ਯੂਰੀਆ ਉਤਪਾਦਨ ‘ਚ ਆਤਮਨਿਰਭਰਤਾ ਵੱਲ ਭਾਰਤ ਦਾ ਵੱਡਾ ਕਦਮ, 6 ਨਵੇਂ ਪਲਾਂਟਾਂ ਨੂੰ ਮਨਜ਼ੂਰੀ

Updated On: 

26 Nov 2026 14:00 PM IST

Urea Production: ਰਾਸ਼ਟਰੀ ਯੂਰੀਆ ਨਿਵੇਸ਼ ਨੀਤੀ (NIPU)-2026 ਤਹਿਤ ਦੇਸ਼ ਵਿੱਚ 6 ਨਵੇਂ ਬ੍ਰਾਊਨਫੀਲਡ ਯੂਰੀਆ ਪਲਾਂਟ ਸਥਾਪਤ ਕੀਤੇ ਜਾਣਗੇ। ਸਰਕਾਰ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਪ੍ਰਾਜੈਕਟਾਂ 'ਤੇ ਕਰੀਬ 54,000 ਕਰੋੜ ਰੁਪਏ ਦਾ ਨਿਵੇਸ਼ ਕੀਤੇ ਜਾਣ ਦਾ ਪ੍ਰਸਤਾਵ ਹੈ।

ਯੂਰੀਆ ਉਤਪਾਦਨ ਚ ਆਤਮਨਿਰਭਰਤਾ ਵੱਲ ਭਾਰਤ ਦਾ ਵੱਡਾ ਕਦਮ, 6 ਨਵੇਂ ਪਲਾਂਟਾਂ ਨੂੰ ਮਨਜ਼ੂਰੀ

ਯੂਰੀਆ ਉਤਪਾਦਨ ‘ਚ ਭਾਰਤ ਦਾ ਵੱਡਾ ਕਦਮ

ਯੂਰੀਆ ਉਤਪਾਦਨ ਵਿੱਚ ਆਤਮਨਿਰਭਰਤਾ ਵੱਲ ਭਾਰਤ ਨੇ ਵੱਡਾ ਕਦਮ ਚੁੱਕਿਆ ਹੈ। ਰਾਸ਼ਟਰੀ ਯੂਰੀਆ ਨਿਵੇਸ਼ ਨੀਤੀ (NIPU)-2026 ਤਹਿਤ ਦੇਸ਼ ਵਿੱਚ 6 ਨਵੇਂ ਬ੍ਰਾਊਨਫੀਲਡ ਯੂਰੀਆ ਪਲਾਂਟ ਸਥਾਪਤ ਕੀਤੇ ਜਾਣਗੇ। ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਪ੍ਰਾਜੈਕਟਾਂ ‘ਤੇ ਕਰੀਬ 54,000 ਕਰੋੜ ਰੁਪਏ ਦਾ ਨਿਵੇਸ਼ ਕੀਤੇ ਜਾਣ ਦੀ ਤਜਵੀਜ਼ ਹੈ।

ਇਸ ਤਹਿਤ ਸਾਰੇ 6 ਪਲਾਂਟਾਂ ‘ਤੇ ਲਗਭਗ 54,000 ਕਰੋੜ ਰੁਪਏ ਖਰਚ ਹੋਣਗੇ ਅਤੇ ਹਰੇਕ ਪਲਾਂਟ ‘ਤੇ ਕਰੀਬ 9,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਨਵੇਂ ਪਲਾਂਟਾਂ ਰਾਹੀਂ ਯੂਰੀਆ ਉਤਪਾਦਨ ਸਮਰੱਥਾ ਵਿੱਚ ਹਰ ਸਾਲ 76.2 ਲੱਖ ਮੀਟ੍ਰਿਕ ਟਨ ਦਾ ਵਾਧਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਨਵੇਂ ਪਲਾਂਟ ਤਾਮਿਲਨਾਡੂ ਦੇ ਮਦਰਾਸ, ਪੰਜਾਬ ਦੇ ਨੰਗਲ, ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਅਤੇ ਜਗਦੀਸ਼ਪੁਰ, ਪੱਛਮੀ ਬੰਗਾਲ ਦੇ ਪਾਨਾਗੜ੍ਹ ਅਤੇ ਰਾਜਸਥਾਨ ਦੇ ਗੜੇਪਨ ਵਿੱਚ ਲਗਾਏ ਜਾਣਗੇ। ਇਸ ਦੇ ਨਾਲ ਹੀ ਪੁਰਾਣੀਆਂ ਅਤੇ ਜ਼ਿਆਦਾ ਊਰਜਾ ਦੀ ਖਪਤ ਕਰਨ ਵਾਲੀਆਂ ਯੂਰੀਆ ਇਕਾਈਆਂ ਨੂੰ ਵੀ ਆਧੁਨਿਕ ਤਕਨੀਕ ਨਾਲ ਅਪਗ੍ਰੇਡ ਕੀਤਾ ਜਾਵੇਗਾ। ਇਨ੍ਹਾਂ ਪ੍ਰਾਜੈਕਟਾਂ ਵਿੱਚ ਸਰਕਾਰੀ, ਨਿੱਜੀ ਅਤੇ ਸਹਿਕਾਰੀ ਖੇਤਰ ਦੀਆਂ ਕੰਪਨੀਆਂ ਨਿਵੇਸ਼ ਕਰਨਗੀਆਂ।

