ਪਾਕਿਸਤਾਨ ਨੇ ਬੰਦ ਕੀਤਾ ਏਅਰਸਪੇਸ , ਹੁਣ ਭਾਰਤ ਕੋਲ ਕੀ ਵਿਕਲਪ? ਕਿਹੜੇ ਜਹਾਜ਼ ਪਾਕਿ ਤੋਂ ਹੋ ਕੇ ਨਿਕਲਦੇ ਸਨ…ਕੀ ਪਵੇਗਾ ਅਸਰ? ਜਾਣੋ
Pakistan Airspace closed: ਪਹਿਲਗਾਮ ਹਮਲੇ ਤੋਂ ਬਾਅਦ, ਐਕਸ਼ਨ ਵਿੱਚ ਆਈ ਭਾਰਤ ਸਰਕਾਰ ਨੇ ਕਈ ਕਦਮ ਚੁੱਕੇ। ਹੁਣ ਪਾਕਿਸਤਾਨ ਸਰਕਾਰ ਨੇ ਭਾਰਤੀ ਏਅਰਲਾਈਨਸ ਲਈ ਆਪਣਾ ਏਅਰਸਪੇਸ ਬੰਦ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਦੇਸ਼ਾਂ ਨੂੰ ਜਾਣ ਵਾਲੇ ਭਾਰਤੀ ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ਤੋਂ ਹੋ ਕੇ ਲੰਘਦੇ ਹਨ? ਹੁਣ ਇਹ ਜਹਾਜ਼ ਕਿੱਥੋਂ ਜਾਣਗੇ? ਕਿੰਨੀ ਦੂਰੀ ਵਧੇਗੀ ਅਤੇ ਕਿੰਨਾ ਕਿਰਾਇਆ?

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮਾਸੂਮ ਸੈਲਾਨੀਆਂ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤ ਨੇ ਪਾਕਿਸਤਾਨ ਖਿਲਾਫ ਕੱਈ ਸਖ਼ਤ ਕਦਮ ਚੁੱਕੇ ਹਨ ਤਾਂ ਪਾਕਿਸਤਾਨ ਨੇ ਵੀ ਕੁਝ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਪਾਬੰਦੀਆਂ ਵਿੱਚ ਏਅਰਸਪੇਸ ਬੰਦ ਕਰਨਾ ਵੀ ਸ਼ਾਮਲ ਹੈ। ਹੁਣ ਜਦੋਂ ਪਾਕਿਸਤਾਨ ਨੇ ਭਾਰਤ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ ਤਾਂ ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਭਾਰਤੀ ਜਹਾਜ਼ ਕਿਹੜੇ ਰਸਤਿਓਂ ਹੋ ਕੇ ਦੂਜੇ ਦੇਸ਼ਾਂ ਨੂੰ ਜਾਣਗੇ। ਜੇਕਰ ਲੰਬੇ ਰਸਤਿਓਂ ਜਾਣਗੇ ਤਾਂ ਜਾਹਿਰ ਹੈ ਕਿ ਸਮਾਂ ਅਤੇ ਕਿਰਾਇਆ ਵੀ ਜਿਆਦਾ ਲੱਗੇਗਾ। ਆਏ ਜਾਣਦੇ ਹਾਂ ਇਸ ਬਾਰੇ ਪੂਰੀ ਜਾਣਕਾਰੀ…
ਸਾਊਦੀ ਅਰਬ ਲਈ ਇਹ ਹੋ ਸਕਦਾ ਹੈ ਵਿਕਲਪ
