ਗਾਜ਼ਾ ਹਸਪਤਾਲ ‘ਤੇ ਹਮਲੇ ਤੋਂ ਦੁਖੀ ਪੀਐਮ ਮੋਦੀ, ਕਿਹਾ- ਤੈਅ ਹੋਵੇ ਹਮਲਾਵਰਾਂ ਦੀ ਜਵਾਬਦੇਹੀ
PM Modi On Gaza Hospital Attack: ਗਾਜ਼ਾ ਦੇ ਅਲ ਅਹਲੀ ਹਸਪਤਾਲ 'ਤੇ ਰਾਕੇਟ ਹਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਹਮਲੇ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਕਿ ਜੋ ਇਸ ਪਿੱਛੇ ਜੋ ਵੀ ਹਮਲਾਵਰ ਹਨ, ਉਨ੍ਹਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਜ਼ਾ ਦੇ ਅਲ ਅਹਲੀ ਹਸਪਤਾਲ ‘ਤੇ ਰਾਕੇਟ ਹਮਲੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਹਮਲੇ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪੀਐਮ ਨੇ ਟਵੀਟ ਕਰਦਿਆਂ ਲਿਖਿਆ ਕਿ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਸਾਡੀ ਸੰਵੇਦਨਾ ਹੈ। ਉਨ੍ਹਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਵੀ ਕੀਤੀ। ਹਮਲੇ ਦੀ ਨਿੰਦਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਹਮਲੇ ਦੇ ਪਿੱਛੇ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਗਾਜ਼ਾ ‘ਚ ਮੰਗਲਵਾਰ ਦੇਰ ਰਾਤ ਇਕ ਹਸਪਤਾਲ ‘ਤੇ ਮਿਜ਼ਾਈਲ ਹਮਲਾ ਹੋਇਆ, ਜਿਸ ‘ਚ 500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਫਲਸਤੀਨ ਨੇ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ, ਇਜ਼ਰਾਈਲ ਨੇ ਇਸ ਤੋਂ ਇਨਕਾਰ ਕੀਤਾ ਅਤੇ ਇਸਨੂੰ ਝੂਠ ਕਰਾਰ ਦਿੱਤਾ। ਦੋਵੇਂ ਦੇਸ਼ ਇਕ ਦੂਜੇ ‘ਤੇ ਦੋਸ਼ ਲਗਾ ਰਹੇ ਹਨ। ਇਜ਼ਰਾਇਲੀ ਅਧਿਕਾਰੀਆਂ ਨੇ ਕਿਹਾ ਕਿ ਗਾਜ਼ਾ ਪੱਟੀ ਦੇ ਹਸਪਤਾਲ ‘ਤੇ ਹਮਲਾ ਫਲਸਤੀਨੀ ਇਸਲਾਮਿਕ ਜੇਹਾਦ ਨੇ ਕੀਤਾ ਸੀ। ਇਹ ਸੰਸਥਾ ਗਾਜ਼ਾ ਪੱਟੀ ਤੋਂ ਹੀ ਸੰਚਾਲਿਤ ਹੁੰਦੀ ਹੈ।
ਮੱਧ ਪੂਰਬ ਦੇ ਕਈ ਦੇਸ਼ਾਂ ਨੇ ਕੀਤੀ ਨਿੰਦਾ
ਗਾਜ਼ਾ ‘ਚ ਹਸਪਤਾਲ ‘ਤੇ ਹੋਏ ਹਮਲੇ ਦੀ ਦੇਸ਼ ਭਰ ‘ਚ ਨਿੰਦਾ ਹੋ ਰਹੀ ਹੈ। ਇਸ ਦੀ ਨਿੰਦਾ ਹੀ ਨਹੀਂ ਸਗੋਂ ਕਈ ਦੇਸ਼ਾਂ ਵਿਚ ਇਸ ਦੇ ਵਿਰੋਧ ਵਿਚ ਪ੍ਰਦਰਸ਼ਨ ਵੀ ਹੋ ਰਹੇ ਹਨ। ਮੱਧ ਪੂਰਬ ਦੇ ਕਈ ਦੇਸ਼ਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਇਸ ਹਮਲੇ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਸ ਦੇ ਨਾਲ ਹੀ ਮਿਸਰ ਨੇ ਇਸ ਹਮਲੇ ਪਿੱਛੇ ਇਜ਼ਰਾਈਲ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਹੈ। ਜਵਾਬੀ ਕਾਰਵਾਈ ‘ਚ ਇਜ਼ਰਾਈਲ ਅਜੇ ਵੀ ਗਾਜ਼ਾ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ।
ਵਿਦਿਆਰਥੀਆਂ ਨੇ ਕੀਤੀ ਹੈ ਫਲਸਤੀਨੀ ਇਸਲਾਮਿਕ ਜੇਹਾਦ ਦੀ ਸਥਾਪਨਾ
ਇਜ਼ਰਾਈਲ ਨੇ ਇਸ ਹਮਲੇ ਲਈ ਫਲਸਤੀਨੀ ਇਸਲਾਮਿਕ ਜੇਹਾਦ (ਪੀਜੇਆਈ) ਸੰਗਠਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 1981 ਵਿੱਚ ਸਥਾਪਿਤ, ਪੀਜੇਆਈ ਦੀ ਸਥਾਪਨਾ ਮਿਸਰ ਵਿੱਚ ਫਲਸਤੀਨੀ ਵਿਦਿਆਰਥੀਆਂ ਦੁਆਰਾ ਕੀਤੀ ਗਈ ਸੀ। ਕਿਹਾ ਜਾਂਦਾ ਹੈ ਕਿ ਇਸ ਦਾ ਮੁੱਖ ਉਦੇਸ਼ ਪੱਛਮੀ ਕੰਢੇ, ਗਾਜ਼ਾ ਅਤੇ ਇਜ਼ਰਾਈਲ ਦੁਆਰਾ ਗੈਰ-ਕਾਨੂੰਨੀ ਤੌਰ ‘ਤੇ ਕਬਜ਼ੇ ਵਾਲੇ ਹੋਰ ਖੇਤਰਾਂ ਵਿੱਚ ਫਲਸਤੀਨੀ ਰਾਜ ਸਥਾਪਤ ਕਰਨਾ ਹੈ।