Hathras Stampede: ਬਾਬੇ ਦੇ ਕਾਫਲੇ ਲਈ ਭੀੜ ਨੂੰ ਰੋਕਿਆ… ਹਾਦਸੇ ਦਾ ਅਸਲ ਕਾਰਨ ਆਇਆ ਸਾਹਮਣੇ
ਯੂਪੀ ਦੇ ਹਾਥਰਸ ਜ਼ਿਲ੍ਹੇ ਵਿੱਚ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਮਚੀ ਭਗਦੜ ਦਾ ਕਾਰਨ ਆਖਿਰ ਸਾਹਮਣੇ ਆ ਹੀ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਸਤਿਸੰਗ ਤੋਂ ਬਾਅਦ ਭੋਲੇ ਬਾਬਾ ਦਾ ਕਾਫਲਾ ਉਥੋਂ ਲੰਘ ਰਿਹਾ ਸੀ ਜਦੋਂ ਭਗਦੜ ਮੱਚ ਗਈ। ਇਸ ਹਾਦਸੇ 'ਚ ਹੁਣ ਤੱਕ 116 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਭੋਲੇ ਬਾਬਾ ਦੇ ਸਤਿਸੰਗ ‘ਚ ਮਚੀ ਭਗਦੜ ਤੋਂ ਬਾਅਦ ਹੁਣ ਤੱਕ 116 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਲੋਕ ਅਜੇ ਵੀ ਗੰਭੀਰ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪ੍ਰਸ਼ਾਸਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੜਾਕੇ ਦੀ ਗਰਮੀ ਅਤੇ ਹੁੰਮਸ ਕਾਰਨ ਪੰਡਾਲ ਵਿੱਚ ਲੋਕਾਂ ਵਿੱਚ ਭਗਦੜ ਮੱਚ ਗਈ। ਹਾਲਾਂਕਿ ਇਸ ਦੌਰਾਨ ਇਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ‘ਚ ਦੱਸਿਆ ਜਾ ਰਿਹਾ ਹੈ ਕਿ ਭੋਲੇ ਬਾਬਾ ਉਰਫ ਨਰਾਇਣ ਸਾਕਰ ਹਰੀ ਦੇ ਕਾਫਲੇ ਨੂੰ ਬਾਹਰ ਕੱਢਣ ਲਈ ਭੀੜ ਨੂੰ ਰੋਕਿਆ ਗਿਆ, ਜਿਸ ਕਾਰਨ ਭਗਦੜ ਮਚ ਗਈ।
ਏਟਾ-ਅਲੀਗੜ੍ਹ ਹਾਈਵੇਅ ‘ਤੇ ਸਥਿਤ ਹਾਥਰਸ ਦੀ ਸਿਕੰਦਰਾ ਰਾਉ ਤਹਿਸੀਲ ਦੇ ਫੁੱਲਰਾਈ ਪਿੰਡ ‘ਚ ਭੋਲੇ ਬਾਬਾ ਉਰਫ ਨਾਰਾਇਣ ਸਾਕਰ ਹਰੀ ਨਾਮ ਦੇ ਬਾਬਾ ਦਾ ਸਤਿਸੰਗ ਪ੍ਰੋਗਰਾਮ ਕਰਵਾਇਆ ਗਿਆ। ਇਹ ਸਤਿਸੰਗ ਮੰਗਲਵਾਰ ਸਵੇਰੇ ਆਯੋਜਿਤ ਕੀਤਾ ਗਿਆ ਸੀ, ਜਿਸ ‘ਚ ਏਟਾ ਅਤੇ ਹਾਥਰਸ ਜ਼ਿਲਿਆਂ ਤੋਂ ਲੱਖਾਂ ਸ਼ਰਧਾਲੂ ਪਹੁੰਚੇ ਸਨ। ਇਸ ਪ੍ਰੋਗਰਾਮ ਦੌਰਾਨ ਲੋਕਾਂ ਨੇ ਕੜਕਦੀ ਗਰਮੀ ਅਤੇ ਹੁੰਮਸ ਵਿੱਚ ਬੈਠ ਕੇ ਭੋਲੇ ਬਾਬਾ ਦਾ ਸਤਿਸੰਗ ਸੁਣਿਆ।
ਜਦੋਂ ਸਤਿਸੰਗ ਸਮਾਪਤ ਹੋਇਆ…
ਸਤਿਸੰਗ ਸਮਾਪਤ ਹੁੰਦੇ ਹੀ ਪੰਡਾਲ ਵਿਚ ਮੌਜੂਦ ਸ਼ਰਧਾਲੂ ਵਾਪਸ ਜਾਣ ਲੱਗੇ। ਪਰ ਇਸੇ ਦੌਰਾਨ ਭੋਲੇ ਬਾਬਾ ਦਾ ਕਾਫਲਾ ਵੀ ਸਮਾਗਮ ਵਾਲੀ ਥਾਂ ਤੋਂ ਰਵਾਨਾ ਹੋਣ ਲੱਗਾ। ਕਾਫਲਾ ਰਵਾਨਾ ਹੁੰਦੇ ਹੀ ਇੱਕ ਪਾਸੇ ਤੋਂ ਭੀੜ ਨੂੰ ਰੋਕ ਲਿਆ ਗਿਆ। ਪਰ ਭੋਲੇ ਬਾਬਾ ਨੂੰ ਭਗਵਾਨ ਮੰਨਣ ਵਾਲੇ ਸ਼ਰਧਾਲੂ ਉਸ ਦੇ ਪੈਰਾਂ ਦੀ ਧੂੜ ਆਪਣੇ ਸਿਰ ‘ਤੇ ਲਾਉਣ ਲਈ ਉਸ ਦੇ ਮਗਰ ਦੌੜ ਪਏ। ਇਸ ਕਾਰਨ ਲੋਕਾਂ ਵਿੱਚ ਭਗਦੜ ਮੱਚ ਗਈ। ਭਗਦੜ ਵਿੱਚ ਸ਼ਰਧਾਲੂ ਇੱਕ ਦੂਜੇ ਨੂੰ ਉੱਪਰ ਚੜ੍ਹ ਗਏ। ਕਈ ਲੋਕ ਹੇਠਾਂ ਦੱਬ ਗਏ।
ਸਤਿਸੰਗ ਤੋਂ ਬਾਅਦ ਵਾਪਰਿਆ ਹਾਦਸਾ
ਚਸ਼ਮਦੀਦਾਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ 12 ਵਜੇ ਸਤਿਸੰਗ ਸ਼ੁਰੂ ਹੋਇਆ, ਜਿਸ ਵਿਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਸਤਿਸੰਗ 2 ਵਜੇ ਦੇ ਕਰੀਬ ਸਮਾਪਤ ਹੋਇਆ, ਜਿਸ ਤੋਂ ਬਾਅਦ ਭੋਲੇ ਬਾਬਾ ਘਟਨਾ ਸਥਾਨ ਤੋਂ ਚਲੇ ਗਏ ਅਤੇ ਇਸ ਦੌਰਾਨ ਲੋਕ ਉਨ੍ਹਾਂ ਦਾ ਪਿੱਛਾ ਕਰਨ ਲੱਗੇ। ਭੀੜ ਨੂੰ ਰੋਕਿਆ ਗਿਆ ਪਰ ਇਹ ਕਾਬੂ ਤੋਂ ਬਾਹਰ ਹੋ ਗਿਆ। ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ।