ਕਾਰਬਾਈਡ ਗਨ ਕਿਵੇਂ ਬਣੀ ਦੀਵਾਲੀ ਦੌਰਾਨ ਅੱਖਾਂ ਲਈ ਕਾਲ? MP ਵਿੱਚ 300 ਜ਼ਖਮੀ, 30 ਲੋਕਾਂ ਦੀ ਗਈ ਨਜਰ

Updated On: 

24 Oct 2025 13:03 PM IST

Carbide Gun : ਮੱਧ ਪ੍ਰਦੇਸ਼ ਵਿੱਚ ਕਾਰਬਾਈਡ ਗਨ ਅੱਖਾਂ ਲਈ ਖ਼ਤਰਾ ਬਣ ਗਈ ਹੈ। ਇਸ ਨਾਲ ਬੱਚਿਆਂ ਸਮੇਤ 30 ਲੋਕਾਂ ਦੀ ਨਜ਼ਰ ਚਲੀ ਗਈ ਹੈ। 300 ਲੋਕ ਹਸਪਤਾਲ ਵਿੱਚ ਦਾਖਲ ਹਨ। ਜਾਣੋ ਕੀ ਹੁੰਦੀ ਹੈ ਕਾਰਬਾਈਡ ਗਨ, ਜਿਸਨੇ ਕਈ ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਲੈ ਲਈ ਹੈ, ਇਹ ਅੱਖਾਂ ਲਈ ਖ਼ਤਰਾ ਕਿਵੇਂ ਬਣ ਗਈ, ਅਤੇ ਪਾਬੰਦੀ ਦੇ ਬਾਵਜੂਦ ਇਸਤੇ ਰੋਕ ਕਿਉਂ ਨਹੀਂ ਲੱਗ ਪਾਉਂਦੀ।

ਕਾਰਬਾਈਡ ਗਨ ਕਿਵੇਂ ਬਣੀ ਦੀਵਾਲੀ ਦੌਰਾਨ ਅੱਖਾਂ ਲਈ ਕਾਲ? MP ਵਿੱਚ 300 ਜ਼ਖਮੀ, 30 ਲੋਕਾਂ ਦੀ ਗਈ ਨਜਰ

ਕਾਰਬਾਈਡ ਗਨ ਕਿਵੇਂ ਬਣੀ ਅੱਖਾਂ ਲਈ ਕਾਲ?

Follow Us On

ਜਦੋਂ ਦੇਸ਼ ਭਰ ਵਿੱਚ ਦੀਵਾਲੀ ਮਨਾਈ ਜਾ ਰਹੀ ਸੀ, ਤਾਂ ਕਾਰਬਾਈਡ ਗਨ ਨਾਲ ਜ਼ਖਮੀ ਹੋਣ ਤੋਂ ਬਾਅਦ ਲੋਕਾਂ ਨੂੰ ਹਸਪਤਾਲਾਂ ਵਿੱਚ ਲਿਜਾਇਆ ਗਿਆ। ਮੱਧ ਪ੍ਰਦੇਸ਼ ਵਿੱਚ ਕਾਰਬਾਈਡ ਗਨ ਕਾਰਨ ਬੱਚਿਆਂ ਸਮੇਤ ਤੀਹ ਲੋਕਾਂ ਨੇ ਆਪਣੀਆਂ ਅੱਖਾਂ ਗੁਆ ਦਿੱਤੀਆਂ। ਬੱਚਿਆਂ ਅਤੇ ਬਾਲਗਾਂ ਸਮੇਤ 300 ਤੋਂ ਵੱਧ ਲੋਕਾਂ ਨੂੰ ਗੰਭੀਰ ਅੱਖਾਂ ਦੀਆਂ ਸੱਟਾਂ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਆਓ ਜਾਣਦੇ ਹਾਂ ਕਾਰਬਾਈਡ ਬੰਦੂਕ ਕੀ ਹੈ, ਜਿਸ ਕਾਰਨ ਇੰਨੇ ਸਾਰੇ ਬੱਚਿਆਂ ਦੀ ਨਜ਼ਰ ਚਲੀ ਗਈ ਹੈ, ਅਤੇ ਪਾਬੰਦੀ ਦੇ ਬਾਵਜੂਦ ਇਸ ਤੇ ਰੋਕ ਕਿਉਂ ਨਹੀਂ ਲੱਗ ਪਾਉਂਦੀ।

ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਬਿਹਾਰ ਸਮੇਤ ਦੇਸ਼ ਭਰ ਦੇ ਕਈ ਹੋਰ ਰਾਜਾਂ ਵਿੱਚ ਕਾਰਬਾਈਡ ਗਨ ਦੀ ਵਰਤੋਂ ਕਾਰਨ ਲੋਕ ਜ਼ਖਮੀ ਹੋਏ ਹਨ। ਹਾਲਾਂਕਿ, ਸਭ ਤੋਂ ਮਾੜਾ ਪ੍ਰਭਾਵ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ ਦੇਖਿਆ ਗਿਆ ਹੈ, ਜਿੱਥੇ ਕਾਰਬਾਈਡ ਗਨਸ ਸਥਾਨਕ ਬਾਜ਼ਾਰਾਂ ਵਿੱਚ ਬੇਰੋਕ ਵਿਕ ਰਹੀਆਂ ਸਨ। ਹਾਲਾਂਕਿ ਮੱਧ ਪ੍ਰਦੇਸ਼ ਸਰਕਾਰ ਨੇ 18 ਅਕਤੂਬਰ ਨੂੰ ਦੀਵਾਲੀ ਤੋਂ ਠੀਕ ਪਹਿਲਾਂ ਇਨ੍ਹਾਂ ‘ਤੇ ਪਾਬੰਦੀ ਲਗਾ ਦਿੱਤੀ ਸੀ, ਪਰ ਇਨ੍ਹਾਂ ਦੇ ਉਤਪਾਦਨ ਅਤੇ ਵਿਕਰੀ ਨੂੰ ਰੋਕਿਆ ਨਹੀਂ ਜਾ ਸਕਿਆ ਕਿਉਂਕਿ ਇਨ੍ਹਾਂ ਨੂੰ ਬਹੁਤ ਹੀ ਸਥਾਨਕ ਪੱਧਰ ‘ਤੇ ਬਣਾਇਆ ਜਾਂਦਾ ਹੈ।

ਬਹੁਤ ਸਾਰੇ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਦੇਖਣ ਤੋਂ ਬਾਅਦ ਕਾਰਬਾਈਡ ਗਨਸ ਬਣਾਈਆਂ, ਪਰ ਉਹ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਫਟ ਗਈਆਂ। ਕਈਆਂ ਨੇ ਉਨ੍ਹਾਂ ਨੂੰ ਬਾਜ਼ਾਰ ਤੋਂ ਖਰੀਦ ਕੇ ਇਸਤੇਮਾਲ ਕੀਤਾ, ਪਰ ਉਹ ਉਨ੍ਹਾਂ ਦੀਆਂ ਅੱਖਾਂ ਲਈ ਕਾਲ ਬਣ ਗਈ।

ਦੇਸੀ ਜੁਗਾੜ ਨਾਲ ਬਣਾਈ ਜਾਂਦੀ ਹੈ ਗਨ

ਕਾਰਬਾਈਡ ਗਨ ਕਿਸੇ ਫੈਕਟਰੀ ਵਿੱਚ ਨਹੀਂ ਬਣਦੀ ਹੈ। ਇਹ ਸਥਾਨਕ ਤੌਰ ‘ਤੇ ਬਹੁਤ ਹੀ ਦੇਸੀ ਢੰਗ ਨਾਲ ਬਣਾਈ ਜਾਂਦੀ ਹੈ। ਜਿਵੇਂ ਲੋਹੇ ਦੇ ਪਾਈਪ ਨਾਲ ਪੋਟਾਸ਼ ਟਿਊਬ ਬਣਾਈ ਜਾਂਦੀ ਹੈ, ਉਸੇ ਤਰ੍ਹਾਂ ਇਹ ਬੰਦੂਕ ਕਈ ਪਲਾਸਟਿਕ ਪਾਈਪਾਂ ਨੂੰ ਇਕੱਠੇ ਜੋੜ ਕੇ ਬਣਾਈ ਜਾਂਦੀ ਹੈ। ਇਹ ਇੱਕ ਦੇਸੀ ਜੁਗਾੜ ਹੈ, ਜਿਸਨੂੰ ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਕਰਕੇ ਕਾਰਬਾਈਡ ਗਨ ਕਿਹਾ ਜਾਂਦਾ ਹੈ। ਇਹ ਬਹੁਤ ਸਸਤਾ ਹੈ ਅਤੇ ਬੱਚਿਆਂ ਨੂੰ ਆਕਰਸ਼ਿਤ ਕਰਦਾ ਹੈ। ਇਸ ਲਈ ਇਸ ਦੀਵਾਲੀ ‘ਤੇ ਇਸ ਬੰਦੂਕ ਨੂੰ ਵੱਡੇ ਪੱਧਰ ‘ਤੇ ਖਰੀਦਿਆ ਗਿਆ।

ਖਾਸ ਕਰਕੇ ਸੋਸ਼ਲ ਮੀਡੀਆ ਰਾਹੀਂ ਇਹ ਕਾਫੀ ਪ੍ਰਸਿੱਧ ਹੋ ਗਈ, , ਅਤੇ ਲੋਕਾਂ ਨੇ ਇਸਨੂੰ ਸਿਰਫ਼ 150 ਤੋਂ 200 ਰੁਪਏ ਵਿੱਚ ਬਣਾ ਕੇ ਵੇਚਿਆ। ਥੋੜ੍ਹੇ ਜਿਹੇ ਪੈਸੇ ਦੇ ਲਾਲਚ ਵਿੱਚ, ਇਹਨਾਂ ਬੰਦੂਕਾਂ ਦੇ ਵੇਚਣ ਵਾਲਿਆਂ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਸੀ ਕਿ ਇਹ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਹਮੇਸ਼ਾ ਲਈ ਖੋਹ ਲਵੇਗੀ।

ਇਸੇ ਲਈ ਹੁੰਦੀ ਹੈ ਖ਼ਤਰਨਾਕ

ਇਹ ਸਥਾਨਕ ਕਾਰਬਾਈਡ ਗਨ ਬਹੁਤ ਖ਼ਤਰਨਾਕ ਹੁੰਦੀ ਹੈ ਕਿਉਂਕਿ ਇਸ ਵਿੱਚ ਰਸਾਇਣ ਦੀ ਵਰਤੋਂ ਹੁੰਦੀ ਹੈ। ਕੈਲਸ਼ੀਅਮ ਕਾਰਬਾਈਡ ਬੰਦੂਕ ਦੇ ਪਲਾਸਟਿਕ ਪਾਈਪ ਵਿੱਚ ਪਾਇਆ ਜਾਂਦਾ ਹੈ। ਇਸ ਕੈਲਸ਼ੀਅਮ ਕਾਰਬਾਈਡ ਉੱਤੇ ਪਾਣੀ ਦੀਆਂ ਕੁਝ ਬੂੰਦਾਂ ਪਾਈਆਂ ਜਾਂਦੀਆਂ ਹਨ, ਜੋ ਇੱਕ ਗੈਸ ਬਣਾਉਂਦੀ ਹੈ। ਜਿਵੇਂ ਹੀ ਇਸਨੂੰ ਲਾਈਟਰ ਜਾਂ ਮਾਚਿਸ ਦੀ ਚੰਗਿਆੜੀ ਦਿਖਾਈ ਦਿੰਦੀ ਹੈ, ਵੱਡਾ ਧਮਾਕਾ ਹੁੰਦਾ ਹੈ। ਬੱਚੇ ਦੀਵਾਲੀ ‘ਤੇ ਇਸੇ ਧਮਾਕੇ ਲਈ ਇਸਦੀ ਵਰਤੋਂ ਕਰ ਰਹੇ ਸਨ।

ਕਿਵੇਂ ਹੁੰਦਾ ਹੈ ਹਾਦਸਾ?

