Amarnath Yatra 2023: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਰਵਾਨਾ, ਪਹਿਲੇ ਦਿਨ 2189 ਸ਼ਰਧਾਲੂਆਂ ਨੂੰ ਬਾਲਟਾਲ ਰੂਟ ਲਈ ਮਿਲਿਆ ਟੋਕਨ, 62 ਦਿਨ ਤੱਕ ਚੱਲੇਗੀ ਯਾਤਰਾ
ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਸਖ਼ਤ ਸੁਰੱਖਿਆ ਵਿਚਕਾਰ ਕਸ਼ਮੀਰ ਰਵਾਨਾ ਹੋ ਗਿਆ ਹੈ। ਐਲਜੀ ਮਨੋਜ ਸਿਨਹਾ ਨੇ ਜੰਮੂ ਬੇਸ ਕੈਂਪ ਤੋਂ ਯਾਤਰਾ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਖ਼ਤ ਸੁਰੱਖਿਆ ਵਿਚਕਾਰ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਸ਼ੁਕਰਵਾਰ ਸਵੇਰੇ ਹੀ ਰਵਾਨਾ ਹੋਏ।
ਜੰਮੂ ਕਸ਼ਮੀਰ। ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਜੰਮੂ ਤੋਂ ਬਾਬਾ ਬਰਫਾਨੀ (Baba Burfani) ਦੀ ਪਵਿੱਤਰ ਗੁਫਾ ਲਈ ਰਵਾਨਾ ਹੋ ਗਿਆ ਹੈ। ਉਪ ਰਾਜਪਾਲ ਅਤੇ ਅਮਰਨਾਥ ਸ਼ਰਾਈਨ ਬੋਰਡ ਦੇ ਚੇਅਰਮੈਨ ਮਨੋਜ ਸਿਨਹਾ ਨੇ ਸ਼ੁੱਕਰਵਾਰ ਸਵੇਰੇ 4.15 ਵਜੇ ਪੂਜਾ ਕਰਨ ਤੋਂ ਬਾਅਦ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਬੇਸ ਕੈਂਪ ਪੂਰੀ ਤਰ੍ਹਾਂ ਭੋਲੇ ਦੇ ਰੰਗ ਵਿੱਚ ਰੰਗਿਆ ਗਿਆ। ਸ਼ਰਧਾਲੂਆਂ ਨੇ ਭੋਲੇ ਦਾ ਜਾਪ ਕਰਕੇ ਯਾਤਰਾ ਦੀ ਸ਼ੁਰੂਆਤ ਕੀਤੀ। ਪਹਿਲੇ ਜੱਥੇ ਦੇ ਤਹਿਤ 2189 ਸ਼ਰਧਾਲੂਆਂ ਨੂੰ ਬਾਲਟਾਲ ਰੂਟ ਲਈ ਟੋਕਣ ਮਿਲਿਆ। ਤੇ ਇਸ ਵਾਰ ਅਮਰਨਾਥ ਯਾਤਰਾ ਕਰੀਬ 62 ਦਿਨਾਂ ਲਈ ਚੱਲੇਗੀ।
ਵਾਹਨਾਂ ਦੇ ਕਾਫਲੇ ਨੂੰ ਸਖ਼ਤ ਸੁਰੱਖਿਆ ਵਿਚਕਾਰ ਕਸ਼ਮੀਰ ਲਈ ਰਵਾਨਾ ਕੀਤਾ ਗਿਆ। ਵੀਰਵਾਰ ਨੂੰ ਸ਼ਰਧਾਲੂਆਂ ਦਾ ਪਹਿਲਾ ਜੱਥਾ ਜੰਮੂ ਦੇ ਬੇਸ ਕੈਂਪ ਭਗਵਤੀ ਨਗਰ ਪਹੁੰਚਿਆ।ਪਹਿਲੀ ਵਾਰ ਯਾਤਰਾ ਦੌਰਾਨ ਜ਼ਮੀਨ ਖਿਸਕਣ ਵਾਲੇ ਸਥਾਨਾਂ ਤੋਂ ਲੰਘਦੇ ਹੋਏ ਪੱਥਰਾਂ ਤੋਂ ਬਚਣ ਲਈ ਹੈਲਮੇਟ ਦਿੱਤੇ ਜਾ ਰਹੇ ਹਨ। ਸ਼ਰਧਾਲੂ ਸ਼ਨੀਵਾਰ ਨੂੰ ਰਵਾਇਤੀ ਬਾਲਟਾਲ ਅਤੇ ਪਹਿਲਗਾਮ (Pahalgam) ਮਾਰਗ ਰਾਹੀਂ ਪਵਿੱਤਰ ਗੁਫਾ ਵੱਲ ਵਧਣਗੇ। ਬਾਲਟਾਲ ਰੂਟ ਤੋਂ ਜਾਣ ਵਾਲਾ ਜੱਥਾ ਸ਼ਨੀਵਾਰ ਨੂੰ ਹੀ ਹਿਮਲਿੰਗ ਦੇ ਦਰਸ਼ਨ ਕਰਕੇ ਵਾਪਸ ਪਰਤ ਜਾਵੇਗਾ।


