ਸੋਨੀਆ ਗਾਂਧੀ ਦੇ ਇਟਲੀ ਵਾਲੇ ਜੱਦੀ ਘਰ ਨੂੰ ਪੰਜਾਬੀ ਸਿੱਖ ਕਾਰੋਬਾਰੀ ਨੇ ਖਰੀਦਿਆ, ਹੁਣ ਮਿਊਜ਼ੀਅਮ ਬਣਾਉਣ ਦੀ ਤਿਆਰੀ

Updated On: 

23 Nov 2026 14:01 PM IST

Sonia Gandhi: ਕਾਂਗਰਸ ਨੇਤਾ ਸੋਨੀਆ ਗਾਂਧੀ ਦੇ ਇਟਲੀ ਸਥਿਤ ਬਚਪਨ ਵਾਲੇ ਘਰ ਦੀ ਕਹਾਣੀ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਪੰਜਾਬ ਦੇ ਹੋਸ਼ਿਆਰਪੁਰ ਦੇ ਰਹਿਣ ਵਾਲੇ ਸਿੱਖ ਕਾਰੋਬਾਰੀ ਸੁਖਦੇਵ ਸਿੰਘ ਕੰਗ ਨੇ ਸਾਲ 2020 ਵਿੱਚ ਇਹ ਮਕਾਨ ਖਰੀਦਿਆ ਸੀ। ਉਨ੍ਹਾਂ ਨੇ ਇਸ ਦਾ ਨਾਂ 'ਇੰਡੀਅਨ ਹਾਊਸ' ਰੱਖਿਆ ਹੈ ਅਤੇ ਹੁਣ ਉਹ ਇਸ ਨੂੰ ਸੋਨੀਆ ਗਾਂਧੀ ਦੇ ਪਰਿਵਾਰ ਨਾਲ ਜੁੜੀਆਂ ਯਾਦਾਂ ਦੇ ਮਿਊਜ਼ੀਅਮ ਵਿੱਚ ਬਦਲਣਾ ਚਾਹੁੰਦੇ ਹਨ। ਆਖ਼ਰ ਕਿਵੇਂ ਇੱਕ ਪੰਜਾਬੀ ਕਾਰੋਬਾਰੀ ਇਸ ਘਰ ਤੱਕ ਪਹੁੰਚਿਆ ਅਤੇ ਕੀ ਹੈ ਇਸ ਦੀ ਪੂਰੀ ਕਹਾਣੀ?

ਸੋਨੀਆ ਗਾਂਧੀ ਦੇ ਇਟਲੀ ਵਾਲੇ ਜੱਦੀ ਘਰ ਨੂੰ ਪੰਜਾਬੀ ਸਿੱਖ ਕਾਰੋਬਾਰੀ ਨੇ ਖਰੀਦਿਆ, ਹੁਣ ਮਿਊਜ਼ੀਅਮ ਬਣਾਉਣ ਦੀ ਤਿਆਰੀ

ਸੋਨੀਆ ਗਾਂਧੀ ਦੀ ਕਿਤਾਬ ਰਿਲੀਜ਼ ਹੋਣ ਤੋਂ ਬਾਅਦ ਹੁਣ ਇਟਲੀ ਸਥਿਤ ਉਨ੍ਹਾਂ ਦਾ ਬਚਪਨ ਵਾਲਾ ਘਰ ਚਰਚਾ ਵਿੱਚ ਹੈ। ਇਸ ਘਰ ਨੂੰ ਪੰਜਾਬ ਦੇ ਸਿੱਖ ਕਾਰੋਬਾਰੀ ਸੁਖਦੇਵ ਸਿੰਘ ਕੰਗ ਨੇ 6 ਸਾਲ ਪਹਿਲਾਂ ਖਰੀਦਿਆ ਸੀ। ਕੰਗ ਨੇ ਇਸ ਮਕਾਨ ਨੂੰ 800 ਯੂਰੋ (ਕਰੀਬ 81 ਹਜ਼ਾਰ ਰੁਪਏ) ਮਹੀਨਾਵਾਰ ਕਿਰਾਏ ‘ਤੇ ਦੇਣ ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ ਸੀ।