ਪਾਕਿਸਤਾਨ ਦਾ ਹਵਾਈ ਖੇਤਰ ਬੰਦ ਹੋਣ ਕਾਰਨ, ਭਾਰਤ ਤੋਂ ਦੂਜੇ ਦੇਸ਼ਾਂ ਨੂੰ ਜਾਣ ਵਾਲੀਆਂ ਉਡਾਣਾਂ ਨੂੰ ਹੁਣ ਕਿਸੇ ਹੋਰ ਰਸਤੇ ਦੀ ਵਰਤੋਂ ਕਰਨੀ ਪਵੇਗੀ, ਜੋ ਕਿ ਲੰਬਾ ਹੋਵੇਗਾ। ਸਾਊਦੀ ਅਰਬ, ਯੂਏਈ, ਓਮਾਨ ਅਤੇ ਕਤਰ ਵਰਗੇ ਖਾੜੀ ਦੇਸ਼ਾਂ ਲਈ, ਪਾਕਿਸਤਾਨ ਰਾਹੀਂ ਹਵਾਈ ਰਸਤਾ ਛੋਟਾ ਹੈ। ਪਾਕਿਸਤਾਨ ਵੱਲੋਂ ਆਪਣਾ ਹਵਾਈ ਖੇਤਰ ਬੰਦ ਕਰਨ ਕਾਰਨ, ਏਅਰ ਇੰਡੀਆ, ਇੰਡੀਗੋ ਵਰਗੀਆਂ ਸਾਰੀਆਂ ਭਾਰਤੀ ਏਅਰਲਾਈਨਸ ਨੂੰ ਉੱਤਰੀ ਅਮਰੀਕਾ, ਯੂਕੇ, ਯੂਰਪ ਅਤੇ ਮੱਧ ਪੂਰਬ ਲਈ ਲੰਬੇ ਰੂਟਾਂ ਰਾਹੀਂ ਉਡਾਣਾਂ ਭਰਨੀਆਂ ਹੋਣਗੀਆਂ। ਇਸਦਾ ਮਤਲਬ ਹੈ ਕਿ ਜਹਾਜ਼ਾਂ ਨੂੰ ਵਧੇਰੇ ਬਾਲਣ ਦੀ ਲੋੜ ਪਵੇਗੀ। ਫਲਾਈਟ ਚਾਲਕ ਦਲ ਦੇ ਮੈਂਬਰਾਂ ਨੂੰ ਜ਼ਿਆਦਾ ਘੰਟੇ ਕੰਮ ਕਰਨਾ ਪਵੇਗਾ।
ਜੇਕਰ ਕੋਈ ਭਾਰਤੀ ਜਹਾਜ਼ ਭਾਰਤ ਤੋਂ ਸਾਊਦੀ ਅਰਬ ਲਈ ਉਡਾਣ ਭਰਦਾ ਹੈ ਤਾਂ ਉਹ ਪਾਕਿਸਤਾਨ ਦੇ ਰਸਤੇ ਘੱਟ ਸਮੇਂ ਵਿੱਚ ਉੱਥੇ ਪਹੁੰਚ ਜਾਂਦਾ ਹੈ। ਪਾਕਿਸਤਾਨ ਦੇ ਹਵਾਈ ਖੇਤਰ ਬੰਦ ਹੋਣ ਕਾਰਨ, ਭਾਰਤੀ ਜਹਾਜ਼ਾਂ ਨੂੰ ਹੁਣ ਕਿਸੇ ਹੋਰ ਰਸਤੇ ਰਾਹੀਂ ਸਾਊਦੀ ਅਰਬ ਜਾਣਾ ਪਵੇਗਾ। ਇਹ ਕਾਫ਼ੀ ਮਹਿੰਗਾ ਹੋ ਸਕਦਾ ਹੈ, ਕਿਉਂਕਿ ਜਹਾਜ਼ ਨੂੰ ਲੰਬੀ ਦੂਰੀ ਤੈਅ ਕਰਨੀ ਪਵੇਗੀ। ਇਸ ਲਈ ਇੱਕ ਵਿਕਲਪ ਇਹ ਹੈ ਕਿ ਭਾਰਤੀ ਜਹਾਜ਼ ਹੁਣ ਮੁੰਬਈ ਤੋਂ ਅਰਬ ਸਾਗਰ ਰਾਹੀਂ ਸਾਊਦੀ ਅਰਬ ਲਈ ਉਡਾਣ ਭਰਨ।
ਅਫਗਾਨਿਸਤਾਨ ਲਈ ਈਰਾਨ ਰਾਹੀਂ ਉਡਾਣ ਭਰ ਸਕਣਗੇ
