ਹਰਿਆਣਾ ਵਿਧਾਨ ਸਭਾ ਚੋਣਾਂ: ਪਾਣੀਪਤ ‘ਚ ਵੋਟਿੰਗ ਦੌਰਾਨ ਚਲੇ ਚਾਕੂ, ਭਾਜਪਾ ਸਮਰਥਕ ਜ਼ਖਮੀ, ਗੱਡੀਆਂ ਦੀ ਭੰਨਤੋੜ
ਸ਼ਨੀਵਾਰ ਨੂੰ ਹਰਿਆਣਾ ਵਿਧਾਨ ਸਭਾ ਲਈ ਵੋਟਿੰਗ ਦੌਰਾਨ ਪਾਣੀਪਤ ਦੀ ਇਸਰਾਣਾ ਵਿਧਾਨ ਸਭਾ ਸੀਟ ਦੇ ਪਿੰਡ ਨੌਹਰਾ 'ਚ ਚੋਣ ਬੂਥ 'ਤੇ ਭਾਰੀ ਹੰਗਾਮਾ ਹੋਇਆ। ਭਾਜਪਾ ਅਤੇ ਕਾਂਗਰਸ ਸਮਰਥਕਾਂ ਵਿਚਾਲੇ ਹੋਈ ਲੜਾਈ ਦੌਰਾਨ ਇੱਕ ਭਾਜਪਾ ਸਮਰਥਕ ਨੂੰ ਚਾਕੂ ਮਾਰ ਦਿੱਤਾ ਗਿਆ। ਇਸ ਕਾਰਨ ਉਹ ਜ਼ਖਮੀ ਹੋ ਗਿਆ।
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੌਰਾਨ ਸ਼ਨੀਵਾਰ ਨੂੰ ਪਾਣੀਪਤ ਦੀ ਇਸਰਾਨਾ ਵਿਧਾਨ ਸਭਾ ਸੀਟ ਦੇ ਪਿੰਡ ਨੌਹਰਾ ਦੇ ਚੋਣ ਬੂਥ ‘ਤੇ ਚਾਕੂ ਨਾਲ ਹਮਲਾ ਕਰਨ ਦੀ ਘਟਨਾ ਵਾਪਰੀ ਹੈ। ਇਸ ਵਿੱਚ ਇੱਕ ਭਾਜਪਾ ਸਮਰਥਕ ਜ਼ਖ਼ਮੀ ਹੋ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਦੋ ਵਾਹਨਾਂ ਦੀ ਭੰਨਤੋੜ ਵੀ ਕੀਤੀ ਗਈ ਹੈ। ਚੋਣਾਂ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਸਮਰਥਕਾਂ ਵਿਚਾਲੇ ਲੜਾਈ ਹੋਈ ਹੈ। ਇਸ ਦੌਰਾਨ ਭਾਜਪਾ ਸਮਰਥਕ ਸੋਨੂੰ ਨਾਂ ਦੇ ਨੌਜਵਾਨ ਦੇ ਪੇਟ ਵਿੱਚ ਚਾਕੂ ਮਾਰਿਆ ਗਿਆ। ਉਸ ਦਾ ਹੱਥ ਵੀ ਜ਼ਖਮੀ ਹੈ।
ਜ਼ਖਮੀ ਭਾਜਪਾ ਸਮਰਥਕ ਨੂੰ ਪਾਣੀਪਤ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਡਾਕਟਰ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਹੈ, ਡਾਕਟਰ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੇ ਪੇਟ ‘ਚ ਚਾਕੂ ਮਾਰਿਆ ਗਿਆ ਹੈ। ਕਿੰਨੀ ਸੱਟ ਲੱਗੀ ਹੈ ਇਸ ਦਾ ਪਤਾ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ।
ਇਸ ਦੌਰਾਨ ਹਸਪਤਾਲ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅ ਦਾ ਮਾਹੌਲ ਹੈ। ਫਿਲਹਾਲ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੂੰਹ ਵਿੱਚ ਝੜਪ ਦੌਰਾਨ ਤਿੰਨ ਜ਼ਖ਼ਮੀ