ਕੰਗ ਇਸ ਘਰ ਨੂੰ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਯਾਦਾਂ ਦੇ ਮਿਊਜ਼ੀਅਮ ਵਿੱਚ ਬਦਲਣਾ ਚਾਹੁੰਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਇਸ ਮਕਾਨ ਨੂੰ ਗੁਰਦੁਆਰੇ ਵਿੱਚ ਤਬਦੀਲ ਕਰਨ ਦਾ ਸੁਝਾਅ ਵੀ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਇਸ ਦਾ ਨਾਂ ‘ਇੰਡੀਅਨ ਹਾਊਸ’ ਰੱਖਿਆ ਹੈ। ਘਰ ਵਿੱਚ ਮੇਨੋ ਪਰਿਵਾਰ ਦਾ ਪੁਰਾਣਾ ਫਰਨੀਚਰ ਅਤੇ ਕੁਝ ਬਲੈਕ ਐਂਡ ਵ੍ਹਾਈਟ ਤਸਵੀਰਾਂ ਮੌਜੂਦ ਹਨ। ਉਹ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਪਰਿਵਾਰ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਯਾਦਗਾਰੀ ਚੀਜ਼ਾਂ ਇਕੱਠੀਆਂ ਕਰਨਾ ਚਾਹੁੰਦੇ ਹਨ।

1992 ਵਿੱਚ ਹੋਸ਼ਿਆਰਪੁਰ ਤੋਂ ਇਟਲੀ ਪਹੁੰਚੇ ਸੁਖਦੇਵ ਸਿੰਘ ਕੰਗ

ਸੁਖਦੇਵ ਸਿੰਘ ਕੰਗ ਮੂਲ ਰੂਪ ਵਿੱਚ ਪੰਜਾਬ ਦੇ ਹੋਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ ਸਾਲ 1992 ਵਿੱਚ ਇਟਲੀ ਚਲੇ ਗਏ ਸਨ। ਕੰਗ ਦੱਸਦੇ ਹਨ ਕਿ ਵਿਦੇਸ਼ ਵਿੱਚ ਸ਼ੁਰੂਆਤੀ ਦਿਨ ਉਨ੍ਹਾਂ ਲਈ ਆਸਾਨ ਨਹੀਂ ਸਨ।

ਉੱਥੇ ਉਨ੍ਹਾਂ ਨੇ ਡੇਅਰੀ ਫਾਰਮ ਵਿੱਚ ਕੰਮ ਕੀਤਾ, ਖੇਤੀਬਾੜੀ ਕੀਤੀ ਅਤੇ ਫੈਕਟਰੀ ਵਿੱਚ ਵੀ ਨੌਕਰੀ ਕੀਤੀ। ਹੌਲੀ-ਹੌਲੀ ਉਨ੍ਹਾਂ ਨੇ ਇਟਲੀ ਵਿੱਚ ਆਪਣਾ ਕਾਰੋਬਾਰ ਅਤੇ ਪਰਿਵਾਰ ਵਸਾਇਆ। ਉੱਥੇ ਉਨ੍ਹਾਂ ਦੇ ਕਈ ਰੈਸਟੋਰੈਂਟ ਹਨ। ਫਿਲਹਾਲ ਕੰਗ ਇਟਲੀ ਦੇ ਬ੍ਰੇਸ਼ੀਆ ਵਿੱਚ ਆਪਣੀ ਪਤਨੀ, ਪੁੱਤਰ ਅਤੇ ਧੀ ਨਾਲ ਰਹਿੰਦੇ ਹਨ। ਲੁਸਿਆਨਾ ਪਿੰਡ ਉਨ੍ਹਾਂ ਦੇ ਘਰ ਤੋਂ ਕਰੀਬ ਇੱਕ ਘੰਟੇ ਦੀ ਦੂਰੀ ‘ਤੇ ਸਥਿਤ ਹੈ।

ਜਾਣਕਾਰਾਂ ਰਾਹੀਂ ਲੱਗਾ ਘਰ ਵਿਕਣ ਦਾ ਪਤਾ

ਕੰਗ ਮੁਤਾਬਕ, ਇਟਲੀ ਵਿੱਚ ਰਹਿੰਦੇ ਆਪਣੇ ਕੁਝ ਜਾਣਕਾਰਾਂ ਰਾਹੀਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੋਨੀਆ ਗਾਂਧੀ ਦੇ ਪਰਿਵਾਰ ਨਾਲ ਸਬੰਧਤ ਇੱਕ ਪੁਰਾਣਾ ਮਕਾਨ ਵਿਕਰੀ ਲਈ ਉਪਲਬਧ ਹੈ। ਜਦੋਂ ਉਹ ਉਸ ਘਰ ਨੂੰ ਦੇਖਣ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਕਾਨ ਵੇਚਿਆ ਜਾ ਰਿਹਾ ਹੈ।

