ਮੁੱਖ ਮੰਤਰੀ ਗਹਿਲੋਤ ਨੇ ਪੜ੍ਹਿਆ ਪੁਰਾਣਾ ਬਜਟ! ਭਾਜਪਾ ਬੋਲੀ- ਰਾਜਸਥਾਨ ‘ਚ ਪੇਪਰ ਤੋਂ ਬਾਅਦ ਬਜਟ ਵੀ ਲੀਕ
ਰਾਜਸਥਾਨ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਆਪਣੇ ਤੀਜੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਨ ਦੌਰਾਨ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਸਰਕਾਰ ਨੇ ਬਜਟ ਨੂੰ ਲੀਕ ਕਰ ਦਿੱਤਾ ਅਤੇ ਮੁੱਖ ਮੰਤਰੀ ਨੇ ਬਜਟ ਦੀਆਂ ਪੁਰਾਣੀਆਂ ਲਾਈਨਾਂ ਪੜ੍ਹੀਆਂ। ਸਤੀਸ਼ ਪੂਨੀਆ ਨੇ ਕਿਹਾ ਕਿ ਸੂਬੇ ਵਿੱਚ ਪੇਪਰ ਤੋਂ ਬਾਅਦ ਹੁਣ ਬਜਟ ਵੀ ਲੀਕ ਹੋ ਗਿਆ ਹੈ।

Image Credit Source: Social Media
ਰਾਜਸਥਾਨ ਵਿਧਾਨ ਸਭਾ ‘ਚ ਸਰਕਾਰ ਦਾ ਬਜਟ ਪੇਸ਼ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਨੇ ਭਾਰੀ ਹੰਗਾਮਾ ਕਰ ਦਿੱਤਾ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਤੀਜੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਨ ਦੌਰਾਨ ਭਾਸ਼ਣ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਸਰਕਾਰ ਨੇ ਬਜਟ ਲੀਕ ਕੀਤਾ ਅਤੇ ਮੁੱਖ ਮੰਤਰੀ ਨੇ ਬਜਟ ਦੀਆਂ ਪੁਰਾਣੀਆਂ ਲਾਈਨਾਂ ਪੜ੍ਹੀਆਂ। ਦੂਜੇ ਪਾਸੇ ਭਾਰੀ ਹੰਗਾਮੇ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਸਦਨ ਦੇ ਵੈੱਲ ਵਿੱਚ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਜਪਾ ਆਗੂ ਵਸੁੰਧਰਾ ਰਾਜੇ ਨੇ ਦੋਸ਼ ਲਾਇਆ ਕਿ ਸੀਐਮ 8 ਮਿੰਟ ਤੱਕ ਪੁਰਾਣਾ ਬਜਟ ਪੜ੍ਹਦੇ ਰਹੇ, ਇਹ ਕਿਹੋ ਜਿਹਾ ਰਾਜ ਹੈ, ਇਹ ਸੂਰਾਜ ਨਹੀਂ ਸਗੋਂ ਕੁਰਾਜ ਹੈ। ਇੱਧਰ, ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਨੇ ਕਿਹਾ ਕਿ ਰਾਜਸਥਾਨ ਵਿੱਚ ਪੇਪਰ ਤੋਂ ਬਾਅਦ ਹੁਣ ਬਜਟ ਵੀ ਲੀਕ ਹੋ ਗਿਆ ਹੈ।
ਇੱਥੇ ਵਿਰੋਧੀ ਧਿਰ ਦੇ ਭਾਰੀ ਹੰਗਾਮੇ ਨੂੰ ਦੇਖਦੇ ਹੋਏ ਸਪੀਕਰ ਸੀਪੀ ਜੋਸ਼ੀ ਨੇ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਵਿਧਾਨ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਸਦਨ ਦੀ ਕਾਰਵਾਈ ਮੁਲਤਵੀ ਕੀਤੀ ਗਈ।