ਦੂਜੇ ਪਾਸੇ ਵੋਟਿੰਗ ਦੌਰਾਨ ਮਹਿਮ ਵਿਧਾਨ ਸਭਾ ਹਲਕੇ ਤੋਂ ਹਰਿਆਣਾ ਜਨ ਸੇਵਕ ਪਾਰਟੀ ਦੇ ਉਮੀਦਵਾਰ ਬਲਰਾਜ ਕੁੰਡੂ ਨੇ ਸਾਬਕਾ ਵਿਧਾਇਕ ਆਨੰਦ ਸਿੰਘ ਡਾਂਗੀ ‘ਤੇ ਪੋਲਿੰਗ ਬੂਥ ‘ਤੇ ਉਨ੍ਹਾਂ ਅਤੇ ਉਨ੍ਹਾਂ ਦੇ ਸਹਾਇਕ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।
ਨੂੰਹ ਜ਼ਿਲੇ ‘ਚ ਵਿਧਾਨ ਸਭਾ ਹਲਕੇ ਦੇ ਇੱਕ ਪਿੰਡ ‘ਚ ਪੁਨਾਨਾ ਤੋਂ ਮੌਜੂਦਾ ਕਾਂਗਰਸ ਵਿਧਾਇਕ ਅਤੇ ਆਜ਼ਾਦ ਉਮੀਦਵਾਰ ਰਹੀਸ਼ ਖਾਨ ਦੇ ਸਮਰਥਕਾਂ ਵਿਚਾਲੇ ਝੜਪ ਹੋ ਗਈ, ਜਿਸ ‘ਚ ਤਿੰਨ ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ
ਇਸ ਦੌਰਾਨ ਕੁਰੂਕਸ਼ੇਤਰ ਦੇ ਲਾਡਵਾ ਤੋਂ ਚੋਣ ਲੜ ਰਹੇ ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ ਨੇ ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ਵਿੱਚ ਆਪਣੇ ਜੱਦੀ ਪਿੰਡ ਮਿਰਜ਼ਾ ਵਿੱਚ ਆਪਣੀ ਵੋਟ ਪਾਈ। ਕਾਂਗਰਸ ‘ਤੇ ਹਮਲਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਦਲਿਤ ਭਾਈਚਾਰੇ ਦਾ ਲਗਾਤਾਰ ਅਪਮਾਨ ਕਰਦੀ ਆ ਰਹੀ ਹੈ ਅਤੇ ਉਨ੍ਹਾਂ ਦੇ ਵਿਕਾਸ ਲਈ ਕਦੇ ਕੋਈ ਯੋਜਨਾ ਨਹੀਂ ਲਿਆਂਦੀ।
8 ਨੂੰ ਚੋਣ ਨਤੀਜਿਆਂ ‘ਤੇ ਨਜ਼ਰਾਂ ਟਿਕੀਆਂ
ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਰਨਾਲ ਵਿੱਚ ਆਪਣੀ ਵੋਟ ਪਾਈ, ਜਦੋਂ ਕਿ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਅਤੇ ਉਸ ਦੇ ਮਾਪਿਆਂ ਨੇ ਝੱਜਰ ਜ਼ਿਲ੍ਹੇ ਦੇ ਗੋਰੀਆ ਪਿੰਡ ਵਿੱਚ ਆਪਣੀ ਵੋਟ ਪਾਈ। ਭਾਕਰ ਨੇ ਲੋਕਾਂ ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਨਿਕਲ ਕੇ ਆਪਣੀ ਵੋਟ ਪਾਉਣ।
ਕਾਂਗਰਸ ਦੇ ਸੀਨੀਅਰ ਨੇਤਾਵਾਂ ਹੁੱਡਾ, ਕੁਮਾਰੀ ਸ਼ੈਲਜਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਗਲੀ ਸਰਕਾਰ ਬਣਾਏਗੀ। ਦੱਸ ਦੇਈਏ ਕਿ 8 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉਸ ਤੋਂ ਬਾਅਦ ਪਤਾ ਲੱਗੇਗਾ ਕਿ ਹਰਿਆਣਾ ਵਿੱਚ ਕਿਸ ਪਾਰਟੀ ਦੀ ਸਰਕਾਰ ਬਣੇਗੀ।
ਇਹ ਵੀ ਪੜ੍ਹੋ: ਅਗਲੀ ਮੁਲਾਕਾਤ CM ਰਿਹਾਇਸ਼ ਤੇ ਹੋਵੇਗੀ ਚੋਣਾਂ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਲਈ ਕੀਤੇ ਦਾਅਵੇ