Karnataka ਜਿੱਤ ਦਾ ਮਤਲਬ ਲੋਕਸਭਾ ਚੋਣਾਂ ‘ਚ ਜਿੱਤ ਨਹੀਂ ਹੈ, ਜਾਣੋ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਕਿਉਂ ਕਹੀ ਇਹ ਗੱਲ
ਕਰਨਾਟਕ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ 224 'ਚੋਂ 135 ਸੀਟਾਂ 'ਤੇ ਜਿੱਤ ਹਾਸਲ ਕੀਤੀ, ਜਦਕਿ ਭਾਜਪਾ ਨੂੰ 66 ਸੀਟਾਂ ਮਿਲੀਆਂ। ਥਰੂਰ ਨੇ ਕਿਹਾ ਕਿ ਕਰਨਾਟਕ ਦੇ ਲੋਕ ਵੱਡਾ ਬਦਲਾਅ ਚਾਹੁੰਦੇ ਸਨ, ਜਿਸ ਕਾਰਨ ਕਾਂਗਰਸ ਨੂੰ ਵੱਡੀ ਜਿੱਤ ਹਾਸਿਲ ਹੋਈ।

ਬੈਂਗਲੁਰੂ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸ਼ੁੱਕਰਵਾਰ ਨੂੰ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਵੱਡਾ ਸਬਕ ਦਿੱਤਾ। ਉਨ੍ਹਾਂ ਕਿਹਾ ਕਿ ਕਰਨਾਟਕ (Karnataka) ‘ਚ ਭਾਜਪਾ ਦੀ ਹਾਰ ਤੋਂ ਤੁਹਾਨੂੰ ਜ਼ਿਆਦਾ ਖੁਸ਼ ਨਹੀਂ ਹੋਣਾ ਚਾਹੀਦਾ। ਕਿਉਂਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਵੋਟਰ ਆਪਣਾ ਮਨ ਬਦਲ ਰਿਹਾ ਹੈ। ਉਨ੍ਹਾਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਬਿਹਤਰ ਪ੍ਰਦਰਸ਼ਨ ਕੀਤਾ ਸੀ ਪਰ ਲੋਕ ਸਭਾ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਮਾੜਾ ਰਿਹਾ। ਥਰੂਰ ਨੇ ਕਿਹਾ ਕਿ ਸਾਨੂੰ ਇਹ ਸਮਝਣਾ ਹੋਵੇਗਾ ਕਿ ਸੂਬੇ ‘ਚ ਸਫਲਤਾ ਦਾ ਮਤਲਬ ਲੋਕ ਸਭਾ ਚੋਣਾਂ ‘ਚ ਸਫਲਤਾ ਨਹੀਂ ਹੈ।
2018 ਦੀਆਂ ਕਰਨਾਟਕ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਅਸੀਂ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ, ਫਿਰ ਵੀ ਲੋਕ ਸਭਾ ਵਿੱਚ ਸਾਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸੀ ਆਗੂ ਅਨੁਸਾਰ ਮਜ਼ਬੂਤ ਤੇ ਪ੍ਰਭਾਵਸ਼ਾਲੀ ਸਥਾਨਕ ਲੀਡਰਸ਼ਿਪ ਕਾਰਨ ਕਾਂਗਰਸ ਨੇ ਸੂਬੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ।