Sajjan Kumar : ਚਾਹ ਵੇਚਣ ਵਾਲਾ ਸੱਜਣ ਕੁਮਾਰ ਕਿਵੇਂ ਪਹੁੰਚਿਆ ਗਾਂਧੀ ਪਰਿਵਾਰ ਦੇ ਨੇੜੇ? ਜਾਣੋ…
1984 Sikh Riots: ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 21 ਫਰਵਰੀ ਨੂੰ ਸਜ਼ਾ ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਪੀੜਤ ਧਿਰ ਨੇ ਸੱਜਣ ਕੁਮਾਰ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ।

ਦਿੱਲੀ ਵਿੱਚ 1984 ਵਿੱਚ ਹੋਏ ਸਿੱਖ ਦੰਗਾ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਸੱਜਣ ਕੁਮਾਰ ਨੂੰ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੱਜਣ ਕੁਮਾਰ ਪਹਿਲਾਂ ਤੋਂ ਹੀ ਦੂਜੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਇਹ ਸਜ਼ਾ ਸਰਸਵਤੀ ਵਿਹਾਰ ਵਿੱਚ ਹੋਏ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਵਿੱਚ ਦੋਸ਼ੀ ਮੰਨਦਿਆਂ ਸੁਣਾਈ ਗਈ ਹੈ। ਜਿਸ ਵੇਲ੍ਹੇ ਇਹ ਕਤਲ ਹੋਏ ਸਨ…ਉਸ ਵੇਲ੍ਹੇ, ਸੱਜਣ ਬਾਹਰੀ ਦਿੱਲੀ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੀ।
ਸੱਜਣ ਕੁਮਾਰ ਉਸ ਵੇਲ੍ਹੇ ਕਾਂਗਰਸ ਦੀ ਮੁੱਖ ਲੀਡਰਸ਼ਿਪ ਦੇ ਬਹੁਤ ਹੀ ਨੇੜੇ ਮੰਨਿਆ ਜਾਂਦਾ ਸੀ। ਆਪਣੇ ਸਿਆਸੀ ਰਸੂਖ ਕਾਰਨ ਹੀ ਉਸ ਵੱਲੋਂ ਇਨ੍ਹਾਂ ਕਤਲਾਂ ਨੂੰ ਅੰਜਾਮ ਦਿੱਤਾ ਗਿਆ। ਉਸ ਦੇ ਉਕਸਾਵੇ ਵਿੱਚ ਆਉਣ ਤੋਂ ਬਾਅਦ ਹੀ ਲੋਕਾਂ ਨੇ ਇਨ੍ਹਾਂ ਕਤਲਾਂ ਨੂੰ ਅੰਜਾਮ ਦਿੱਤਾ ਸੀ। ਅਜਿਹੇ ਵਿੱਚ ਦਿਲ ਵਿੱਚ ਇਹ ਖਿਆਲ ਜਰੂਰ ਆਉਂਦਾ ਹੈ ਕਿ ਆਖਿਰ ਕੌਣ ਹੈ ਇਹ ਸੱਜਣ ਕੁਮਾਰ, ਜਿਸਨੇ ਆਪਣੇ ਸਿਆਸੀ ਰਸੂਖ ਦਾ ਇਸਤੇਮਾਲ ਕਰਕੇ ਮਾਮੂਮ ਲੋਕਾਂ ਦੇ ਕਤਲ ਕਰਵਾਏ। ਆਓ…ਤੁਹਾਨੂੰ ਇਸਦੀ ਨਿੱਜੀ ਅਤੇ ਰਾਜਨੀਤਿਕ ਜ਼ਿੰਦਗੀ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ।
ਕੌਣ ਹੈ ਸੱਜਣ ਕੁਮਾਰ ?
