ਫ਼ੌਜ ‘ਚ ਭਰਤੀ ਹੋਣ ਦੇ ਸੁਪਨੇ ਤੋਂ ਗੈਂਗਸਟਰ ਬਣਨ ਤੱਕ, ਜਾਣੋ ਕੌਣ ਹੈ ਹੈਰੀ ਬਾਕਸਰ; ਕਿਵੇਂ ਬਣਿਆ ਲਾਰੈਂਸ ਗੈਂਗ ਨੰਬਰ 3 ਗੁਰਗਾ?

Updated On: 

07 Nov 2026 11:38 AM IST

ਕੌਮਾਂਤਰੀ ਪੱਧਰ 'ਤੇ ਅਪਰਾਧ ਦਾ ਜਾਲ ਵਿਛਾਉਣ ਵਾਲੇ ਗੈਂਗਸਟਰ ਸਿੰਡੀਕੇਟ ਵਿਰੁੱਧ ਭਾਰਤੀ ਅਤੇ ਅਮਰੀਕੀ ਜਾਂਚ ਏਜੰਸੀਆਂ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ। ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਬੇਹੱਦ ਸਰਗਰਮ ਅਤੇ ਪ੍ਰਮੁੱਖ ਮੈਂਬਰ ਕੁਖ਼ਿਆਤ ਹੈਰੀ ਬਾਕਸਰ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਫ਼ੌਜ ਚ ਭਰਤੀ ਹੋਣ ਦੇ ਸੁਪਨੇ ਤੋਂ ਗੈਂਗਸਟਰ ਬਣਨ ਤੱਕ, ਜਾਣੋ ਕੌਣ ਹੈ ਹੈਰੀ ਬਾਕਸਰ; ਕਿਵੇਂ ਬਣਿਆ ਲਾਰੈਂਸ ਗੈਂਗ ਨੰਬਰ 3 ਗੁਰਗਾ?

ਕੌਮਾਂਤਰੀ ਪੱਧਰ ‘ਤੇ ਅਪਰਾਧ ਦਾ ਜਾਲ ਵਿਛਾਉਣ ਵਾਲੇ ਗੈਂਗਸਟਰ ਸਿੰਡੀਕੇਟ ਵਿਰੁੱਧ ਭਾਰਤੀ ਅਤੇ ਅਮਰੀਕੀ ਜਾਂਚ ਏਜੰਸੀਆਂ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ। ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਬੇਹੱਦ ਸਰਗਰਮ ਅਤੇ ਪ੍ਰਮੁੱਖ ਮੈਂਬਰ ਕੁਖ਼ਿਆਤ ਹੈਰੀ ਬਾਕਸਰ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੈਂਗ ਦੇ ਸੰਗਠਨਾਤਮਕ ਢਾਂਚੇ ਵਿੱਚ ਉਸ ਦੀ ਹੈਸੀਅਤ ਨੰਬਰ 3 ਦੇ ਆਗੂ ਵਜੋਂ ਮੰਨੀ ਜਾਂਦੀ ਹੈ। ਹੁਣ ਉਸ ਨੂੰ ਭਾਰਤ ਲਿਆਉਣ ਲਈ ਕਾਨੂੰਨੀ ਅਤੇ ਹਵਾਲਗੀ ਪ੍ਰਕਿਰਿਆ ਤੇਜ਼ੀ ਨਾਲ ਸ਼ੁਰੂ ਕੀਤੀ ਜਾ ਰਹੀ ਹੈ।

ਸਾਬਰਮਤੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅਪਰਾਧਿਕ ਸਿੰਡੀਕੇਟ ਹੁਣ ਵਿਦੇਸ਼ੀ ਧਰਤੀ ਤੋਂ ਇੱਕ ਨਵਾਂ ਅਤੇ ਬੇਹੱਦ ਖ਼ਤਰਨਾਕ ਰੂਪ ਧਾਰਨ ਕਰ ਚੁੱਕਾ ਸੀ। ਗੈਂਗ ਵਿੱਚ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਅਤੇ ਗੋਲਡੀ ਬਰਾੜ ਤੋਂ ਬਾਅਦ ਹੁਣ ਇਹ ਨਾਂ ‘ਹੈਰੀ ਬਾਕਸਰ’ ਤੇਜ਼ੀ ਨਾਲ ਸੁਰਖ਼ੀਆਂ ਵਿੱਚ ਆਇਆ ਸੀ। ਲਾਰੈਂਸ ਗਰੋਹ ਦਾ ਇਹ ਨੰਬਰ 3 ਗੁਰਗਾ ਕੋਈ ਆਮ ਅਪਰਾਧੀ ਨਹੀਂ, ਸਗੋਂ ਗੈਂਗ ਦਾ ਵੱਡਾ ਡਿਜੀਟਲ ਚਿਹਰਾ ਬਣ ਚੁੱਕਾ ਸੀ, ਜੋ ਕੈਨੇਡਾ ਅਤੇ ਅਮਰੀਕਾ ਵਿੱਚ ਬੈਠ ਕੇ ਭਾਰਤ ਦੀਆਂ ਸਭ ਤੋਂ ਵੱਡੀਆਂ ਫ਼ਿਲਮੀ ਹਸਤੀਆਂ ਅਤੇ ਕਾਰੋਬਾਰੀਆਂ ਨੂੰ ਸ਼ਰੇਆਮ ਚੁਣੌਤੀਆਂ ਦੇ ਰਿਹਾ ਸੀ। ਉਸ ਵਿਰੁੱਧ ਲੁੱਕ ਆਊਟ ਸਰਕੂਲਰ (LOC) ਵੀ ਜਾਰੀ ਕੀਤਾ ਜਾ ਚੁੱਕਾ ਸੀ।

ਕੌਣ ਹੈ ਹੈਰੀ ਬਾਕਸਰ ?

ਜਾਂਚ ਏਜੰਸੀਆਂ ਅਨੁਸਾਰ ਹੈਰੀ ਬਾਕਸਰ ਦਾ ਅਸਲ ਨਾਂ ਹਰੀਚੰਦ ਹੈ ਅਤੇ ਉਹ ਮੂਲ ਰੂਪ ਵਿੱਚ ਰਾਜਸਥਾਨ ਦਾ ਵਸਨੀਕ ਹੈ। ਇੱਕ ਦੌਰ ਅਜਿਹਾ ਵੀ ਸੀ ਜਦੋਂ ਉਹ ਭਾਰਤੀ ਫ਼ੌਜ ਅਤੇ ਪੁਲਿਸ ਫ਼ੋਰਸ ਵਿੱਚ ਭਰਤੀ ਹੋਣ ਦੇ ਸੁਪਨੇ ਵੇਖ ਰਿਹਾ ਸੀ ਅਤੇ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਸੀ। ਜੈਪੁਰ ਵਿੱਚ ਰਹਿਣ ਦੌਰਾਨ ਉਸ ਨੇ ਬਾਕਸਿੰਗ (ਮੁੱਕੇਬਾਜ਼ੀ) ਦੀ ਸਿਖਲਾਈ ਲਈ, ਜਿਸ ਕਾਰਨ ਬਾਅਦ ਵਿੱਚ ਜੁਰਮ ਦੀ ਦੁਨੀਆ ਵਿੱਚ ਉਸ ਦਾ ਨਾਂ ‘ਹੈਰੀ ਬਾਕਸਰ’ ਪੈ ਗਿਆ। ਉਸ ਖ਼ਿਲਾਫ਼ ਜੈਪੁਰ, ਸੀਕਰ, ਅਲਵਰ ਅਤੇ ਧੌਲਪੁਰ ਦੇ ਥਾਣਿਆਂ ਵਿੱਚ ਕਤਲ ਦੀ ਕੋਸ਼ਿਸ਼, ਲੁੱਟ-ਖੋਹ ਅਤੇ ਜਾਨਲੇਵਾ ਕੁੱਟਮਾਰ ਦੇ ਦਰਜਨਾਂ ਸੰਗੀਨ ਮੁਕੱਦਮੇ ਦਰਜ ਹਨ।

ਪੁਲਿਸ ਰਿਪੋਰਟਾਂ ਮੁਤਾਬਕ ਸਾਲ 2024 ਵਿੱਚ ਉਹ ਗ਼ੈਰ-ਕਾਨੂੰਨੀ ਢੰਗ ਨਾਲ ‘ਡੰਕੀ ਰੂਟ’ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ। ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵਿਚਾਲੇ ਵਧਦੀ ਖਿੱਚੋਤਾਣ ਅਤੇ ਦੂਰੀਆਂ ਤੋਂ ਬਾਅਦ ਲਾਰੈਂਸ ਨੇ ਹੈਰੀ ਬਾਕਸਰ ਨੂੰ ਗਰੋਹ ਦੀ ਵੱਡੀ ਕਮਾਨ ਸੌਂਪੀ। ਉਹ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਦਾ ਬੇਹੱਦ ਕਰੀਬੀ ਦੋਸਤ ਮੰਨਿਆ ਜਾਂਦਾ ਹੈ, ਜਿਸ ਨੂੰ ਹਾਲ ਹੀ ਵਿੱਚ ਵਿਦੇਸ਼ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਗਿਆ ਹੈ।

ਹਰੀਚੰਦ ਤੋਂ ਹੈਰੀ ਬਾਕਸਰ ਬਣਨ ਦਾ ਸਫ਼ਰ

ਲਾਰੈਂਸ ਬਿਸ਼ਨੋਈ ਗਰੋਹ ਵਿੱਚ ਹੈਰੀ ਦੀ ਐਂਟਰੀ ਕੁਝ ਸਾਲ ਪਹਿਲਾਂ ਹੀ ਹੋਈ ਸੀ, ਪਰ ਬਹੁਤ ਘੱਟ ਸਮੇਂ ਅੰਦਰ ਉਸ ਨੇ ਲਾਰੈਂਸ ਅਤੇ ਅਨਮੋਲ ਬਿਸ਼ਨੋਈ ਦਾ ਅੰਨ੍ਹਾ ਭਰੋਸਾ ਜਿੱਤ ਲਿਆ। ਗੈਂਗ ਵਿੱਚ ਉਸ ਦੀ ਮੁੱਖ ਜ਼ਿੰਮੇਵਾਰੀ ਮੋਟੀਆਂ ਫ਼ਿਰੌਤੀਆਂ ਮੰਗਣਾ, ਦੇਸ਼ ਅੰਦਰ ਸ਼ੂਟਰਾਂ ਨੂੰ ਨਿਸ਼ਾਨੇ (ਟਾਰਗੇਟ) ਦੇ ਕੇ ਵਾਰਦਾਤਾਂ ਅੰਜਾਮ ਦਿਵਾਉਣਾ ਅਤੇ ਵਿਦੇਸ਼ੀ ਧਰਤੀ ਤੋਂ ਗਰੋਹ ਦਾ ਪ੍ਰਚਾਰ-ਪ੍ਰਸਾਰ ਕਰਨਾ ਸੀ। ਉਹ ਆਧੁਨਿਕ ਤਕਨਾਲੋਜੀ ਦਾ ਮਾਹਿਰ ਹੈ ਅਤੇ ਅਕਸਰ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੇ ਇੰਟਰਨੈੱਟ ਵਾਇਸ ਕਾਲਾਂ ਰਾਹੀਂ ਹੀ ਧਮਕੀਆਂ ਦਿੰਦਾ ਰਿਹਾ, ਤਾਂ ਜੋ ਜਾਂਚ ਏਜੰਸੀਆਂ ਉਸ ਦੀ ਅਸਲ ਲੋਕੇਸ਼ਨ ਦਾ ਪਤਾ ਨਾ ਲਗਾ ਸਕਣ।

ਬਾਲੀਵੁੱਡ ਹਸਤੀਆਂ ਵਿੱਚ ਦਹਿਸ਼ਤ

ਹੈਰੀ ਬਾਕਸਰ ਦਾ ਨਾਂ ਉਸ ਵੇਲੇ ਕੌਮੀ ਪੱਧਰ ‘ਤੇ ਗੂੰਜਿਆ ਜਦੋਂ ਉਸ ਨੇ ਮਸ਼ਹੂਰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੇ ਮੈਨੇਜਰ ਨੂੰ ਧਮਕੀ ਭਰਿਆ ਵਾਇਸ ਸੁਨੇਹਾ ਭੇਜ ਕੇ 10 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ। ਇਸ ਸੁਨੇਹੇ ਵਿੱਚ ਉਸ ਨੇ ਧਮਕੀ ਦਿੱਤੀ ਕਿ ਜੇਕਰ ਮੰਗ ਪੂਰੀ ਨਾ ਹੋਈ ਤਾਂ “ਅਗਲੀਆਂ ਸੱਤ ਪੀੜ੍ਹੀਆਂ ਯਾਦ ਰੱਖਣਗੀਆਂ।” ਇਸ ਤੋਂ ਪਹਿਲਾਂ ਨਾਮਵਰ ਫ਼ਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਜੁਹੂ ਸਥਿਤ ਬੰਗਲੇ ਦੇ ਬਾਹਰ ਹੋਈ ਗੋਲੀਬਾਰੀ ਪਿੱਛੇ ਵੀ ਹੈਰੀ ਬਾਕਸਰ ਦਾ ਹੱਥ ਸਾਹਮਣੇ ਆਇਆ ਸੀ, ਜਿਸ ਨੇ ਵਾਇਸ ਨੋਟ ਰਾਹੀਂ ਰੋਹਿਤ ਸ਼ੈੱਟੀ ਅਤੇ ਰਣਵੀਰ ਸਿੰਘ ਨੂੰ ‘ਲਾਈਨ ‘ਤੇ ਆਉਣ’ ਦੀ ਸਿੱਧੀ ਚੇਤਾਵਨੀ ਦਿੱਤੀ ਸੀ।

ਇਸ ਤੋਂ ਇਲਾਵਾ ਕੈਨੇਡਾ ਵਿੱਚ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫ਼ੇ ‘ਤੇ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਵੀ ਹੈਰੀ ਬਾਕਸਰ ਨੇ ਖ਼ੁਦ ਲਈ ਸੀ। ਸਲਮਾਨ ਖ਼ਾਨ ਦੇ ਜੀਜਾ ਅਤੇ ਅਦਾਕਾਰ ਆਯੁਸ਼ ਸ਼ਰਮਾ ਵੀ ਇਸ ਵੇਲੇ ਇਸ ਗਰੋਹ ਦੇ ਰਡਾਰ ‘ਤੇ ਦੱਸੇ ਜਾ ਰਹੇ ਹਨ।

ਕ੍ਰਾਈਮ ਕੁੰਡਲੀ: ਭਾਰਤ ‘ਚ ਦਰਜ ਕੇਸ ਅਤੇ ਵਿਰੋਧੀ ਗਰੋਹਾਂ ਦਾ ਨਿਸ਼ਾਨਾ

ਭਾਰਤ ਵਿੱਚ ਹੈਰੀ ਬਾਕਸਰ ਦੇ ਗੰਭੀਰ ਅਪਰਾਧਾਂ ਦਾ ਲੰਮਾ ਚੌੜਾ ਰਿਕਾਰਡ ਹੈ। ਉਹ ਕਤਲ, ਕਤਲ ਦੀ ਕੋਸ਼ਿਸ਼, ਰੰਗਦਾਰੀ ਵਸੂਲਣ ਅਤੇ ਅਸਲਾ ਐਕਟ (Arms Act) ਦੀਆਂ ਸੰਗੀਨ ਧਾਰਾਵਾਂ ਤਹਿਤ ਦਰਜਨਾਂ ਕੇਸਾਂ ਵਿੱਚ ਲੋੜੀਂਦਾ ਹੈ। ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿੱਚ ਉਸ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਹਾਲ ਹੀ ਵਿੱਚ ਦਿੱਲੀ ਪੁਲਿਸ ਨੇ ਉਸ ਦੇ ‘ਗੋਸਟ ਹਿੱਟਮੈਨ’ ਨੈੱਟਵਰਕ ਦੇ 5 ਸਰਗਰਮ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਹਾਈ-ਪ੍ਰੋਫ਼ਾਈਲ ਕਤਲਾਂ ਦੀ ਫ਼ਿਰਾਕ ਵਿੱਚ ਸਨ। ਹੈਰੀ ਬਾਕਸਰ ਨਾ ਸਿਰਫ਼ ਪੁਲਿਸ ਲਈ ਸਗੋਂ ਵਿਰੋਧੀ ਅਪਰਾਧਿਕ ਗੈਂਗਾਂ ਦੀ ਹਿੱਟ ਲਿਸਟ ‘ਤੇ ਵੀ ਸੀ; ਬੀਤੇ ਦਿਨੀਂ ਅਮਰੀਕਾ ਵਿੱਚ ਰੋਹਿਤ ਗੋਦਾਰਾ ਗੈਂਗ ਨਾਲ ਉਸ ਦੇ ਆਹਮੋ-ਸਾਹਮਣੇ ਟਕਰਾਅ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਹੁਣ ਅਮਰੀਕਾ ਵਿੱਚ ਉਸ ਦੀ ਗ੍ਰਿਫ਼ਤਾਰੀ ਨਾਲ ਭਾਰਤੀ ਸੁਰੱਖਿਆ ਏਜੰਸੀਆਂ ਨੇ ਵੱਡੀ ਰਾਹਤ ਦਾ ਸਾਹ ਲਿਆ ਹੈ ਅਤੇ ਉਸ ਦੀ ਹਵਾਲਗੀ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।

Loading...
Unable to load recommendations.
Follow Us
Related Stories
ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਹੈਰੀ ਬਾਕਸਰ ਅਮਰੀਕਾ ‘ਚ ਗ੍ਰਿਫ਼ਤਾਰ, ਜਲਦ ਲਿਆਂਦਾ ਜਾਵੇਗਾ ਭਾਰਤ
ਦੀਵਾਲੀ ਤੋਂ ਪਹਿਲਾਂ ਹੀ ਜ਼ਹਿਰੀਲੀ ਹੋਈ ਦਿੱਲੀ-NCR ਦੀ ਹਵਾ, GRAP-III ਲਾਗੂ; ਨਵੇਂ ਆਦੇਸ਼ ਨਾਲ ਕਿਹੜੀਆਂ ਚੀਜਾਂ ਤੇ ਲੱਗੀ ਪਾਬੰਦੀ?
ਸੁਪਰੀਮ ਕੋਰਟ ਨੇ ਦਹਾਕਿਆਂ ਪੁਰਾਣੇ ਅੰਤਰ-ਰਾਜੀ ਬਿਜਲੀ ਵਿਵਾਦ ਨੂੰ ਸੁਲਝਾਇਆ
ਨਾਰਾਜ਼ ਵਿਧਾਇਕਾਂ ਨੇ ਦਿੱਤਾ ਅਸਤੀਫ਼ਾ ਤਾਂ ਕੀ ਡਿੱਗ ਜਾਵੇਗੀ ਉਮਰ ਅਬਦੁੱਲਾ ਸਰਕਾਰ? ਸਮਝੋ ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਨੰਬਰ ਗੇਮ
15 ਦਿਨ, 7 ਕਤਲ ਅਤੇ ਇੱਕ ਖ਼ੌਫ਼ਨਾਕ ਪਲਾਨ ਨਫ਼ਰਤ ਦੀ ਅੱਗ ‘ਚ ਕਿਵੇਂ ਕੈਬ ਡਰਾਈਵਰ ਇੰਦੂਸ਼ੇਖਰ ਬਣਿਆ ਕਾਤਲ, ਪੂਰੇ ਪਰਿਵਾਰ ਦਾ ਕਰ ਦਿੱਤਾ ਖ਼ਾਤਮਾ
ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, 2 ਨਾਮਜ਼ਦਗੀਆਂ ਖਾਰਿਜ