ਝਾਰਖੰਡ: JPSC ਪ੍ਰੀਖਿਆ ਤੇ ਦੋ ਬੈਕਲੌਗ ਪ੍ਰੀਖਿਆਵਾਂ ਹੋਣਗੀਆਂ ਰੱਦ, CM ਹੇਮੰਤ ਸੋਰੇਨ ਦਾ ਐਲਾਨ
JPSC Exam: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ JPSC ਪ੍ਰੀਖਿਆ ਰੱਦ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਵਿਧਾਨ ਸਭਾ ਵਿੱਚ ਐਲਾਨ ਕੀਤਾ ਕਿ 14ਵੀਂ JPSC ਪ੍ਰੀਲਿਮਜ਼ ਪ੍ਰੀਖਿਆ ਅਤੇ ਦੋ ਬੈਕਲਾਗ ਪ੍ਰੀਖਿਆਵਾਂ ਰੱਦ ਕੀਤੀਆਂ ਜਾਣਗੀਆਂ।
JPSC ਪ੍ਰੀਖਿਆ ਰੱਦ, CM ਸੋਰੇਨ ਦਾ ਵੱਡਾ ਐਲਾਨ
ਝਾਰਖੰਡ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਚੌਥੇ ਦਿਨ ਸਦਨ ਵਿੱਚ ਮੁੱਖ ਮੰਤਰੀ ਹੇਮੰਤ ਸੋਰੇਨ ਨੇ JPSC ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸਦਨ ਵਿੱਚ ਕਿਹਾ ਕਿ 14ਵੀਂ JPSC ਪੀਟੀ ਪ੍ਰੀਖਿਆ ਰੱਦ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋ ਬੈਕਲਾਗ JPSC ਪ੍ਰੀਖਿਆਵਾਂ ਨੂੰ ਵੀ ਰੱਦ ਕਰਨ ਦੀ ਗੱਲ ਕਹੀ। ਮੁੱਖ ਮੰਤਰੀ ਨੇ TDPL ਏਜੰਸੀ ਰਾਹੀਂ ਕਰਵਾਈ ਗਈ ਪ੍ਰੀਖਿਆ ਦੀ ਜਾਂਚ ਕਰਵਾਉਣ ਦਾ ਵੀ ਐਲਾਨ ਕੀਤਾ। ਵਿਦਿਆਰਥੀਆਂ ਦੇ ਅੰਦੋਲਨ ਅਤੇ ਪ੍ਰੀਖਿਆ ਵਿੱਚ ਕਥਿਤ ਗੜਬੜੀ ਨੂੰ ਲੈ ਕੇ ਵਿਧਾਨ ਸਭਾ ਵਿੱਚ ਚੱਲ ਰਹੇ ਸਿਆਸੀ ਘਮਾਸਾਨ ਦਰਮਿਆਨ ਸਰਕਾਰ ਵੱਲੋਂ ਇਹ ਅਹਿਮ ਐਲਾਨ ਕੀਤਾ ਗਿਆ ਹੈ।
ਸੀਐਮ ਸੋਰੇਨ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਵਿੱਚ Students Voice with Students ਮੁਹਿੰਮ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ ਝਾਰਖੰਡ ਦੇ 8,500 ਤੋਂ ਵੱਧ ਨੌਜਵਾਨ ਸਾਥੀਆਂ ਨੇ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਲਈ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ ਹਨ। ਸਾਨੂੰ OMR ਤੋਂ ਲੈ ਕੇ ਪ੍ਰੀਖਿਆ ਕੈਲੰਡਰ, ਸਕੋਰਕਾਰਡ, ਪ੍ਰਸ਼ਨ-ਪੱਤਰ, ਪ੍ਰੀਖਿਆ ਪ੍ਰਕਿਰਿਆ ਵਿੱਚ ਪਾਰਦਰਸ਼ਤਾ, ਤਕਨਾਲੋਜੀ ਦੀ ਬਿਹਤਰ ਵਰਤੋਂ ਅਤੇ JPSC ਸਮੇਤ ਦੋਵੇਂ ਕਮਿਸ਼ਨਾਂ ਵਿੱਚ ਸੰਵਿਧਾਨਕ ਦਾਇਰੇ ਅੰਦਰ ਜ਼ਰੂਰੀ ਸੁਧਾਰਾਂ ਨਾਲ ਜੁੜੇ ਕਈ ਮਹੱਤਵਪੂਰਨ ਸੁਝਾਅ ਮਿਲ ਰਹੇ ਹਨ।
ਆਪਣੀ ਪੋਸਟ ਵਿੱਚ ਉਨ੍ਹਾਂ ਨੇ ਅੱਗੇ ਲਿਖਿਆ, ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈ, ਸਾਡਾ ਮਕਸਦ ਸਿਰਫ਼ ਸਮੱਸਿਆਵਾਂ ‘ਤੇ ਚਰਚਾ ਕਰਨਾ ਨਹੀਂ ਹੈ। ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅਸੀਂ ਇੱਕ ਅਜਿਹੀ ਪ੍ਰੀਖਿਆ ਪ੍ਰਣਾਲੀ ਬਣਾਉਣਾ ਚਾਹੁੰਦੇ ਹਾਂ, ਜੋ ਅੱਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਧੇਰੇ ਪਾਰਦਰਸ਼ੀ, ਨਿਰਪੱਖ, ਸੁਰੱਖਿਅਤ, ਭਰੋਸੇਮੰਦ ਅਤੇ ਜਵਾਬਦੇਹ ਹੋਵੇ। ਇਸ ਲਈ ਮੈਂ ਝਾਰਖੰਡ ਦੇ ਆਪਣੇ ਸਾਰੇ ਨੌਜਵਾਨ ਸਾਥੀਆਂ ਨੂੰ ਇੱਕ ਵਾਰ ਫਿਰ ਅਪੀਲ ਕਰਦਾ ਹਾਂ ਕਿ ਉਹ ਆਪਣੇ ਸੁਝਾਅ ਸਾਂਝੇ ਕਰਦੇ ਰਹਿਣ। ਤੁਹਾਡਾ ਇੱਕ ਸੁਝਾਅ ਨਾ ਸਿਰਫ਼ ਅੱਜ ਦੀ ਪ੍ਰੀਖਿਆ ਪ੍ਰਣਾਲੀ ਨੂੰ ਬਿਹਤਰ ਬਣਾਏਗਾ, ਸਗੋਂ ਝਾਰਖੰਡ ਦੇ ਹਜ਼ਾਰਾਂ-ਲੱਖਾਂ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਵੀ ਯੋਗਦਾਨ ਪਾਵੇਗਾ। ਇਹ ਸੁਧਾਰ ਸਿਰਫ਼ ਸੂਬਾ ਸਰਕਾਰ ਦੀ ਕੋਸ਼ਿਸ਼ ਨਹੀਂ ਹੋਵੇਗੀ। ਇਹ ਝਾਰਖੰਡ ਦੇ ਮੇਰੇ ਨੌਜਵਾਨ ਸਾਥੀਆਂ ਦੀ ਭਾਗੀਦਾਰੀ ਨਾਲ ਹੋਣ ਵਾਲਾ ਸੁਧਾਰ ਹੋਵੇਗਾ।
झारखंड के मेरे सभी युवा साथियों, जोहार, छात्रों की बात – छात्रों के साथ अभियान (https://t.co/3NVoANnYjK) के तहत अब तक झारखंड के 8,500 से अधिक युवा साथियों ने परीक्षा व्यवस्था में सुधार को लेकर अपने महत्वपूर्ण सुझाव दिए हैं। OMR से लेकर परीक्षा कैलेंडर, स्कोरकार्ड, https://t.co/7I1TLLLiV3
— Hemant Soren (@HemantSorenJMM) August 11, 2026
ਝਾਰਖੰਡ ਵਿੱਚ ਵਿਦਿਆਰਥੀ ਕਿਉਂ ਕਰ ਰਹੇ ਹਨ ਅੰਦੋਲਨ?
ਦਰਅਸਲ, ਝਾਰਖੰਡ ਵਿੱਚ ਵਿਦਿਆਰਥੀ ਝਾਰਖੰਡ ਲੋਕ ਸੇਵਾ ਕਮਿਸ਼ਨ (JPSC) ਅਤੇ ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ (JSSC) ਵੱਲੋਂ ਕਰਵਾਈਆਂ ਜਾਣ ਵਾਲੀਆਂ ਭਰਤੀ ਪ੍ਰੀਖਿਆਵਾਂ ਵਿੱਚ ਪੇਪਰ ਲੀਕ, ਭ੍ਰਿਸ਼ਟਾਚਾਰ ਅਤੇ ਪ੍ਰਣਾਲੀ ਵਿੱਚ ਗੜਬੜੀਆਂ ਦੇ ਆਰੋਪਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਹ JPSC ਪ੍ਰੀਖਿਆ ਰੱਦ ਕਰਨ ਅਤੇ ਮਾਮਲੇ ਦੀ CBI ਜਾਂਚ ਕਰਵਾਉਣ, ਪ੍ਰੀਖਿਆ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਸੂਬੇ ਦੀ ਪ੍ਰੀਖਿਆ ਪ੍ਰਣਾਲੀ ਵਿੱਚ ਪੂਰੀ ਤਰ੍ਹਾਂ ਬਦਲਾਅ ਕਰਨ ਦੀ ਮੰਗ ਕਰ ਰਹੇ ਹਨ।
