Omar Abdullah Oath Taking Ceremony: ਜੰਮੂ-ਕਸ਼ਮੀਰ ਵਿੱਚ 6 ਸਾਲਾਂ ਬਾਅਦ ਬਣੀ ਸਰਕਾਰ, ਅਬਦੁੱਲਾ ਦੇ ਹੱਥ ਕਮਾਨ

Published: 

16 Oct 2024 12:40 PM

Omar Abdullah: ਉਮਰ ਅਬਦੁੱਲਾ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੋਵੇਗਾ। ਨੈਸ਼ਨਲ ਕਾਨਫਰੰਸ ਨੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ 50 ਵੀਵੀਆਈਪੀ ਮਹਿਮਾਨਾਂ ਨੂੰ ਸੱਦਾ ਦਿੱਤਾ ਸੀ।

Omar Abdullah Oath Taking Ceremony: ਜੰਮੂ-ਕਸ਼ਮੀਰ ਵਿੱਚ 6 ਸਾਲਾਂ ਬਾਅਦ ਬਣੀ ਸਰਕਾਰ, ਅਬਦੁੱਲਾ ਦੇ ਹੱਥ ਕਮਾਨ

ਜੰਮੂ-ਕਸ਼ਮੀਰ ਵਿੱਚ 6 ਸਾਲਾਂ ਬਾਅਦ ਬਣੀ ਸਰਕਾਰ, ਅਬਦੁੱਲਾ ਦੇ ਹੱਥ ਕਮਾਨ

Follow Us On

ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਅੱਜ ਸ੍ਰੀਨਗਰ ਵਿੱਚ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਅਬਦੁੱਲਾ 2019 ਵਿੱਚ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਬਣੇ। ਧਾਰਾ 370 ਹਟਾਏ ਜਾਣ ਤੋਂ ਬਾਅਦ, ਰਾਜ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ ਸੀ।

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਅਬਦੁੱਲਾ ਦਾ ਇਹ ਦੂਜਾ ਕਾਰਜਕਾਲ ਹੋਵੇਗਾ। ਆਪਣੇ ਪਹਿਲੇ ਕਾਰਜਕਾਲ ਵਿੱਚ, ਉਹ 5 ਜਨਵਰੀ, 2009 ਤੋਂ 8 ਜਨਵਰੀ, 2015 ਦਰਮਿਆਨ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਰਹੇ। ਉਮਰ ਅਬਦੁੱਲਾ ਨੂੰ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿਖੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਸਹੁੰ ਚੁਕਾਈ। ਦੱਸਿਆ ਜਾ ਰਿਹਾ ਹੈ ਕਿ ਉਪ ਰਾਜਪਾਲ ਸਿਰਫ਼ 4 ਚੁਣੇ ਹੋਏ ਵਿਧਾਇਕਾਂ ਨੂੰ ਹੀ ਅਹੁਦੇ ਦੀ ਸਹੁੰ ਚੁਕਾਉਣਗੇ।

ਕਿਸ ਕਿਸ ਨੇ ਚੁੱਕੀ ਸਹੁੰ

ਉਮਰ ਅਬਦੁੱਲਾ ਨੇ ਸੁਰਿੰਦਰ ਕੁਮਾਰ ਚੌਧਰੀ ਨੂੰ ਉਪ ਮੁੱਖ ਮੰਤਰੀ ਬਣਾਇਆ ਹੈ। ਉਹਨਾਂ ਨੇ ਨੌਸ਼ਹਿਰਾ ਤੋਂ ਚੋਣ ਲੜੀ ਸੀ ਅਤੇ ਭਾਜਪਾ ਆਗੂ ਰਵਿੰਦਰ ਰੈਨਾ ਨੂੰ ਹਰਾਇਆ ਸੀ।

ਉਮਰ ਅਬਦੁੱਲਾ ਤੋਂ ਇਲਾਵਾ ਪੰਜ ਕੈਬਨਿਟ ਮੰਤਰੀਆਂ ਨੇ ਸਹੁੰ ਚੁੱਕੀ ਹੈ, ਜਿਨ੍ਹਾਂ ਵਿੱਚ ਸਤੀਸ਼ ਸ਼ਰਮਾ, ਸਕੀਨਾ ਯੇਤੂ, ਜਾਵੇਦ ਡਾਰ, ਸੁਰਿੰਦਰ ਚੌਧਰੀ ਅਤੇ ਜਾਵੇਦ ਰਾਣਾ ਸ਼ਾਮਲ ਹਨ।

ਲੋਕਾਂ ਦੀਆਂ ਉਮੀਦਾਂ ਤੇ ਖਰ੍ਹੇ ਉੱਤਰੀਏ- ਅਬਦੁੱਲਾ

ਉਮਰ ਅਬਦੁੱਲਾ ਨੇ ਕਿਹਾ, ‘ਮੈਂ 6 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲਾ ਆਖਰੀ ਮੁੱਖ ਮੰਤਰੀ ਸੀ। ਹੁਣ ਮੈਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦਾ ਪਹਿਲਾ ਮੁੱਖ ਮੰਤਰੀ ਬਣਿਆ ਹਾਂ। 6 ਸਾਲ ਸੇਵਾ ਕੀਤੀ, ਮੈਂ ਇਸ ਤੋਂ ਬਹੁਤ ਖੁਸ਼ ਹਾਂ। ਮੈਨੂੰ ਉਮੀਦ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਅਸਥਾਈ ਹੈ। ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਰੱਖਦੇ ਹਾਂ ਅਤੇ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨਾ ਹੋਵੇਗਾ। ਬਹੁਤ ਕੁਝ ਕਰਨਾ ਪਵੇਗਾ, ਲੋਕਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ ਕਿ ਉਨ੍ਹਾਂ ਕੋਲ ਸ਼ਕਤੀ ਹੈ ਅਤੇ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇਗੀ। 5-6 ਸਾਲ ਹੋ ਗਏ ਹਨ ਕੋਈ ਵੀ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇਹ ਸਾਡਾ ਫਰਜ਼ ਹੋਵੇਗਾ ਕਿ ਅਸੀਂ ਉਨ੍ਹਾਂ ਨੂੰ ਸੁਣੀਏ ਅਤੇ ਇਸ ‘ਤੇ ਅਮਲ ਕਰੀਏ। ਸਾਡੀ ਕੋਸ਼ਿਸ਼ ਰਹੇਗੀ ਕਿ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰੀਏ।

ਨੈਸ਼ਨਲ ਕਾਨਫਰੰਸ ਨੇ ਜਿੱਤੀਆਂ ਹਨ 42 ਸੀਟਾਂ

ਧਾਰਾ 370 ਹਟਾਏ ਜਾਣ ਤੋਂ ਬਾਅਦ ਹੋਈਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਵਿੱਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਨੇ ਜਿੱਤ ਦਰਜ ਕੀਤੀ ਹੈ। ਨੈਸ਼ਨਲ ਕਾਨਫਰੰਸ ਨੇ 42 ਸੀਟਾਂ ਜਿੱਤੀਆਂ, ਜਦਕਿ ਕਾਂਗਰਸ ਨੇ 6 ਸੀਟਾਂ ਜਿੱਤੀਆਂ। ਪੰਜ ਆਜ਼ਾਦ ਵਿਧਾਇਕਾਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਇੱਕ ਵਿਧਾਇਕ ਦੇ ਸਮਰਥਨ ਨਾਲ ਬਹੁਮਤ ਹੋਰ ਮਜ਼ਬੂਤ ​​ਹੋਇਆ। ਭਾਰਤੀ ਜਨਤਾ ਪਾਰਟੀ ਨੇ 29 ਸੀਟਾਂ ਜਿੱਤੀਆਂ ਸਨ, ਜਦੋਂ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਸ ਨੇ 25 ਸੀਟਾਂ ਜਿੱਤੀਆਂ ਸਨ।