ਜਦੋਂ ਪਲਾਸਟਿਕ ਦੀ ਪਾਈਪ ਵਿੱਚ ਕੈਲਸ਼ੀਅਮ ਕਾਰਬਾਈਡ ਉੱਤੇ ਪਾਣੀ ਪਾਇਆ ਜਾਂਦਾ ਹੈ, ਤਾਂ ਕੈਲਸ਼ੀਅਮ ਕਾਰਬਾਈਡ ਅਤੇ ਪਾਣੀ ਦੇ ਰਿਐਕਸ਼ਨ ਵਿੱਚ ਕੁਝ ਸਮਾਂ ਲੱਗਦਾ ਹੈ। ਇਸ ਦੌਰਾਨ, ਧਮਾਕੇ ਲਈ ਉਤਸੁਕ ਬੱਚੇ, ਬੰਦੂਕ ਦੇ ਅੰਦਰ ਝਾਂਕਦੇ ਹਨ ਕਿ ਇਹ ਕਿਉਂ ਨਹੀਂ ਫਟਿਆ। ਉਦੋਂ ਤੱਕ, ਇੱਕ ਰਿਐਕਸ਼ਨ ਹੋ ਜਾਂਦਾ ਹੈ, ਅਤੇ ਅਚਾਨਕ, ਜ਼ੋਰਦਾਰ ਧਮਾਕਾ ਹੁੰਦਾ ਹੈ। ਧਮਾਕੇ ਵਿੱਚ ਨਿਕਲੇ ਪਲਾਸਟਿਕ ਦੇ ਟੁਕੜੇ ਅਤੇ ਰਸਾਇਣ ਅੱਖਾਂ ਵਿੱਚ ਦਾਖਲ ਹੋ ਜਾਂਦੇ ਹਨ। ਧਮਾਕਾ ਇੰਨਾ ਤੇਜ਼ ਹੁੰਦਾ ਹੈ ਕਿ ਇਹ ਅੱਖਾਂ ਅਤੇ ਪੂਰੇ ਚਿਹਰੇ ਨੂੰ ਛਲਨੀ ਕਰ ਸਕਦਾ ਹੈ।

ਅੱਖਾਂ ਨੂੰ ਇਸ ਲਈ ਪਹੁੰਚਦਾ ਹੈ ਨੁਕਸਾਨ

ਕਾਰਬਾਈਡ ਬੰਦੂਕ ਵਿੱਚ ਪਾਣੀ ਅਤੇ ਕੈਲਸ਼ੀਅਮ ਕਾਰਬਾਈਡ ਦੇ ਟੁਕੜਿਆਂ ਦੀ ਰਸਾਇਣਕ ਪ੍ਰਤੀਕ੍ਰਿਆ ਦੁਆਰਾ ਐਸੀਟਲੀਨ ਗੈਸ ਪੈਦਾ ਹੁੰਦੀ ਹੈ। ਐਸੀਟਲੀਨ ਗੈਸ ਵੈਲਡਿੰਗ ਵਿੱਚ ਵਰਤੀ ਜਾਂਦੀ ਹੈ। ਇਹ ਬਹੁਤ ਜ਼ਿਆਦਾ ਜਲਣਸ਼ੀਲ ਹੁੰਦੀ ਹੈ। ਜਦੋਂ ਬੱਚੇ ਇਸ ਵਿੱਚ ਝਾਤੀ ਮਾਰਦੇ ਹਨ ਜਾਂ ਇਸਨੂੰ ਆਪਣੇ ਚਿਹਰਿਆਂ ਦੇ ਨੇੜੇ ਰੱਖਦੇ ਹਨ, ਤਾਂ ਧਮਾਕਾ ਐਸੀਟਲੀਨ ਗੈਸ ਅਤੇ ਗਰਮ, ਸੜੀ ਹੋਈ ਕਾਰਬਾਈਡ ਨੂੰ ਸਿੱਧੇ ਉਨ੍ਹਾਂ ਦੇ ਚਿਹਰਿਆਂ ਅਤੇ ਅੱਖਾਂ ‘ਤੇ ਪੈਂਦਾ ਹੈ। ਇਸ ਨਾਲ ਚਿਹਰੇ ਅਤੇ ਅੱਖਾਂ ਵਿੱਚ ਰਸਾਇਣਕ ਜਲਣ ਹੁੰਦੀ ਹੈ, ਅਤੇ ਕਰਨੀਆਂ ਅਤੇ ਕੰਨਜਕਟਿਵਾ ਬੁਰੀ ਤਰ੍ਹਾਂ ਝੁਲਸ ਜਾਂਦੇ ਹਨ। ਇਸ ਤੋਂ ਇਲਾਵਾ, ਧਮਾਕੇ ਦੌਰਾਨ ਪੀਵੀਸੀ ਪਾਈਪ ਤੋਂ ਛੋਟੇ ਟੁਕੜੇ ਵੀ ਨਿਕਲਦੇ ਹਨ, ਅਤੇ ਇਹ ਪਲਾਸਟਿਕ ਦੇ ਟੁਕੜੇ ਗੋਲੀਆਂ ਵਾਂਗ ਅੱਖਾਂ ਵਿੱਚ ਦਾਖਲ ਹੋ ਜਾਂਦੇ ਹਨ। ਇਸ ਨਾਲ ਅੱਖਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਗੰਭੀਰ ਹੋਣ ਤੇ ਨਜ਼ਰ ਦਾ ਨੁਕਸਾਨ ਵੀ ਹੋ ਸਕਦਾ ਹੈ।

