ਪਾਣੀ ਵਿਵਾਦ: Bisleri ਨੇ ਸੈਂਪਲ ਦੀ ਰਿਪੋਰਟ ‘ਤੇ ਚੁੱਕੇ ਸਵਾਲ, ਕਿਹਾ- 14 ਮਹੀਨੇ ਪੁਰਾਣਾ ਮਾਮਲਾ, FSSAI ਤੋਂ ਨਹੀਂ ਮਿਲਿਆ ਕੋਈ ਨੋਟਿਸ

Updated On: 

23 Nov 2026 11:05 AM IST

Bisleri: ਪੈਕੇਜਡ ਡ੍ਰਿੰਕਿੰਗ ਵਾਟਰ ਬ੍ਰਾਂਡ Bisleri ਨੇ ਹਾਲ ਹੀ ਵਿੱਚ ਮੀਡੀਆ ਵਿੱਚ ਆਈਆਂ ਉਨ੍ਹਾਂ ਖ਼ਬਰਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜਿਨ੍ਹਾਂ ਵਿੱਚ FSSAI ਵੱਲੋਂ ਕੰਪਨੀ ਨੂੰ ਨੋਟਿਸ ਜਾਰੀ ਕੀਤੇ ਜਾਣ ਦੀ ਗੱਲ ਕਹੀ ਗਈ ਸੀ।

ਪਾਣੀ ਵਿਵਾਦ: Bisleri ਨੇ ਸੈਂਪਲ ਦੀ ਰਿਪੋਰਟ ਤੇ ਚੁੱਕੇ ਸਵਾਲ, ਕਿਹਾ- 14 ਮਹੀਨੇ ਪੁਰਾਣਾ ਮਾਮਲਾ, FSSAI ਤੋਂ ਨਹੀਂ ਮਿਲਿਆ ਕੋਈ ਨੋਟਿਸ

Bisleri ਪਾਣੀ ਵਿਵਾਦ 'ਤੇ ਕੰਪਨੀ ਦੀ ਸਫ਼ਾਈ

ਪੈਕੇਜਡ ਡ੍ਰਿੰਕਿੰਗ ਵਾਟਰ ਬ੍ਰਾਂਡ Bisleri ਨੂੰ ਲੈ ਕੇ ਸਾਹਮਣੇ ਆਈ FSSAI ਦੇ ਨੋਟਿਸ ਦੀਆਂ ਖ਼ਬਰਾਂ ‘ਤੇ ਕੰਪਨੀ ਨੇ ਸਫ਼ਾਈ ਦਿੱਤੀ ਹੈ। Bisleri ਦਾ ਕਹਿਣਾ ਹੈ ਕਿ ਜਿਸ ਸੈਂਪਲ ਦੀ ਜਾਂਚ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ, ਉਹ ਕਰੀਬ 14 ਮਹੀਨੇ ਪੁਰਾਣਾ ਮਾਮਲਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਵੱਲੋਂ ਹੁਣ ਤੱਕ ਕੋਈ ਨੋਟਿਸ ਨਹੀਂ ਮਿਲਿਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਦੁਹਰਾਇਆ ਹੈ ਕਿ ਉਸ ਦਾ ਪਾਣੀ ਪੀਣ ਲਈ ਸੁਰੱਖਿਅਤ ਹੈ।