ਜੇਕਰ ਕੋਈ ਭਾਰਤੀ ਜਹਾਜ਼ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਆਉਣ ਲਈ ਉਡਾਣ ਭਰਦਾ ਹੈ, ਤਾਂ ਹੁਣ ਉਹ ਵੀ ਪਾਕਿਸਤਾਨ ਨਹੀਂ ਜਾਵੇਗਾ। ਉਸ ਜਹਾਜ਼ ਨੂੰ ਦਿੱਲੀ ਪਹੁੰਚਣ ਲਈ ਕਾਬੁਲ ਤੋਂ ਈਰਾਨ ਅਤੇ ਫਿਰ ਅਰਬ ਸਾਗਰ ਪਾਰ ਕਰਨਾ ਪਵੇਗਾ। ਇਹ ਸਪੱਸ਼ਟ ਹੈ ਕਿ ਜੇਕਰ ਤੁਸੀਂ ਲੰਬੀ ਦੂਰੀ ਦੀ ਯਾਤਰਾ ਕਰਦੇ ਹੋ, ਤਾਂ ਨਾ ਸਿਰਫ਼ ਏਅਰਲਾਈਨਾਂ ਦੇ ਖਰਚੇ ਵਧਣਗੇ, ਸਗੋਂ ਉਡਾਣਾਂ ਵਿੱਚ ਲੱਗਣ ਵਾਲਾ ਸਮਾਂ ਵੀ ਵਧੇਗਾ।
ਜ਼ਾਹਿਰ ਹੈ ਕਿ ਏਅਰਲਾਈਨਾਂ ਇਹ ਬੋਝ ਯਾਤਰੀਆਂ ‘ਤੇ ਪਾਉਣਗੀਆਂ। ਇਸੇ ਤਰ੍ਹਾਂ, ਭਾਰਤ ਤੋਂ ਯੂਰਪ ਜਾਣ ਵਾਲੀਆਂ ਉਡਾਣਾਂ ਨੂੰ ਵੀ ਲੰਮੀ ਦੂਰੀ ਤੈਅ ਕਰਨੀ ਪਵੇਗੀ ਅਤੇ ਉਡਾਣ ਦੀ ਦੂਰੀ 913 ਕਿਲੋਮੀਟਰ ਵਧ ਜਾਵੇਗੀ। ਅਜਿਹੀ ਸਥਿਤੀ ਵਿੱਚ, ਯੂਰਪ ਪਹੁੰਚਣ ਵਿੱਚ ਲੱਗਣ ਵਾਲਾ ਸਮਾਂ ਵੀ ਦੋ ਘੰਟੇ ਵਧ ਜਾਵੇਗਾ।
ਇਹ ਵੀ ਪੜ੍ਹੋ
ਉੱਤਰੀ ਭਾਰਤ ਤੋਂ ਪੱਛਮੀ ਦੇਸ਼ਾਂ ਦੀਆਂ ਉਡਾਣਾਂ ‘ਤੇ ਵਧੇਰੇ ਅਸਰ
ਮਾਹਿਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਹਵਾਈ ਖੇਤਰ ਦੇ ਬੰਦ ਹੋਣ ਨਾਲ ਉੱਤਰੀ ਭਾਰਤ ਤੋਂ ਖਾਸ ਕਰਕੇ ਪੱਛਮੀ ਦੇਸ਼ਾਂ ਵੱਲ ਜਾਣ ਵਾਲੀਆਂ ਉਡਾਣਾਂ ‘ਤੇ ਸਭ ਤੋਂ ਵੱਧ ਅਸਰ ਪਵੇਗਾ। ਇਨ੍ਹਾਂ ਵਿੱਚ, ਦਿੱਲੀ, ਜੈਪੁਰ, ਲਖਨਊ, ਚੰਡੀਗੜ੍ਹ ਅਤੇ ਅੰਮ੍ਰਿਤਸਰ ਵਰਗੇ ਕਈ ਸ਼ਹਿਰਾਂ ਤੋਂ ਅਮਰੀਕਾ, ਯੂਰਪ ਅਤੇ ਪੱਛਮੀ ਏਸ਼ੀਆ ਲਈ ਉਡਾਣਾਂ ਪ੍ਰਭਾਵਿਤ ਹੋਣਗੀਆਂ। ਇੱਥੋਂ ਜਾਣ ਵਾਲੀਆਂ ਉਡਾਣਾਂ ਨੂੰ ਹੁਣ ਪਹਿਲਾਂ ਗੁਜਰਾਤ ਜਾਂ ਮਹਾਰਾਸ਼ਟਰ ਵੱਲ ਮੁੜਨਾ ਪਵੇਗਾ ਅਤੇ ਫਿਰ ਅਰਬ ਸਾਗਰ ਦੇ ਉੱਪਰੋਂ ਦੀ ਉਡਾਣ ਭਰਨੀ ਪਵੇਗੀ। ਇਸ ਕਾਰਨ ਉਡਾਣ ਦਾ ਸਮਾਂ 70 ਤੋਂ 80 ਮਿੰਟ ਵਧ ਜਾਵੇਗਾ।
ਭਾਰਤ ਹੀ ਨਹੀਂ, ਪਾਕਿਸਤਾਨ ਨੂੰ ਵੀ ਨੁਕਸਾਨ