23 ਸਤੰਬਰ 1945 ਨੂੰ ਜਨਮੇ ਸੱਜਣ ਕੁਮਾਰ ਨੇ ਆਪਣੀ ਜ਼ਿਆਦਾਤਰ ਸਿਆਸਤ ਦਿੱਲੀ ਵਿੱਚ ਹੀ ਕੀਤੀ। ਕਿਹਾ ਜਾਂਦਾ ਹੈ ਕਿ ਸ਼ੁਰੂ ਵਿੱਚ ਉਸਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਉਹ ਚਾਹ ਵੇਚ ਕੇ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। 1970 ਤੋਂ 80 ਦਾ ਦਹਾਕਾ ਦੇਸ਼ ਦੀ ਸਿਆਸਤ ਲਈ ਕਾਫੀ ਉੱਥਲ ਪੁੱਥਲ ਵਾਲਾ ਸੀ। ਇਸ ਉਠਾ-ਪਟਕ ਦੌਰਾਨ ਸੱਜਣ ਦੀ ਦਿਲਚਸਪੀ ਸਿਆਸਤ ਵਿੱਚ ਵਧੀ ਅਤੇ ਉਹ ਲੀਡਰਾਂ ਦੇ ਜਲਸਿਆਂ ਅਤੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲੱਗ ਪਿਆ।
ਸੱਜਣ ਕੁਮਾਰ ਨੇ ਐਮਰਜੈਂਸੀ ਦੌਰਾਨ ਸਿਆਸਤ ਵਿੱਚ ਪੈਰ ਰੱਖਿਆ ਅਤੇ 1977 ਵਿੱਚ ਦਿੱਲੀ ਨਗਰ ਨਿਗਮ ਲਈ ਕੌਂਸਲਰ ਚੁਣਿਆ ਗਿਆ। ਇਹ ਉਹ ਸਮਾਂ ਸੀ ਜਦੋਂ ਕਾਂਗਰਸ ਦੇ ਨਗਰ ਨਿਗਮ ਵਿੱਚ ਬਹੁਤ ਘੱਟ ਕੌਂਸਲਰ ਚੁਣੇ ਗਏ ਸਨ। ਜਿਸ ਕਾਰਨ ਉਸ ਦਾ ਸਿਆਸੀ ਕੱਦ ਵਧ ਗਿਆ ਅਤੇ ਸੱਜਣ ਕੁਮਾਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ (ਡੀਪੀਸੀਸੀ) ਦਾ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਕਾਂਗਰਸ ਵਿੱਚ ਸੱਜਣ ਦਾ ਦਬਦਬਾ ਵਧਦਾ ਹੀ ਚਲਾ ਗਿਆ। 3 ਸਾਲ ਬਾਅਦ ਹੀ ਸੱਜਣ ਨੇ ਲੋਕ ਸਭਾ ਦੀ ਚੋਣ ਲੜੀ ਅਤੇ ਜਿੱਤ ਕੇ ਪਹਿਲੀ ਵਾਰ ਸਾਂਸਦ ਚੁਣਿਆ ਗਿਆ। ਉਸ ਨੇ ਦਿੱਲੀ ਦੇ ਪਹਿਲੀ ਵਾਰ ਮੁੱਖ ਮੰਤਰੀ ਬਣੇ ਬ੍ਰਹਮ ਪ੍ਰਕਾਸ਼ ਨੂੰ ਹਰਾਇਆ ਜਿਸ ਕਾਰਨ ਉਸ ਦਾ ਸਿਆਸੀ ਕੱਦ ਹੋਰ ਵੀ ਵਧ ਗਿਆ। ਜਿਸ ਤੋਂ ਬਾਅਦ ਇਸੇ ਕਾਰਜਕਾਲ ਦੌਰਾਨ ਉਸ ਨੂੰ ਲੋਕ ਸਭਾ ਵਿੱਚ ਵਰਕਸ ਅਤੇ ਹਾਊਸਿੰਗ ਮੰਤਰਾਲੇ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਬਣਾਇਆ ਗਿਆ।
ਇਹ ਵੀ ਪੜ੍ਹੋ
ਇਸ ਸਮੇਂ ਤੱਕ ਸੱਜਣ ਕੁਮਾਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪੁੱਤਰ ਸੰਜੇ ਗਾਂਧੀ ਦੇ ਕਾਫੀ ਨੇੜੇ ਆ ਗਿਆ ਸੀ। ਇਸ ਤੋਂ ਬਾਅਦ 1991 ਵਿੱਚ ਮੁੜ ਉਸ ਨੇ ਲੋਕ ਸਭਾ ਦੀ ਚੋਣ ਜਿੱਤੀ। ਇਸ ਜਿੱਤ ਤੋਂ ਬਾਅਦ ਤਾਂ ਗਾਂਧੀ ਪਰਿਵਾਰ ਦਾ ਭਰੋਸਾ ਉਸ ਉੱਤੇ ਹੋਰ ਵੀ ਮਜਬੂਤ ਹੋ ਗਿਆ ਸੀ।
1984 ਸਿੱਖ ਨਸ਼ਲਕੁਸ਼ੀ
ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਸਿੱਖਾਂ ਨੂੰ ਪਹਿਚਾਣ ਕਤਲ ਕੀਤੇ ਜਾ ਰਹੇ ਸਨ। ਦਿੱਲੀ ਵਿੱਚ 2 ਕਾਂਗਰਸੀ ਲੀਡਰਾਂ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੇ ਇਸ ਨਸ਼ਲਕੁਸ਼ੀ ਦੀ ਅਗਵਾਈ ਕੀਤੀ। ਇਹ ਨਸ਼ਲਕੁਸ਼ੀ ਕਈ ਦਿਨਾਂ ਤੱਕ ਚਲਦੀ ਰਹੀ। ਜਿਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਸੀ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੀ ਹੈ।
ਉਨ੍ਹਾਂ ਦੇ ਇਸ ਬਿਆਨ ਦਾ ਬਹੁਤ ਵੱਡਾ ਅਸਰ ਹੋਇਆ। ਕਾਂਗਰਸੀ ਆਗੂਆਂ ਨੇ ਇੰਦਰਾ ਗਾਂਧੀ ਦੀ ਮੌਤ ਦਾ ਬਦਲਾ ਲੈਣ ਲਈ ਬਹੁਤ ਹੀ ਮੰਦਭਾਗਾ ਰਾਹ ਚੁਣਿਆ ਅਤੇ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਕਈ ਸ਼ਹਿਰਾਂ ਵਿੱਚ ਸਿੱਖਾਂ ਨੂੰ ਚੁਣ-ਚੁਣ ਕੇ ਕਤਲ ਕਰ ਦਿੱਤਾ ਗਿਆ।
ਸਭ ਤੋਂ ਵੱਡੀ ਜਿੱਤ
ਸੱਜਣ ਕੁਮਾਰ ਦੀ ਸਿਆਸੀ ਜਿੰਦਗੀ ਵਿੱਚ ਉਸ ਨੇ ਸਭ ਤੋਂ ਵੱਡੀ ਸਿਆਸੀ ਜਿੱਤ ਸਾਲ 2004 ਵਿੱਚ ਹਾਸਿਲ ਕੀਤੀ। ਉਹ 8 ਲੱਖ 55 ਹਜ਼ਾਰ 543 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਮੁੜ ਲੋਕ ਸਭਾ ਪਹੁੰਚਿਆ। ਪਰ 1984 ਸਿੱਖ ਨਸ਼ਲਕੁਸ਼ੀ ਵਾਲੇ ਇਲਜ਼ਾਮਾਂ ਨੇ ਸੱਜਣ ਦਾ ਪਿੱਛਾ ਨਾ ਛੱਡਿਆ। ਇੱਕ ਸਮਾਂ ਅਜਿਹਾ ਵੀ ਆਇਆ ਕਿ ਇਹਨਾਂ ਮਾਮਲਿਆਂ ਨੇ ਉਨ੍ਹਾਂ ਦਾ ਸਿਆਸੀ ਜੀਵਨ ਹੀ ਖ਼ਤਮ ਕਰ ਦਿੱਤਾ।
ਦੱਸ ਦੇਈਏ ਕਿ ਸੱਜਣ ਵਿਰੁੱਧ ਦਿੱਲੀ ਦੰਗਿਆਂ ਵਿੱਚ 3 ਤੋਂ ਵੱਧ ਮਾਮਲੇ ਚੱਲ ਰਹੇ ਸਨ। ਇੱਕ ਮਾਮਲੇ ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ। ਦੂਜੇ ਮਾਮਲੇ ਵਿੱਚ ਦਸੰਬਰ 2018 ਵਿੱਚ ਦਿੱਲੀ ਹਾਈ ਕੋਰਟ ਦੇ ਦੋਹਰੇ ਬੈਂਚ ਨੇ ਉਨ੍ਹਾਂ ਨੂੰ ਹਿੰਸਾ ਅਤੇ ਦੰਗੇ ਭੜਕਾਉਣ ਦਾ ਦੋਸ਼ੀ ਪਾਇਆ ਸੀ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਇਸ ਵੇਲੇ ਸੱਜਣ ਤਿਹਾੜ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਿਹਾ ਹੈ। ਅਤੇ ਹੁਣ ਉਸਨੂੰ ਦੂਜੇ ਮਾਮਲੇ ਵਿੱਚ ਵੀ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ।