Delimitation Bill ‘ਚ 2 ਵੱਡੇ ਬਦਲਾਅ ਕਰ ਰਹੀ ਸਰਕਾਰ, ਅੱਜ ਕੈਬਨਿਟ ਬੈਠਕ ਵਿੱਚ ਮਿਲ ਸਕਦੀ ਹੈ ਮਨਜ਼ੂਰੀ
Modi Government: ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਮੋਦੀ ਸਰਕਾਰ ਨੇ ਕੈਬਨਿਟ ਦੀ ਅਹਿਮ ਬੈਠਕ ਬੁਲਾਈ ਹੈ। ਅੱਜ ਹੋਣ ਵਾਲੀ ਇਸ ਬੈਠਕ ਵਿੱਚ ਸਰਕਾਰ Delimitation Bill (ਹੱਦਬੰਦੀ ਬਿੱਲ) ਵਿੱਚ 2 ਵੱਡੇ ਬਦਲਾਅ ਕਰਨ ਜਾ ਰਹੀ ਹੈ, ਜਿਨ੍ਹਾਂ ਨੂੰ ਕੈਬਨਿਟ ਤੋਂ ਮਨਜ਼ੂਰੀ ਮਿਲ ਸਕਦੀ ਹੈ।
ਅੱਜ ਕੈਬਨਿਟ ਬੈਠਕ 'ਚ ਹੋਵੇਗਾ ਵੱਡਾ ਫੈਸਲਾ
ਕੇਂਦਰ ਦੀ ਮੋਦੀ ਸਰਕਾਰ ਨੇ ਸੰਸਦ ਦਾ ਚਾਰ ਦਿਨਾਂ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਲੋਕ ਸਭਾ ਨੂੰ 30 ਨਵੰਬਰ ਅਤੇ ਰਾਜ ਸਭਾ ਨੂੰ 2 ਦਸੰਬਰ ਤੋਂ ਮੁੜ ਬੁਲਾਇਆ ਗਿਆ ਹੈ। ਇਸੇ ਨੂੰ ਲੈ ਕੇ ਅੱਜ ਯਾਨੀ ਸ਼ੁੱਕਰਵਾਰ ਨੂੰ ਕੈਬਨਿਟ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਸੂਤਰਾਂ ਮੁਤਾਬਕ, ਕੈਬਨਿਟ ਦੀ ਬੈਠਕ ਵਿੱਚ ਮਹਿਲਾ ਰਾਖਵਾਂਕਰਨ ਅਤੇ ਹਲਕਾਬੰਦੀ ਨਾਲ ਜੁੜੇ ਸੰਵਿਧਾਨਕ ਸੋਧ ਬਿੱਲ ਵਿੱਚ ਬਦਲਾਅ ਜਾਂ ਪ੍ਰਸਤਾਵਾਂ ‘ਤੇ ਚਰਚਾ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਮਨਜ਼ੂਰੀ ਵੀ ਮਿਲ ਸਕਦੀ ਹੈ।
ਸੂਤਰਾਂ ਦੀ ਮੰਨੀਏ ਤਾਂ ਸਰਕਾਰ ਪਹਿਲਾਂ ਤੋਂ ਪ੍ਰਸਤਾਵਿਤ ਹਲਕਾਬੰਦੀ ਬਿੱਲ ਵਿੱਚ 2 ਵੱਡੇ ਬਦਲਾਅ ਕਰਨ ਜਾ ਰਹੀ ਹੈ, ਜਿਨ੍ਹਾਂ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਸਕਦੀ ਹੈ। ਪਹਿਲਾ, ਸਾਰੇ ਸੂਬਿਆਂ ਦੀਆਂ ਲੋਕ ਸਭਾ ਸੀਟਾਂ ਵਿੱਚ 50 ਫੀਸਦੀ ਵਾਧਾ ਕਰਨ ਦਾ ਪ੍ਰਸਤਾਵ ਪਾਸ ਹੋ ਸਕਦਾ ਹੈ। ਦੂਜਾ, ਹਲਕਾਬੰਦੀ ਦੀ ਪ੍ਰਕਿਰਿਆ ਨੂੰ ਜਨਗਣਨਾ ਤੋਂ ਵੱਖ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ ਨਾਲ ਦੱਖਣੀ ਸੂਬਿਆਂ ਨੂੰ ਆਪਣੀ ਸਿਆਸੀ ਹਿੱਸੇਦਾਰੀ ਘਟਣ ਦਾ ਖ਼ਦਸ਼ਾ ਦੂਰ ਕਰਨ ਵਿੱਚ ਮਦਦ ਮਿਲ ਸਕਦੀ ਹੈ।
50 ਫੀਸਦੀ ਵਾਧੇ ਨਾਲ ਲੋਕ ਸਭਾ ਦੀਆਂ ਸੀਟਾਂ ਲਗਭਗ 815 ਹੋ ਜਾਣਗੀਆਂ
ਮੌਜੂਦਾ ਸਮੇਂ ਲੋਕ ਸਭਾ ਦੀਆਂ 543 ਸੀਟਾਂ ਹਨ। ਇਨ੍ਹਾਂ ਵਿੱਚ 50 ਫੀਸਦੀ ਵਾਧਾ ਹੋਣ ਨਾਲ ਸੀਟਾਂ ਦੀ ਗਿਣਤੀ ਵਧ ਕੇ ਲਗਭਗ 815 ਹੋ ਸਕਦੀ ਹੈ। ਸੂਤਰਾਂ ਮੁਤਾਬਕ, ਕੇਂਦਰੀ ਕੈਬਨਿਟ ਵਿੱਚ ਹਰ ਸੂਬੇ ਦੀਆਂ ਸੀਟਾਂ ਵਿੱਚ ਇੱਕੋ ਅਨੁਪਾਤ ਨਾਲ ਵਾਧਾ ਕਰਨ ਦਾ ਪ੍ਰਸਤਾਵ ਪਾਸ ਕੀਤਾ ਜਾ ਸਕਦਾ ਹੈ। ਇਸੇ ਸਾਲ ਅਪ੍ਰੈਲ ਵਿੱਚ ਸਰਕਾਰ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਬਿੱਲ ਵਿੱਚ ਜਨਗਣਨਾ ਦੇ ਆਧਾਰ ‘ਤੇ ਹਲਕਾਬੰਦੀ ਕਰਨ ਅਤੇ ਲੋਕ ਸਭਾ ਦੀਆਂ ਵੱਧ ਤੋਂ ਵੱਧ ਸੀਟਾਂ ਦੀ ਗਿਣਤੀ 850 ਕਰਨ ਦਾ ਪ੍ਰਬੰਧ ਸ਼ਾਮਲ ਸੀ।
25 ਸਾਲਾਂ ਤੱਕ ਫ੍ਰੀਜ਼ ਕੀਤੀ ਜਾ ਸਕਦੀ ਹੈ ਹਲਕਾਬੰਦੀ
ਦੂਜਾ, ਹਲਕਾਬੰਦੀ ਦੀ ਪ੍ਰਕਿਰਿਆ ਨੂੰ ਜਨਗਣਨਾ ਤੋਂ ਵੱਖ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ ਦਾ ਮਕਸਦ ਲੋਕ ਸਭਾ ਦੀਆਂ ਸੀਟਾਂ ਵਿੱਚ ਵਾਧੇ ਲਈ ਜਨਸੰਖਿਆ ਦੇ ਅਨੁਪਾਤ ਨੂੰ ਲਾਗੂ ਹੋਣ ਤੋਂ ਰੋਕਣਾ ਹੈ। ਇਸ ਦੇ ਨਾਲ ਹੀ ਹਲਕਾਬੰਦੀ ਦੀ ਪ੍ਰਕਿਰਿਆ ਨੂੰ 25 ਸਾਲਾਂ ਤੱਕ ਫ੍ਰੀਜ਼ ਕੀਤਾ ਜਾ ਸਕਦਾ ਹੈ। ਇਸ ਨਾਲ ਘੱਟ ਜਨਸੰਖਿਆ ਵਾਧੇ ਵਾਲੇ ਸੂਬਿਆਂ, ਖ਼ਾਸ ਕਰਕੇ ਦੱਖਣੀ ਸੂਬਿਆਂ ਨੂੰ ਸਿਆਸੀ ਹਿੱਸੇਦਾਰੀ ਘਟਣ ਦਾ ਖ਼ਦਸ਼ਾ ਨਹੀਂ ਰਹੇਗਾ।
ਕਾਂਗਰਸ ਨੇ ਮਨਮਾਨੇ ਢੰਗ ਨਾਲ ਹਲਕਾਬੰਦੀ ਕਰਨ ਦਾ ਲਗਾਇਆ ਆਰੋਪ
ਦੂਜੇ ਪਾਸੇ, ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਸਰਕਾਰ ਦੇ ਇਸ ਕਦਮ ‘ਤੇ ਸਵਾਲ ਚੁੱਕ ਰਹੀਆਂ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਸਵੇਰੇ X ‘ਤੇ ਪੋਸਟ ਕਰਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮਹਿਲਾ ਰਾਖਵਾਂਕਰਨ ਯਾਨੀ ਨਾਰੀ ਸ਼ਕਤੀ ਵੰਦਨ ਐਕਟ ਸਤੰਬਰ 2023 ਵਿੱਚ ਹੀ ਸੰਸਦ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ, ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਸੰਸਦ ਦਾ ਵਿਸ਼ੇਸ਼ ਸੈਸ਼ਨ ਮਹਿਲਾ ਰਾਖਵਾਂਕਰਨ ਲਈ ਨਹੀਂ ਹੈ, ਕਿਉਂਕਿ ਮਹਿਲਾ ਰਾਖਵਾਂਕਰਨ ਪਹਿਲਾਂ ਹੀ ਕਾਨੂੰਨ ਬਣ ਚੁੱਕਾ ਹੈ। ਉਨ੍ਹਾਂ ਆਰੋਪ ਲਾਇਆ ਕਿ ਵਿਸ਼ੇਸ਼ ਸੈਸ਼ਨ ਦਾ ਅਸਲ ਮਕਸਦ ਚੋਣ ਹਲਕਿਆਂ ਦੀਆਂ ਹੱਦਾਂ ਮਨਮਾਨੇ ਢੰਗ ਨਾਲ ਤੈਅ ਕਰਨਾ ਹੈ, ਤਾਂ ਜੋ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਚੋਣ ਹਲਕਿਆਂ ਦੀਆਂ ਹੱਦਾਂ ਤੈਅ ਕਰਨ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਜਾਵੇਗੀ? ਇਹ ਜ਼ਿੰਮੇਵਾਰੀ ਮੁੜ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ ‘ਤੇ ਵੋਟ ਚੋਰੀ ਨੂੰ ਅੰਜਾਮ ਦੇਣ ਵਾਲਿਆਂ ਨੂੰ ਅਜਿਹੀ ਤਾਕਤ ਦੇਣ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ।
Source: TV9Hindi.com