ਸਾਲ 2019 ਵਿੱਚ, ਜਦੋਂ ਭਾਰਤ ਨੇ ਕਸ਼ਮੀਰ ਤੋਂ ਧਾਰਾ 370 ਹਟਾ ਦਿੱਤੀ ਸੀ, ਉਦੋਂ ਵੀ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਇੱਕ ਅੰਦਾਜ਼ੇ ਅਨੁਸਾਰ, ਇੰਡੀਅਨ ਏਅਰਲਾਈਨਜ਼ ਨੂੰ ਉਸ ਸਮੇਂ ਲਗਭਗ 700 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਕਾਰਨ ਯਾਤਰੀਆਂ ਨੂੰ ਮਹਿੰਗੀਆਂ ਟਿਕਟਾਂ ਖਰੀਦਣੀਆਂ ਪਈਆਂ। ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਵੱਲੋਂ ਲਗਾਈ ਗਈ ਪਾਬੰਦੀ ਕਾਰਨ ਭਾਰਤੀ ਏਅਰਲਾਈਨਾਂ ਵਿੱਚ ਏਅਰ ਇੰਡੀਆ ਨੂੰ ਸਭ ਤੋਂ ਵੱਡਾ ਝਟਕਾ ਲੱਗਾ। ਹਾਲਾਂਕਿ, ਅਜਿਹੀਆਂ ਪਾਬੰਦੀਆਂ ਭਾਰਤ ਨਾਲੋਂ ਪਾਕਿਸਤਾਨ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੀਆਂ ਹਨ। ਅੰਦਾਜ਼ਾ ਲਗਾਇਆ ਗਿਆ ਹੈ ਕਿ ਪਿਛਲੀ ਵਾਰ ਪਾਕਿਸਤਾਨ ਨੂੰ ਪਾਕਿਸਤਾਨੀ ਹਵਾਈ ਖੇਤਰ ਬੰਦ ਹੋਣ ਕਾਰਨ ਲਗਭਗ 400 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਲਈ ਇਹ ਇੱਕ ਵੱਡਾ ਝਟਕਾ ਸੀ।
ਇਨ੍ਹਾਂ ਏਅਰਲਾਈਨਾਂ ਨੂੰ ਹੋਵੇਗਾ ਨੁਕਸਾਨ
ਏਅਰ ਇੰਡੀਆ ਦੀਆਂ ਕਈ ਅੰਤਰਰਾਸ਼ਟਰੀ ਲੰਬੀ ਦੂਰੀ ਦੀਆਂ ਉਡਾਣਾਂ ਪਾਕਿਸਤਾਨ ਦੇ ਹਵਾਈ ਖੇਤਰ ਵਿੱਚੋਂ ਲੰਘਦੀਆਂ ਹਨ। ਇਸ ਫੈਸਲੇ ਨਾਲ ਏਅਰ ਇੰਡੀਆ ਸਭ ਤੋਂ ਵੱਧ ਪ੍ਰਭਾਵਿਤ ਹੋਵੇਗੀ। ਹਾਲਾਂਕਿ, ਕੰਪਨੀ ਨੇ ਆਪਣੀਆਂ ਕੁਝ ਉਡਾਣਾਂ ਲਈ ਵਿਕਲਪਿਕ ਰੂਟਾਂ ਦਾ ਐਲਾਨ ਕੀਤਾ ਹੈ। ਇੰਡੀਗੋ ਅਤੇ ਸਪਾਈਸਜੈੱਟ ਦੇ ਨਾਲ-ਨਾਲ ਮੱਧ ਪੂਰਬ ਅਤੇ ਹੋਰ ਪੱਛਮੀ ਦੇਸ਼ਾਂ ਲਈ ਹੋਰ ਨਿੱਜੀ ਏਅਰਲਾਈਨਾਂ ਦੀਆਂ ਉਡਾਣਾਂ ਪ੍ਰਭਾਵਿਤ ਹੋਣਗੀਆਂ। ਸੰਚਾਲਨ ਲਾਗਤਾਂ ਵਿੱਚ ਵਾਧੇ ਕਾਰਨ, ਲੋਕਾਂ ਨੂੰ ਯਾਤਰਾ ‘ਤੇ ਵਧੇਰੇ ਖਰਚ ਕਰਨਾ ਪਵੇਗਾ।