ਫਲਾਂ ਨੂੰ ਪੱਕਾਉਣ ਵਿੱਚ ਹੁੰਦਾ ਹੈ ਇਸਤੇਮਾਲ

ਕੈਲਸ਼ੀਅਮ ਕਾਰਬਾਈਡ ਪਹਿਲਾਂ ਫਲਾਂ ਨੂੰ ਪਕਾਉਣ ਲਈ ਵਰਤਿਆ ਜਾਂਦਾ ਸੀ। ਹਾਲਾਂਕਿ, ਪਿਛਲੇ ਕੁਝ ਸਾਲਾਂ ਤੋਂ ਇਸ ‘ਤੇ ਪਾਬੰਦੀ ਲੱਗਾਈ ਗਈ ਹੈ। ਅਜਿਹੇ ਵਿੱਚ, ਕੈਲਸ਼ੀਅਮ ਕਾਰਬਾਈਡ ਨੂੰ ਗੈਰ-ਕਾਨੂੰਨੀ ਤੌਰ ‘ਤੇ ਵਿਸਫੋਟਕ ਵਜੋਂ ਵਰਤਿਆ ਜਾਂਦਾ ਰਿਹਾ ਹੈ।ਆਮ ਤੌਰ ‘ਤੇ ਪਟਾਕਿਆਂ ਅਤੇ ਵਿਸਫੋਟਕਾਂ ਦੇ ਨਿਰਮਾਣ, ਸਟੋਰੇਜ ਅਤੇ ਆਵਾਜਾਈ ਲਈ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ, ਇਸ ਕਾਰਬਾਈਡ ਗਨ ਦਾ ਨਿਰਮਾਣ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਇਸ ਦੇ ਬਾਵਜੂਦ, ਇਸ ਦੀਵਾਲੀ ‘ਤੇ ਇਸਦਾ ਨਿਰਮਾਣ ਅਤੇ ਵਿਕਰੀ ਵੱਡੇ ਪੱਧਰ ‘ਤੇ ਕੀਤੀ ਗਈ। ਕਾਰਬਾਈਡ ਗਨ ਕਾਰਨ ਹੋਣ ਵਾਲੇ ਹਾਦਸਿਆਂ ਦੇ ਮੱਦੇਨਜ਼ਰ, ਮੱਧ ਪ੍ਰਦੇਸ਼ ਸਰਕਾਰ ਨੇ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਇਸ ਗੱਲ ਦੀ ਜਾਂਚ ਦੇ ਹੁਕਮ ਦਿੱਤੇ ਹਨ ਕਿ ਪਾਬੰਦੀ ਦੇ ਬਾਵਜੂਦ ਕਾਰਬਾਈਡ ਗਨਸ ਬਾਜ਼ਾਰ ਵਿੱਚ ਕਿਵੇਂ ਆਈਆਂ। ਇਨ੍ਹਾਂ ਦੀ ਵਰਤੋਂ ਨੂੰ ਰੋਕਣ ਅਤੇ ਇਨ੍ਹਾਂ ਨੂੰ ਜ਼ਬਤ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇ ਮਾਰੇ ਜਾ ਰਹੇ ਹਨ। ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਕਾਰਵਾਈ ਕੀਤੀ ਜਾ ਰਹੀ ਹੈ।