ਸੁਨੇਤਰਾ ਪਵਾਰ ਨੇ ਰਚਿਆ ਇਤਿਹਾਸ, ਮਹਾਰਾਸ਼ਟਰ ਦੀ ਪਹਿਲੀ ਮਹਿਲਾ ਡਿਪਟੀ ਸੀਐਮ ਵਜੋਂ ਚੁੱਕੀ ਸਹੁੰ
ਅਜੀਤ ਪਵਾਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਨੇਤਰਾ ਪਵਾਰ ਨੇ ਮਹਾਰਾਸ਼ਟਰ ਸਰਕਾਰ ਵਿੱਚ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਨਵੀਂ ਜ਼ਿੰਮੇਵਾਰੀ ਦੇ ਨਾਲ ਹੀ ਉਨ੍ਹਾਂ ਦੇ ਨਾਮ ਇੱਕ ਨਵਾਂ ਰਿਕਾਰਡ ਵੀ ਦਰਜ ਹੋ ਗਿਆ ਹੈ।
ਅਜੀਤ ਪਵਾਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਨੇਤਰਾ ਪਵਾਰ ਨੇ ਮਹਾਰਾਸ਼ਟਰ ਸਰਕਾਰ ਵਿੱਚ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਨਵੀਂ ਜ਼ਿੰਮੇਵਾਰੀ ਦੇ ਨਾਲ ਹੀ ਉਨ੍ਹਾਂ ਦੇ ਨਾਮ ਇੱਕ ਨਵਾਂ ਰਿਕਾਰਡ ਵੀ ਦਰਜ ਹੋ ਗਿਆ ਹੈ। ਉਹ ਸੂਬੇ ਦੀ ਪਹਿਲੀ ਮਹਿਲਾ ਡਿਪਟੀ ਸੀਐਮ ਬਣ ਗਈ ਹੈ। ਰਾਜਪਾਲ ਆਚਾਰੀਆ ਦੇਵਵਰਤ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਡਿਪਟੀ ਸੀਐਮ ਏਕਨਾਥ ਸ਼ਿੰਦੇ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਪਾਰਟੀ ਆਗੂਆਂ ਨੇ ਸੁਨੇਤਰਾ ਪਵਾਰ ਨੂੰ ਆਪਣਾ ਨੇਤਾ ਚੁਣਿਆ ਅਤੇ ਸੁਨੇਤਰਾ ਨੇ ਰਾਜ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਆਪਣਾ ਅਸਤੀਫਾ ਰਾਜ ਸਭਾ ਦੇ ਉਪ ਪ੍ਰਧਾਨ ਅਤੇ ਪ੍ਰਧਾਨ ਸੀਪੀ ਰਾਧਾਕ੍ਰਿਸ਼ਨਨ ਨੂੰ ਸੌਂਪਿਆ। ਜ਼ਿਕਰਯੋਗ ਹੈ ਕਿ ਸੁਨੇਤਰਾ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਜ ਸਭਾ ਲਈ ਚੁਣਿਆ ਗਿਆ ਸੀ।
ਛਗਨ ਭੁਜਬਲ ਨੇ ਪ੍ਰਸਤਾਵ ਦਾ ਕੀਤਾ ਸਮਰਥਨ
ਅੱਜ ਪਾਰਟੀ ਵਿਧਾਇਕਾਂ ਦੀ ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਨੀਲ ਤਟਕਰੇ ਨੇ ਸੋਕ ਮਤਾ ਪੇਸ਼ ਕੀਤਾ, ਜਿਸ ਵਿੱਚ ਅਜੀਤ ਪਵਾਰ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਦਿਲੀਪ ਵਲਸੇ ਪਾਟਿਲ ਨੇ ਸੁਨੇਤਰਾ ਪਵਾਰ ਦਾ ਨਾਂ ਪ੍ਰਸਤਾਵਿਤ ਕੀਤਾ ਅਤੇ ਛਗਨ ਭੁਜਬਲ ਨੇ ਇਸ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਹੋਰ ਵਿਧਾਇਕਾਂ ਨੇ ਵੀ ਸੁਨੇਤਰਾ ਨੂੰ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦਾ ਸਮਰਥਨ ਕੀਤਾ।
ਮੀਟਿੰਗ ਵਿੱਚ ਰੱਖੇ ਗਏ ਦੋ ਅਹਿਮ ਪ੍ਰਸਤਾਵ
ਇਸ ਦੇ ਨਾਲ ਹੀ ਸੁਨੇਤਰਾ ਪਵਾਰ ਨੂੰ ਐਨਸੀਪੀ (NCP) ਵਿਧਾਇਕ ਦਲ ਦੀ ਨੇਤਾ ਚੁਣ ਲਿਆ ਗਿਆ। ਮੀਟਿੰਗ ਵਿੱਚ ਦੋ ਪ੍ਰਸਤਾਵ ਰੱਖੇ ਗਏ ਸਨ। ਪਹਿਲਾ ਪ੍ਰਸਤਾਵ ਸੁਨੇਤਰਾ ਨੂੰ ਪਾਰਟੀ ਦਾ ਨੇਤਾ ਚੁਣੇ ਜਾਣ ਨਾਲ ਸਬੰਧਤ ਸੀ ਅਤੇ ਦੂਜਾ ਪ੍ਰਸਤਾਵ ਸੁਨੇਤਰਾ ਨੂੰ ਪਾਰਟੀ ਵਿੱਚ ਸਾਰੇ ਫੈਸਲੇ ਲੈਣ ਦਾ ਸੰਵਿਧਾਨਕ ਅਧਿਕਾਰ ਦਿੱਤੇ ਜਾਣ ਬਾਰੇ ਸੀ। ਮੀਟਿੰਗ ਵਿੱਚ ਦੋਵਾਂ ਪ੍ਰਸਤਾਵਾਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ।
ਸ਼ਰਦ ਪਵਾਰ ਦਾ ਵੱਡਾ ਬਿਆਨ
ਦੂਜੇ ਪਾਸੇ ਅੱਜ ਸਵੇਰੇ ਸ਼ਰਦ ਪਵਾਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਹੁੰ ਚੁੱਕ ਸਮਾਗਮ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਇਸ ਸਬੰਧੀ ਉਨ੍ਹਾਂ ਨਾਲ ਕੋਈ ਚਰਚਾ ਵੀ ਨਹੀਂ ਹੋਈ। ਇਸ ਦੌਰਾਨ ਸ਼ਰਦ ਪਵਾਰ ਨੇ ਇਸ ਪ੍ਰੈਸ ਕਾਨਫਰੰਸ ਵਿੱਚ ਇਹ ਦਾਅਵਾ ਵੀ ਕੀਤਾ ਕਿ ਦੋਵੇਂ ਰਾਸ਼ਟਰਵਾਦੀ 12 ਤਰੀਕ ਨੂੰ ਇਕੱਠੇ ਹੋਣ ਵਾਲੇ ਹਨ।
ਇਹ ਵੀ ਪੜ੍ਹੋ
ਹੁਣ ਕੀ ਹੋਵੇਗਾ ਸੁਨੇਤਰਾ ਦਾ ਫੈਸਲਾ?
ਦੱਸ ਦੇਈਏ ਕਿ ਅਜੀਤ ਪਵਾਰ ਦੇ ਦੇਹਾਂਤ ਤੋਂ ਬਾਅਦ ਦੋਵਾਂ ਐਨਸੀਪੀ ਦੇ ਕਈ ਨੇਤਾਵਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਹੈ ਕਿ ਦੋਵੇਂ ਐਨਸੀਪੀ ਧੜੇ ਇੱਕ ਹੋ ਜਾਣੇ ਚਾਹੀਦੇ ਹਨ। ਹਾਲਾਂਕਿ, ਹੁਣ ਜਦੋਂ ਸੁਨੇਤਰਾ ਪਵਾਰ ਪਾਰਟੀ ਨੇਤਾ ਚੁਣੀ ਗਈ ਹੈ, ਤਾਂ ਉਨ੍ਹਾਂ ਨੂੰ ਪਾਰਟੀ ਨਾਲ ਸਬੰਧਤ ਸਾਰੇ ਫੈਸਲੇ ਲੈਣ ਦਾ ਅਧਿਕਾਰ ਵੀ ਮਿਲ ਗਿਆ ਹੈ।
ਹੁਣ ਸੁਨੇਤਰਾ ਪਵਾਰ ਹੀ ਇਨ੍ਹਾਂ ਦੋਵਾਂ ਐਨਸੀਪੀ ਦੇ ਰਲੇਵੇਂ (Merger) ਸਬੰਧੀ ਅਧਿਕਾਰਤ ਫੈਸਲਾ ਲੈ ਸਕਦੀ ਹੈ। ਹੁਣ ਉਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਸੁਨੇਤਰਾ ਪਵਾਰ ਕੀ ਫੈਸਲਾ ਲੈਣਗੇ? ਕੀ ਦੋਵੇਂ ਐਨਸੀਪੀ ਇੱਕ ਹੋ ਜਾਣਗੀਆਂ? ਇਹ ਦੇਖਣਾ ਕਾਫ਼ੀ ਮਹੱਤਵਪੂਰਨ ਹੋਵੇਗਾ।


