ਕਾਰਗਿਲ ਦੀ ਲੜਾਈ ਤੋਂ ਸਿੱਖੇ ਵੱਡੇ ਸਬਕ, ਸਾਬਕਾ ਫ਼ੌਜ ਮੁਖੀ ਜਨਰਲ ਵੀ.ਪੀ. ਮਲਿਕ ਨੇ ‘ਓਪਰੇਸ਼ਨ ਸਿੰਦੂਰ’ ਦਾ ਕੀਤਾ ਜ਼ਿਕਰ

Updated On: 

26 Jul 2026 15:06 PM IST

Kargil Vijay Diwas: ਸਾਲ 1999 ਵਿੱਚ ਕਾਰਗਿਲ ਯੁੱਧ ਦੌਰਾਨ ਭਾਰਤੀ ਫ਼ੌਜ ਦੀ ਅਗਵਾਈ ਕਰਨ ਵਾਲੇ ਸਾਬਕਾ ਥਲ ਫ਼ੌਜ ਮੁਖੀ ਜਨਰਲ ਵੀ.ਪੀ. ਮਲਿਕ ਨੇ ਕਾਰਗਿਲ ਵਿਜੇ ਦਿਵਸ ਦੀ 27ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ 'ਤੇ ਕਈ ਅਹਿਮ ਦਾਅਵੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਰਗਿਲ ਦੀ ਭਿਆਨਕ ਲੜਾਈ ਨੇ ਭਾਰਤ ਨੂੰ ਤਿੰਨ ਸਭ ਤੋਂ ਵੱਡੇ ਸਬਕ ਸਿਖਾਏ ਇੰਟੈਲੀਜੈਂਸ ਅਤੇ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਹਾਸਲ ਕਰਨਾ ਅਤੇ ਤਿੰਨਾਂ ਫ਼ੌਜਾਂ ਵਿਚਕਾਰ ਬਿਹਤਰ ਤਾਲਮੇਲ ਕਾਇਮ ਕਰਨਾ।

ਕਾਰਗਿਲ ਦੀ ਲੜਾਈ ਤੋਂ ਸਿੱਖੇ ਵੱਡੇ ਸਬਕ, ਸਾਬਕਾ ਫ਼ੌਜ ਮੁਖੀ ਜਨਰਲ ਵੀ.ਪੀ. ਮਲਿਕ ਨੇ ਓਪਰੇਸ਼ਨ ਸਿੰਦੂਰ ਦਾ ਕੀਤਾ ਜ਼ਿਕਰ

ਸਾਲ 1999 ਵਿੱਚ ਕਾਰਗਿਲ ਯੁੱਧ ਦੌਰਾਨ ਭਾਰਤੀ ਫ਼ੌਜ ਦੀ ਅਗਵਾਈ ਕਰਨ ਵਾਲੇ ਸਾਬਕਾ ਥਲ ਫ਼ੌਜ ਮੁਖੀ ਜਨਰਲ ਵੀ.ਪੀ. ਮਲਿਕ ਨੇ ਕਾਰਗਿਲ ਵਿਜੇ ਦਿਵਸ ਦੀ 27ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ ‘ਤੇ ਕਈ ਅਹਿਮ ਦਾਅਵੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਾਰਗਿਲ ਦੀ ਭਿਆਨਕ ਲੜਾਈ ਨੇ ਭਾਰਤ ਨੂੰ ਤਿੰਨ ਸਭ ਤੋਂ ਵੱਡੇ ਸਬਕ ਸਿਖਾਏ ਇੰਟੈਲੀਜੈਂਸ ਅਤੇ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਹਾਸਲ ਕਰਨਾ ਅਤੇ ਤਿੰਨਾਂ ਫ਼ੌਜਾਂ ਵਿਚਕਾਰ ਬਿਹਤਰ ਤਾਲਮੇਲ ਕਾਇਮ ਕਰਨਾ। ਜਨਰਲ ਮਲਿਕ ਅਨੁਸਾਰ, ਇਨ੍ਹਾਂ ਹੀ ਸਬਕਾਂ ਨੇ ਬੀਤੇ ਢਾਈ ਦਹਾਕਿਆਂ ਵਿੱਚ ਭਾਰਤ ਦੀ ਸੈਨਿਕ ਤਿਆਰੀ ਦੀ ਦਿਸ਼ਾ ਬਦਲ ਦਿੱਤੀ, ਜਿਸ ਦਾ ਪ੍ਰਮਾਣ ਹਾਲੀਆ ਸੈਨਿਕ ਓਪਰੇਸ਼ਨਾਂ ਵਿੱਚ ਪੂਰੀ ਦੁਨੀਆ ਨੇ ਦੇਖਿਆ ਹੈ।

