ਇਹ ਡੂੰਘੀ ਚਿੰਤਾ ਦਾ ਵਿਸ਼ਾ… ਵੈਨੇਜ਼ੁਏਲਾ ਵਿੱਚ ਅਮਰੀਕੀ ਅਟੈਕ – ਰਾਸ਼ਟਰਪਤੀ ਨੂੰ ਬਣਾਇਆ ਬੰਧਕ, ਹੁਣ ਭਾਰਤ ਨੇ ਕੀ-ਕੀ ਕਿਹਾ?
India On US Attack On Venezuela: ਅਮਰੀਕਾ ਨੇ ਵੈਨੇਜ਼ੁਏਲਾ 'ਤੇ ਹਮਲਾ ਕਰਕੇ ਰਾਸ਼ਟਰਪਤੀ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਅਗਵਾ ਕਰ ਲਿਆ ਹੈ। ਭਾਰਤ ਨੇ ਇਸ ਗੰਭੀਰ ਘਟਨਾਕ੍ਰਮ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਸਾਰੇ ਪੱਖਾਂ ਨੂੰ ਖੇਤਰ ਵਿੱਚ ਸਥਿਰਤਾ ਬਣਾਈ ਰੱਖਣ ਲਈ ਗੱਲਬਾਤ ਅਤੇ ਸ਼ਾਂਤੀਪੂਰਨ ਹੱਲ ਲਈ ਅਪੀਲ ਕੀਤੀ ਹੈ।
ਅਮਰੀਕਾ ਨੇ ਸ਼ਨੀਵਾਰ ਨੂੰ ਵੈਨੇਜ਼ੁਏਲਾ ‘ਤੇ ਹਮਲਾ ਕੀਤਾ ਸੀ। ਹਮਲੇ ਤੋਂ ਬਾਅਦ, ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ, ਸੀਲੀਆ ਫਲੋਰੇਸ ਨੂੰ ਅਗਵਾ ਕਰ ਲਿਆ। ਬਾਅਦ ਵਿੱਚ ਉਨ੍ਹਾਂ ਨੂੰ ਨਿਊਯਾਰਕ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਡਿਟੇਂਸ਼ਨ ਸੈਂਟਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ‘ਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲਿਆਂ ਵਿੱਚ ਮੁਕੱਦਮਾ ਚਲਾਇਆ ਜਾਵੇਗਾ। ਕਈ ਦੇਸ਼ਾਂ ਨੇ ਇਸ ਅਮਰੀਕੀ ਕਦਮ ਦੀ ਆਲੋਚਨਾ ਕੀਤੀ ਹੈ, ਜਦੋਂ ਕਿ ਕਈ ਦੇਸ਼ ਇਸਦਾ ਸਮਰਥਨ ਕਰਦੇ ਨਜਰ ਆ ਰਹੇ ਹਨ। ਹੁਣ, ਲਗਭਗ 24 ਘੰਟੇ ਬਾਅਦ, ਭਾਰਤ ਨੇ ਇਸ ਮਾਮਲੇ ‘ਤੇ ਬਿਆਨ ਜਾਰੀ ਕੀਤਾ ਹੈ।
ਅਮਰੀਕੀ ਹਮਲੇ ਤੋਂ 24 ਘੰਟੇ ਬਾਅਦ, ਭਾਰਤ ਨੇ ਵੈਨੇਜ਼ੁਏਲਾ ਦੇ ਘਟਨਾਕ੍ਰਮ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਭਾਰਤ ਸਰਕਾਰ ਵੈਨੇਜ਼ੁਏਲਾ ਵਿੱਚ ਬਦਲਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਭਾਰਤ ਨੇ ਵੈਨੇਜ਼ੁਏਲਾ ਦੇ ਲੋਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਆਪਣਾ ਸਮਰਥਨ ਦੁਹਰਾਇਆ ਹੈ। ਇਸ ਵਿੱਚ ਸਾਰੀਆਂ ਧਿਰਾਂ ਨੂੰ ਗੱਲਬਾਤ ਅਤੇ ਸ਼ਾਂਤੀਪੂਰਨ ਤਰੀਕਿਆਂ ਨਾਲ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਵੀ ਕੀਤੀ ਗਈ ਤਾਂ ਜੋ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖੀ ਜਾ ਸਕੇ।
ਭਾਰਤ ਸਰਕਾਰ ਨੇ ਇਹ ਵੀ ਕਿਹਾ ਕਿ ਕਰਾਕਾਸ ਵਿੱਚ ਭਾਰਤੀ ਦੂਤਾਵਾਸ ਉੱਥੇ ਰਹਿਣ ਵਾਲੇ ਭਾਰਤੀ ਨਾਗਰਿਕਾਂ ਦੇ ਸੰਪਰਕ ਵਿੱਚ ਹੈ ਅਤੇ ਲੋੜ ਪੈਣ ‘ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਦਾ ਰਹੇਗਾ। ਪਹਿਲਾਂ, ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਸੀ। ਕੱਲ੍ਹ ਐਡਵਾਇਜਰੀ ਜਾਰੀ ਕੀਤੀ ਗਈ ਸੀ।
ਸਰਕਾਰ ਨੇ ਜਾਰੀ ਕੀਤੀ ਸੀ ਐਡਵਾਇਜਰੀ
ਵੈਨੇਜ਼ੁਏਲਾ ‘ਤੇ ਹਮਲੇ ਤੋਂ ਬਾਅਦ, ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, “ਵੈਨੇਜ਼ੁਏਲਾ ਵਿੱਚ ਹਾਲ ਹੀ ਵਿੱਚ ਹੋਏ ਘਟਨਾਕ੍ਰਮ ਦੇ ਮੱਦੇਨਜ਼ਰ, ਭਾਰਤੀ ਨਾਗਰਿਕਾਂ ਨੂੰ ਸਖ਼ਤ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈਨੇਜ਼ੁਏਲਾ ਦੀ ਹਰ ਤਰ੍ਹਾਂ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ। ਕਿਸੇ ਵੀ ਕਾਰਨ ਕਰਕੇ ਵੈਨੇਜ਼ੁਏਲਾ ਵਿੱਚ ਸਾਰੇ ਭਾਰਤੀਆਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ, ਆਪਣੀਆਂ ਗਤੀਵਿਧੀਆਂ ਨੂੰ ਸੀਮਤ ਕਰਨ ਅਤੇ ਕਰਾਕਸ ਵਿੱਚ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।”
ਕਦੋਂ ਹੋਇਆ ਹਮਲਾ ?
ਅਮਰੀਕਾ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵਜੇ ਵੈਨੇਜ਼ੁਏਲਾ ‘ਤੇ ਹਮਲਾ ਕੀਤਾ। ਇਸ ਹਮਲੇ ਵਿੱਚ, ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ, ਸੀਲੀਆ ਫਲੋਰੇਸ ਨੂੰ ਉਨ੍ਹਾਂ ਦੇ ਬੈੱਡਰੂਮ ਤੋਂ ਘਸੀਟ ਕੇ ਅਗਵਾ ਕਰ ਲਿਆ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ, ਉਨ੍ਹਾਂ ਨੂੰ ਨਿਊਯਾਰਕ ਲਿਆਂਦਾ ਗਿਆ। ਅਮਰੀਕਾ ਨੇ ਕਈ ਖੇਤਰਾਂ ਵਿੱਚ ਹਮਲੇ ਵੀ ਕੀਤੇ। ਮੀਡੀਆ ਰਿਪੋਰਟਾਂ ਅਨੁਸਾਰ, ਇਨ੍ਹਾਂ ਹਮਲਿਆਂ ਵਿੱਚ ਕਈ ਲੋਕ ਮਾਰੇ ਗਏ ਹਨ।


