੋਂ ਵੀ ਚੁਣ ਕੇ ਆ ਸਕਦੀਆਂ ਹਨ। ਪਰ ਆਜ਼ਾਦੀ ਤੋਂ ਬਾਅਦ ਦੇ ਤਜਰਬੇ ਨੇ ਦਿਖਾਇਆ ਕਿ ਸਿਰਫ਼ ਬਰਾਬਰ ਮੌਕਿਆਂ ਦੀ ਉਮੀਦ ਨਾਲ ਨੁਮਾਇੰਦਗੀ ਦਾ ਪਾੜਾ ਖ਼ਤਮ ਨਹੀਂ ਹੋਇਆ।

ਹੁਣ ਸਵਾਲ ਇਹ ਹੈ ਕਿ ਬਰਾਬਰੀ ਦੇ ਜਿਸ ਅਧਿਕਾਰ ਦੀ ਮੰਗ ਸੰਵਿਧਾਨ ਸਭਾ ਦੀਆਂ ਮਹਿਲਾਵਾਂ ਨੇ ਕੀਤੀ ਸੀ, ਉਸ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਅਸਲ ਭਾਗੀਦਾਰੀ ਵਿੱਚ ਬਦਲਣ ਲਈ ਮਹਿਲਾਵਾਂ ਨੂੰ ਹੋਰ ਕਿੰਨਾ ਇੰਤਜ਼ਾਰ ਕਰਨਾ ਪਵੇਗਾ?

Source: TV9Hindi.com

Loading...
Unable to load recommendations.
Follow Us