ਓਪਰੇਸ਼ਨ ਸਿੰਦੂਰ ਵਿੱਚ ਦੁਸ਼ਮਣ ‘ਤੇ ਸਟੀਕ ਵਾਰ

‘ਟਾਈਮਜ਼ ਆਫ਼ ਇੰਡੀਆ’ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਨਰਲ ਮਲਿਕ ਨੇ 1999 ਦੇ ਕਾਰਗਿਲ ਯੁੱਧ ਅਤੇ ਹਾਲੀਆ ਸੈਨਿਕ ਕਾਰਵਾਈਆਂ ਦੀ ਤੁਲਨਾ ਕਰਦੇ ਹੋਏ ਦੱਸਿਆ ਕਿ ਕਾਰਗਿਲ ਦੇ ਸਮੇਂ ਸਾਨੂੰ ਹਰ ਇੱਕ ਪਹਾੜੀ ਚੋਟੀ ‘ਤੇ ਜਾ ਕੇ ਮੁਕਾਬਲਾ ਕਰਨਾ ਪਿਆ ਸੀ, ਪਰ ਬੀਤੇ ਸਾਲ ‘ਓਪਰੇਸ਼ਨ ਸਿੰਦੂਰ’ ਦੌਰਾਨ ਸਾਨੂੰ ਦੁਸ਼ਮਣ ਦੀ ਸੀਮਾ ਅੰਦਰ ਦਾਖ਼ਲ ਵੀ ਨਹੀਂ ਹੋਣਾ ਪਿਆ। ਅਸੀਂ ਆਪਣੀ ਜ਼ਮੀਨ ‘ਤੇ ਰਹਿੰਦਿਆਂ ਹੀ ਪਾਕਿਸਤਾਨੀ ਏਅਰਫ਼ੀਲਡਾਂ ਅਤੇ ਰਡਾਰ ਸਟੇਸ਼ਨਾਂ ‘ਤੇ ਅਜਿਹੇ ਸਟੀਕ ਹਮਲੇ ਕੀਤੇ, ਜਿਸ ਨਾਲ ਉੱਥੇ ਭਾਰੀ ਤਬਾਹੀ ਮਚੀ।

ਉਨ੍ਹਾਂ ਕਿਹਾ ਕਿ ਬ੍ਰਹਮੋਸ, ਆਕਾਸ਼ ਮਿਜ਼ਾਈਲ ਸਿਸਟਮ ਅਤੇ S-400 ਵਰਗੀਆਂ ਸਵਦੇਸ਼ੀ ਤੇ ਅਤਿਆਧੁਨਿਕ ਪ੍ਰਣਾਲੀਆਂ ਨੇ ਅਸਲ ਯੁੱਧ ਦੀਆਂ ਸਥਿਤੀਆਂ ਵਿੱਚ ਖ਼ੁਦ ਨੂੰ ਸਾਬਤ ਕੀਤਾ ਹੈ। ਇਸ ਦੇ ਨਾਲ ਹੀ ਚੀਫ਼ ਆਫ਼ ਡਿਫ਼ੈਂਸ ਸਟਾਫ਼ ਦੇ ਅਧੀਨ ਏਕੀਕ੍ਰਿਤ ਕਮਾਂਡ ਬਣਨ ਨਾਲ ਤਿੰਨਾਂ ਫ਼ੌਜਾਂ ਦੀ ਮਾਰਕ ਸਮਰੱਥਾ ਕਈ ਗੁਣਾ ਵਧ ਗਈ ਹੈ।