ਦੇਸ਼ ਵਿੱਚ ਯੂਰੀਆ ਦੀ ਸਾਲਾਨਾ ਖਪਤ 400 ਲੱਖ ਮੀਟ੍ਰਿਕ ਟਨ

ਭਾਰਤ ਵਿੱਚ ਯੂਰੀਆ ਦੀ ਸਾਲਾਨਾ ਖਪਤ ਕਰੀਬ 400 ਲੱਖ ਮੀਟ੍ਰਿਕ ਟਨ ਹੈ, ਜਦਕਿ 2025-26 ਦੌਰਾਨ ਦੇਸ਼ ਵਿੱਚ ਯੂਰੀਆ ਦਾ ਘਰੇਲੂ ਉਤਪਾਦਨ 293.30 ਲੱਖ ਮੀਟ੍ਰਿਕ ਟਨ ਰਿਹਾ। ਮੰਨਿਆ ਜਾ ਰਿਹਾ ਹੈ ਕਿ ਨਵੇਂ ਪਲਾਂਟਾਂ ਨਾਲ ਦਰਾਮਦ ਕੀਤੇ ਜਾਣ ਵਾਲੇ ਯੂਰੀਆ ‘ਤੇ ਨਿਰਭਰਤਾ ਘਟਾਉਣ ਅਤੇ ਵਿਦੇਸ਼ੀ ਮੁਦਰਾ ਬਚਾਉਣ ਵਿੱਚ ਮਦਦ ਮਿਲੇਗੀ।

ਇਸ ਤੋਂ ਇਲਾਵਾ, ਨਵੇਂ ਪ੍ਰਾਜੈਕਟਾਂ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਕਿਸਾਨਾਂ ਨੂੰ ਖਾਦ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ। ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਨੀਤੀ ਵਿੱਚ 12 ਤੋਂ 16 ਫ਼ੀਸਦੀ ਤੱਕ ਰਿਟਰਨ ਆਨ ਇਕੁਇਟੀ (RoE) ਦੀ ਵਿਵਸਥਾ ਵੀ ਕੀਤੀ ਗਈ ਹੈ।

MFL-ਮਦਰਾਸ PSU ਬ੍ਰਾਊਨਫੀਲਡ ਪ੍ਰਾਜੈਕਟ

ਕੈਮੀਕਲਜ਼ ਅਤੇ ਫਰਟੀਲਾਈਜ਼ਰਜ਼ ਮੰਤਰਾਲੇ ਨੇ ਦੱਸਿਆ ਕਿ MFL-ਮਦਰਾਸ ਇੱਕ PSU ਬ੍ਰਾਊਨਫੀਲਡ ਪ੍ਰਾਜੈਕਟ ਹੈ, ਜਿਸ ਦੀ ਸਾਲਾਨਾ ਸਥਾਪਤ ਉਤਪਾਦਨ ਸਮਰੱਥਾ 12.7 ਲੱਖ ਮੀਟ੍ਰਿਕ ਟਨ ਹੋਵੇਗੀ। ਇਹ ਮੌਜੂਦਾ ਯੂਨਿਟ ਦੀ ਥਾਂ ਲਵੇਗਾ, ਜੋ 60 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ।

ਇਸੇ ਤਰ੍ਹਾਂ NFL-ਨੰਗਲ ਇੱਕ PSU ਬ੍ਰਾਊਨਫੀਲਡ ਪ੍ਰਾਜੈਕਟ ਹੈ, ਜੋ ਲਗਭਗ 50 ਤੋਂ 55 ਸਾਲ ਪੁਰਾਣੇ ਪਲਾਂਟ ਦੀ ਥਾਂ ਲਵੇਗਾ। ਇਸ ਦੀ ਸਾਲਾਨਾ ਸਥਾਪਤ ਉਤਪਾਦਨ ਸਮਰੱਥਾ 12.7 ਲੱਖ ਮੀਟ੍ਰਿਕ ਟਨ ਹੋਵੇਗੀ।

KFL-ਸ਼ਾਹਜਹਾਂਪੁਰ, ਜੋ ਕਿ KRIBHCO ਦਾ ਸਹਿਕਾਰੀ ਖੇਤਰ ਦਾ ਬ੍ਰਾਊਨਫੀਲਡ ਪ੍ਰਾਜੈਕਟ ਹੈ, ਸਾਲ 1995 ਵਿੱਚ ਸ਼ੁਰੂ ਹੋਈ ਯੂਨਿਟ ਦਾ ਵਿਸਥਾਰ ਕਰੇਗਾ। ਇਸ ਦੀ ਸਾਲਾਨਾ ਸਥਾਪਤ ਉਤਪਾਦਨ ਸਮਰੱਥਾ 12.7 ਲੱਖ ਮੀਟ੍ਰਿਕ ਟਨ ਹੋਵੇਗੀ।

ਇਸ ਤੋਂ ਇਲਾਵਾ ਮੈਟਿਕਸ-ਪਾਨਾਗੜ੍ਹ ਇੱਕ ਨਿੱਜੀ ਖੇਤਰ ਦਾ ਬ੍ਰਾਊਨਫੀਲਡ ਪ੍ਰਾਜੈਕਟ ਹੈ। ਇਸ ਨੂੰ 2017 ਵਿੱਚ ਸ਼ੁਰੂ ਹੋਏ ਮੌਜੂਦਾ ਆਧੁਨਿਕ ਪਲਾਂਟ ਦੇ ਆਧਾਰ ‘ਤੇ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਸਾਲਾਨਾ ਸਥਾਪਤ ਉਤਪਾਦਨ ਸਮਰੱਥਾ ਵੀ 12.7 ਲੱਖ ਮੀਟ੍ਰਿਕ ਟਨ ਹੋਵੇਗੀ।

ਉੱਥੇ ਹੀ CFCL-ਗੜੇਪਨ ਇੱਕ ਨਿੱਜੀ ਖੇਤਰ ਦਾ ਬ੍ਰਾਊਨਫੀਲਡ ਪ੍ਰਾਜੈਕਟ ਹੈ, ਜੋ 1994 ਤੋਂ ਚੱਲ ਰਹੇ ਕੰਪਲੈਕਸ ਦਾ ਵਿਸਥਾਰ ਕਰੇਗਾ। ਇਸ ਦੀ ਸਾਲਾਨਾ ਸਥਾਪਤ ਉਤਪਾਦਨ ਸਮਰੱਥਾ 12.7 ਲੱਖ ਮੀਟ੍ਰਿਕ ਟਨ ਹੋਵੇਗੀ।

ਇਸ ਤੋਂ ਇਲਾਵਾ IIPL-ਜਗਦੀਸ਼ਪੁਰ ਪ੍ਰਾਜੈਕਟ ਤਹਿਤ 1988 ਵਿੱਚ ਬਣੇ ਪਲਾਂਟ ਦੀ ਉਤਪਾਦਨ ਸਮਰੱਥਾ ਵਿੱਚ ਸਾਲਾਨਾ 12.7 ਲੱਖ ਮੀਟ੍ਰਿਕ ਟਨ ਦਾ ਵਾਧਾ ਕਰਨ ਦਾ ਪ੍ਰਸਤਾਵ ਹੈ।

Source: TV9Hindi.com

Loading...
Unable to load recommendations.
Follow Us