ਉਨ੍ਹਾਂ ਦੀ ਇੱਛਾ ਸੀ ਕਿ ਇਹ ਮਕਾਨ ਕਿਸੇ ਭਾਰਤੀ ਅਤੇ ਖ਼ਾਸ ਤੌਰ ‘ਤੇ ਕਿਸੇ ਸਿੱਖ ਪਰਿਵਾਰ ਕੋਲ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2020 ਵਿੱਚ ਇਹ ਮਕਾਨ ਖਰੀਦ ਲਿਆ। ਇਸ ਦੀ ਰਜਿਸਟਰੀ ਉਨ੍ਹਾਂ ਨੇ ਆਪਣੀ ਪਤਨੀ ਅਤੇ ਧੀ ਦੇ ਨਾਂ ਕਰਵਾਈ। ਹਾਲਾਂਕਿ, ਉਨ੍ਹਾਂ ਨੇ ਮਕਾਨ ਦੀ ਖਰੀਦ ਕੀਮਤ ਦਾ ਕਦੇ ਜਨਤਕ ਤੌਰ ‘ਤੇ ਖੁਲਾਸਾ ਨਹੀਂ ਕੀਤਾ।

ਪਹਿਲਾਂ ਮੇਨੋ ਪਰਿਵਾਰ ਤੋਂ ਖਰੀਦਿਆ ਗਿਆ ਸੀ ਇਹ ਮਕਾਨ

ਕੰਗ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਕਾਨ ਸਿੱਧੇ ਮੇਨੋ ਪਰਿਵਾਰ ਤੋਂ ਨਹੀਂ, ਸਗੋਂ ਉਸੇ ਪਿੰਡ ਵਿੱਚ ਰਹਿਣ ਵਾਲੇ ਇੱਕ ਹੋਰ ਪਰਿਵਾਰ ਤੋਂ ਖਰੀਦਿਆ ਸੀ। ਇਹ ਪਰਿਵਾਰ ਅਮਰੀਕਾ ਸ਼ਿਫਟ ਹੋ ਰਿਹਾ ਸੀ।

ਕੰਗ ਮੁਤਾਬਕ, ਇਸ ਪਰਿਵਾਰ ਨੇ ਉਨ੍ਹਾਂ ਤੋਂ ਪਹਿਲਾਂ ਇਹ ਮਕਾਨ ਸੋਨੀਆ ਗਾਂਧੀ ਦੇ ਪਰਿਵਾਰ ਤੋਂ ਖਰੀਦਿਆ ਸੀ। ਮਕਾਨ ਵੇਚਣ ਵਾਲੇ ਚਾਹੁੰਦੇ ਸਨ ਕਿ ਸੋਨੀਆ ਗਾਂਧੀ ਨਾਲ ਜੁੜੀ ਇਸ ਜਾਇਦਾਦ ਨੂੰ ਕੋਈ ਭਾਰਤੀ ਖਰੀਦੇ। ਇਸੇ ਕਾਰਨ ਉਨ੍ਹਾਂ ਨੇ ਕੰਗ ਨੂੰ ਇਹ ਮਕਾਨ ਵੇਚ ਦਿੱਤਾ।

ਸੋਨੀਆ ਗਾਂਧੀ ਦਾ ਜਨਮ 9 ਦਸੰਬਰ 1946 ਨੂੰ ਇਟਲੀ ਦੇ ਵੇਨੇਟੋ ਖੇਤਰ ਦੇ ਵਿਸੇਂਜ਼ਾ ਸੂਬੇ ਦੇ ਲੁਸਿਆਨਾ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਬਚਪਨ ਦੇ ਸ਼ੁਰੂਆਤੀ ਸਾਲ ਇਸੇ ਇਲਾਕੇ ਵਿੱਚ ਬਿਤਾਏ ਸਨ।

ਛੇ ਕਮਰਿਆਂ ਵਾਲਾ ਮਕਾਨ, ਬਾਹਰ ਤਿਰੰਗਾ ਅਤੇ ਨਾਂ ‘ਇੰਡੀਅਨ ਹਾਊਸ’

ਇਹ ਮਕਾਨ ਇਟਲੀ ਦੇ ਵੇਨੇਟੋ ਖੇਤਰ ਦੇ ਵਿਸੇਂਜ਼ਾ ਸੂਬੇ ਦੇ ਲੁਸਿਆਨਾ ਪਿੰਡ ਵਿੱਚ ਸਥਿਤ ਹੈ। ਪੱਥਰ ਅਤੇ ਕੰਕਰੀਟ ਨਾਲ ਬਣਿਆ ਇਹ ਛੇ ਕਮਰਿਆਂ ਵਾਲਾ ਪੁਰਾਣਾ ਮਕਾਨ ਹੈ।

ਇਸ ਦੇ ਬਾਹਰੀ ਹਿੱਸੇ ‘ਤੇ ਭਾਰਤੀ ਤਿਰੰਗੇ ਦੇ ਰੰਗਾਂ ਵਾਲਾ ਇੱਕ ਬੋਰਡ ਲਗਾਇਆ ਗਿਆ ਹੈ। ਇਸ ‘ਤੇ ਲਿਖਿਆ ਹੈ- ‘ਇੰਡੀਅਨ ਹਾਊਸ, ਸੋਨੀਆ ਗਾਂਧੀ, ਪਲੇਸ ਆਫ ਬਰਥ, 9 ਦਸੰਬਰ 1946’।

ਕੰਗ ਨੇ ਮਕਾਨ ਖਰੀਦਣ ਤੋਂ ਬਾਅਦ ਇਸ ਦੀ ਅਸਲ ਬਣਤਰ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਮੁਤਾਬਕ, ਘਰ ਦੀ ਮੁਰੰਮਤ ਜ਼ਰੂਰ ਕਰਵਾਈ ਗਈ ਹੈ, ਪਰ ਇਸ ਦੇ ਬਾਹਰੀ ਰੂਪ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਟਲੀ ਦੇ ਕਾਨੂੰਨ ਕਾਰਨ ਵੀ ਇਸ ਦੇ ਬਾਹਰੀ ਹਿੱਸੇ ਵਿੱਚ ਮਨਮਰਜ਼ੀ ਨਾਲ ਤਬਦੀਲੀਆਂ ਨਹੀਂ ਕੀਤੀਆਂ ਜਾ ਸਕਦੀਆਂ।

Loading...
Unable to load recommendations.
Follow Us
Related Stories
ਭਾਰਤ ਦੀ ਵਧਦੀ ਤਾਕਤ ਦੀ ਦੁਨੀਆ ‘ਚ ਚਰਚਾ, ਏਸ਼ੀਆ ਪਾਵਰ ਇੰਡੈਕਸ ਵਿੱਚ ਜਾਪਾਨ-ਰੂਸ ਤੋਂ ਅੱਗੇ ਨਿਕਲਿਆ, PM ਮੋਦੀ ਦਾ ਵੀ ਵਧਿਆ ਪ੍ਰਭਾਵ
ਬਿਊਟੀ ਕ੍ਰੀਮ ਲਗਾਉਣ ਨਾਲ ਕਿਡਨੀ ਖ਼ਰਾਬ ਹੋਣ ਦਾ ਦਾਅਵਾ, 17 ਸਾਲਾ ਕੁੜੀ ਦੀ ਸ਼ਿਕਾਇਤ ‘ਤੇ ਕੰਪਨੀ ਖ਼ਿਲਾਫ਼ ਕੇਸ ਦਰਜ
ਪਾਣੀ ਵਿਵਾਦ: Bisleri ਨੇ ਸੈਂਪਲ ਦੀ ਰਿਪੋਰਟ ‘ਤੇ ਚੁੱਕੇ ਸਵਾਲ, ਕਿਹਾ- 14 ਮਹੀਨੇ ਪੁਰਾਣਾ ਮਾਮਲਾ, FSSAI ਤੋਂ ਨਹੀਂ ਮਿਲਿਆ ਕੋਈ ਨੋਟਿਸ
PM ਮੋਦੀ ਦੇ ਪੋਸਟਰ ਪਾੜਨ ਦੇ ਮਾਮਲੇ ‘ਚ 4 ਗ੍ਰਿਫ਼ਤਾਰ, 100 ਤੋਂ ਵੱਧ ਲੋਕਾਂ ਖ਼ਿਲਾਫ਼ FIR ਦਰਜ
ਕਾਂਗਰਸ ਮਾਫ਼ੀ ਮੰਗੇ… PM ਮੋਦੀ ਦੀ ਸੋਨਾ ਨਾ ਖ਼ਰੀਦਣ ਦੀ ਅਪੀਲ ਨੂੰ ਦੱਸਿਆ ਸੀ ‘ਡੈੱਥ ਵਾਰੰਟ’, ਹੁਣ BJP ਹੋਈ ਹਮਲਾਵਰ
ਕੋਟਾ-ਉਦੈਪੁਰ ਹਾਈਵੇਅ ‘ਤੇ ਖੜ੍ਹੇ ਟਰੱਕ ਨਾਲ ਟਕਰਾਈ ਕਰੂਜ਼ਰ ਕਾਰ, ਬੱਚਿਆਂ ਸਣੇ 9 ਦੀ ਮੌਤ ਤੇ 8 ਹੋਰ ਜ਼ਖਮੀ…ਖਾਟੂ ਸ਼ਿਆਮ ਤੋਂ ਪਰਤ ਰਿਹਾ ਸੀ ਪਰਿਵਾਰ