ਬੰਦੂਕ ਦੇ ਪਿੱਛੇ ਖੜ੍ਹਾ ਜਵਾਨ ਹੀ ਯੁੱਧ ਜਿੱਤਾਉਂਦਾ ਹੈ

ਅੱਗੇ ਗੱਲਬਾਤ ਕਰਦਿਆਂ ਸਾਬਕਾ ਫ਼ੌਜ ਮੁਖੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਰਫ਼ ਤਕਨਾਲੋਜੀ ਨਾਲ ਯੁੱਧ ਨਹੀਂ ਜਿੱਤੇ ਜਾਂਦੇ। ਉਨ੍ਹਾਂ ਕਿਹਾ ਕਿ ਬੰਦੂਕ ਨਾਲੋਂ ਜ਼ਿਆਦਾ ਮਹੱਤਵਪੂਰਨ ਹਮੇਸ਼ਾ ਬੰਦੂਕ ਦੇ ਪਿੱਛੇ ਖੜ੍ਹਾ ਜਵਾਨ ਹੁੰਦਾ ਹੈ। ਸਾਨੂੰ ਉਨ੍ਹਾਂ ਦੀ ਭਲਾਈ ਅਤੇ ਹੌਸਲੇ ਦਾ ਪੂਰਾ ਧਿਆਨ ਰੱਖਣਾ ਹੋਵੇਗਾ। 1999 ਦੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਭਾਵੇਂ ਕਦੇ-ਕਦੇ ਚਿੰਤਾ ਜਾਂ ਅਨਿਸ਼ਚਿਤਤਾ ਦਾ ਮਾਹੌਲ ਹੁੰਦਾ ਸੀ, ਪਰ ਜਦੋਂ ਵੀ ਉਹ ਮੋਰਚੇ ‘ਤੇ ਜਵਾਨਾਂ ਦੇ ਵਿਚਕਾਰ ਜਾਂਦੇ ਸਨ, ਤਾਂ ਉਨ੍ਹਾਂ ਦਾ ਮਨੋਬਲ ਦੇਖ ਕੇ ਉਨ੍ਹਾਂ ਦਾ ਆਪਣਾ ਹੌਸਲਾ ਦੁੱਗਣਾ ਹੋ ਜਾਂਦਾ ਸੀ। ਕਿਸੇ ਵੀ ਇੱਕ ਜਵਾਨ ਨੇ ਕਦੇ ਇਹ ਨਹੀਂ ਕਿਹਾ ਕਿ ਕੰਮ ਔਖਾ ਹੈ।

ਭਗਵਦ ਗੀਤਾ ਤੋਂ ਪ੍ਰੇਰਨਾ

ਕਾਰਗਿਲ ਤੋਂ ਬਾਅਦ ਗਠਿਤ ਕੀਤੀ ਗਈ ‘ਕਾਰਗਿਲ ਰਿਵਿਊ ਕਮੇਟੀ’ ਦੀਆਂ ਸਿਫ਼ਾਰਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੀ.ਡੀ.ਐੱਸ. (CDS) ਅਹੁਦੇ ਦਾ ਗਠਨ ਅਤੇ ਸਿਵਲ-ਮਿਲਟਰੀ ਸੁਮੇਲ ਉਸੇ ਸੁਧਾਰ ਪ੍ਰਕਿਰਿਆ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਜਿੱਤ ਦਾ ਸਿਹਰਾ ਸਿਰਫ਼ ਰਣਨੀਤੀਕਾਰਾਂ ਨੂੰ ਨਹੀਂ, ਬਲਕਿ ਦੁਰਗਮ ਚੋਟੀਆਂ ‘ਤੇ ਲੜਨ ਵਾਲੇ ਨੌਜਵਾਨ ਅਧਿਕਾਰੀਆਂ, ਜਵਾਨਾਂ ਅਤੇ ਬੈਕਐਂਡ ਸਪੋਰਟ ਦੇਣ ਵਾਲੀਆਂ ਇਕਾਈਆਂ ਨੂੰ ਜਾਂਦਾ ਹੈ।

ਯੁੱਧ ਵਿੱਚ ਫ਼ੌਜ ਦੇ ਸਾਰੇ ਅੰਗ ਇੱਕ ‘ਓਰਕੇਸਟ੍ਰਾ’ ਦੀ ਤਰ੍ਹਾਂ ਆਪਸੀ ਤਾਲਮੇਲ ਵਿੱਚ ਕੰਮ ਕਰਦੇ ਹਨ। ਇੰਟਰਵਿਊ ਦੇ ਅੰਤ ਵਿੱਚ ਭਗਵਦ ਗੀਤਾ ਦਾ ਜ਼ਿਕਰ ਕਰਦਿਆਂ ਜਨਰਲ ਮਲਿਕ ਨੇ ਕਿਹਾ ਕਿ ਕਿਸੇ ਵੀ ਯੋਜਨਾ ਦੀ ਅਸਲ ਪ੍ਰੀਖਿਆ ਉਸ ਦੇ ਅਮਲ ਵਿੱਚ ਹੁੰਦੀ ਹੈ। ਜਿਵੇਂ ਕਿ ਗੀਤਾ ਵਿੱਚ ਵੀ ਕਿਹਾ ਗਿਆ ਹੈ ਗਿਆਨ ਨਾਲੋਂ ਕਰਮ ਚੰਗਾ ਹੈ।

Follow Us