ਕੰਪਨੀ ਮੁਤਾਬਕ, ਇਹ ਮਾਮਲਾ ਸਤੰਬਰ 2025 ਵਿੱਚ ਗੋਆ ਸਥਿਤ Bisleri ਦੇ ਮੈਨੂਫੈਕਚਰਿੰਗ ਪਲਾਂਟ ਵਿੱਚ ਤਿਆਰ ਕੀਤੇ ਗਏ ਇੱਕ ਬੈਚ ਨਾਲ ਜੁੜਿਆ ਹੋਇਆ ਹੈ। ਕੰਪਨੀ ਦੇ ਕੁੱਲ 143 ਪਲਾਂਟਾਂ ਦੇ ਨੈੱਟਵਰਕ ਵਿੱਚੋਂ ਇਹ ਵੀ ਇੱਕ ਪਲਾਂਟ ਹੈ। 30 ਸਤੰਬਰ 2025 ਨੂੰ FSSAI ਨੇ ਗੋਆ ਪਲਾਂਟ ਤੋਂ ਪਾਣੀ ਦੇ 6 ਸੈਂਪਲ ਲਏ ਸਨ। ਮੁੱਢਲੀ ਜਾਂਚ ਵਿੱਚ 5 ਸੈਂਪਲ ਸਾਰੇ ਨਿਰਧਾਰਤ ਮਾਪਦੰਡਾਂ ‘ਤੇ ਖਰੇ ਉਤਰੇ। ਹਾਲਾਂਕਿ, ਛੇਵੇਂ ਸੈਂਪਲ ਵਿੱਚ ਬ੍ਰੋਮੇਟ (Bromate) ਦਾ ਪੱਧਰ 12 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਪਾਇਆ ਗਿਆ, ਜਦਕਿ ਇਸ ਦੀ ਨਿਰਧਾਰਤ ਸੀਮਾ 10 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਹੈ।

ਦੁਬਾਰਾ ਜਾਂਚ ਵਿੱਚ ਸਾਹਮਣੇ ਆਇਆ ਵੱਖਰਾ ਨਤੀਜਾ

ਕੰਪਨੀ ਮੁਤਾਬਕ, ਮੁੱਢਲੀ ਜਾਂਚ ਦੇ ਨਤੀਜੇ ਤੋਂ ਬਾਅਦ ਉਸ ਨੇ 22 ਨਵੰਬਰ 2025 ਨੂੰ ਅਪੀਲ ਕੀਤੀ, ਜਿਸ ਤੋਂ ਬਾਅਦ FSSAI ਨੇ ਸਬੰਧਤ ਸੈਂਪਲ ਨੂੰ ਦੁਬਾਰਾ ਜਾਂਚ ਲਈ ਰੈਫਰਲ ਲੈਬ ਵਿੱਚ ਭੇਜਿਆ। ਕੰਪਨੀ ਅਨੁਸਾਰ, ਰੈਫਰਲ ਲੈਬ ਦੀ ਜਾਂਚ ਵਿੱਚ ਸੈਂਪਲ ਵਿੱਚ ਬ੍ਰੋਮੇਟ ਦਾ ਪੱਧਰ ਨਿਰਧਾਰਤ ਸੀਮਾ ਦੇ ਅੰਦਰ ਪਾਇਆ ਗਿਆ। ਹਾਲਾਂਕਿ, ਇਸੇ ਜਾਂਚ ਵਿੱਚ ਪੌਲੀਨਿਊਕਲੀਅਰ ਐਰੋਮੈਟਿਕ ਹਾਈਡਰੋਕਾਰਬਨ (PAHs) ਦੀ ਮੌਜੂਦਗੀ ਨੂੰ ਲੈ ਕੇ ਵੱਖਰੇ ਤੌਰ ‘ਤੇ ਸਵਾਲ ਉਠਾਏ ਗਏ।

ਦੋਵਾਂ ਜਾਂਚਾਂ ਦੇ ਨਤੀਜਿਆਂ ਵਿੱਚ ਫ਼ਰਕ ਹੋਣ ਕਾਰਨ ਕੰਪਨੀ ਨੇ ਇਸ ਬਾਰੇ ਸਪੱਸ਼ਟੀਕਰਨ ਦੇਣਾ ਜ਼ਰੂਰੀ ਸਮਝਿਆ। ਇਸ ਤੋਂ ਬਾਅਦ Bisleri ਨੇ ਉਸੇ ਸੈਂਪਲ ਦੀ ਸੁਤੰਤਰ ਜਾਂਚ FSSAI ਤੋਂ ਮਾਨਤਾ ਪ੍ਰਾਪਤ ਇੱਕ ਹੋਰ ਲੈਬ ਵਿੱਚ ਕਰਵਾਈ। ਇਸ ਜਾਂਚ ਵਿੱਚ ਵੀ ਬ੍ਰੋਮੇਟ ਦਾ ਪੱਧਰ ਨਿਰਧਾਰਤ ਸੀਮਾ ਦੇ ਅੰਦਰ ਪਾਇਆ ਗਿਆ।

FSSAI ਨੂੰ ਰਿਪੋਰਟ ਸੌਂਪਣ ਤੋਂ ਬਾਅਦ ਨਹੀਂ ਮਿਲਿਆ ਕੋਈ ਜਵਾਬ

ਕੰਪਨੀ ਨੇ ਦੱਸਿਆ ਕਿ 2 ਫਰਵਰੀ 2026 ਨੂੰ ਇੱਕ ਰਸਮੀ ਪੱਤਰ ਦੇ ਨਾਲ ਸੁਤੰਤਰ ਲੈਬ ਦੀ ਜਾਂਚ ਰਿਪੋਰਟ FSSAI ਦੇ ਪੱਛਮੀ ਖੇਤਰੀ ਦਫ਼ਤਰ ਨੂੰ ਸੌਂਪ ਦਿੱਤੀ ਗਈ ਸੀ। ਇਸ ਤੋਂ ਬਾਅਦ FSSAI ਵੱਲੋਂ ਕੰਪਨੀ ਨੂੰ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਇਸ ਲਈ ਕੰਪਨੀ ਨੇ ਮੰਨਿਆ ਕਿ ਇਹ ਮਾਮਲਾ ਬੰਦ ਹੋ ਗਿਆ ਹੈ।

Bisleri ਦਾ ਇਹ ਵੀ ਕਹਿਣਾ ਹੈ ਕਿ ਹੁਣ ਤੱਕ ਉਸ ਨੂੰ ਈਮੇਲ ਜਾਂ ਹਾਰਡ ਕਾਪੀ ਰਾਹੀਂ ਕੋਈ ਨੋਟਿਸ ਪ੍ਰਾਪਤ ਨਹੀਂ ਹੋਇਆ ਹੈ ਅਤੇ FSSAI ਦੀ ਵੈੱਬਸਾਈਟ ‘ਤੇ ਵੀ ਕਥਿਤ ਨੋਟਿਸ ਨਹੀਂ ਮਿਲ ਸਕਿਆ ਹੈ।

ਕੰਪਨੀ ਨੇ ਪਾਣੀ ਦੀ ਸੁਰੱਖਿਆ ਨੂੰ ਲੈ ਕੇ ਕੀ ਕਿਹਾ?

ਕੰਪਨੀ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਸੁਰੱਖਿਆ ਉਸ ਦੀ ਸਭ ਤੋਂ ਵੱਡੀ ਤਰਜੀਹ ਹੈ। ਮੈਨੂਫੈਕਚਰਿੰਗ ਪ੍ਰਕਿਰਿਆ ਦੇ 10 ਪੜਾਵਾਂ ਦੌਰਾਨ 90 ਤੋਂ ਵੱਧ ਕੁਆਲਿਟੀ ਜਾਂਚਾਂ ਕੀਤੀਆਂ ਜਾਂਦੀਆਂ ਹਨ। Bisleri ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਉਚਿਤ ਰੈਗੂਲੇਟਰੀ ਪ੍ਰਕਿਰਿਆ ਤਹਿਤ FSSAI ਨਾਲ ਪੂਰਾ ਸਹਿਯੋਗ ਕਰਦੀ ਰਹੇਗੀ।

Bisleri ਨੇ ਆਪਣੇ ਬਿਆਨ ਵਿੱਚ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਸਾਲਾਂ ਤੋਂ ਖਪਤਕਾਰਾਂ ਦਾ ਭਰੋਸਾ ਜਿੱਤਣ ਵਾਲਾ ਉਸ ਦਾ ਬ੍ਰਾਂਡ ਪੀਣ ਲਈ ਸੁਰੱਖਿਅਤ ਹੈ।

Source: TV9Hindi.com
Loading...
Unable to load recommendations.
Follow Us
Related Stories