ਬੰਗਾਲ ‘ਚ ਵੱਡਾ ਉਲਟਫੇਰ, ਐਗਜ਼ਿਟ ਪੋਲ ਮੁਤਾਬਕ ਭਾਜਪਾ ਬਣਾ ਰਹੀ ਸਰਕਾਰ!
Exit Poll: ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਾਹਮਣੇ ਆ ਰਹੇ ਐਗਜ਼ਿਟ ਪੋਲ ਦੇ ਅੰਕੜਿਆਂ ਨੇ ਸੂਬੇ ਸਮੇਤ ਦੇਸ਼ ਦੀ ਸਿਆਸਤ ਵਿੱਚ ਭਾਰੀ ਹਲਚਲ ਪੈਦਾ ਕਰ ਦਿੱਤੀ ਹੈ। ਵੱਖ-ਵੱਖ ਸਰਵੇਖਣਾਂ ਅਤੇ ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ, ਪੱਛਮੀ ਬੰਗਾਲ ਵਿੱਚ ਇਸ ਵਾਰ ਭਾਰਤੀ ਜਨਤਾ ਪਾਰਟੀ ਬਹੁਮਤ ਦੇ ਅੰਕੜੇ ਨੂੰ ਪਾਰ ਕਰਦੀ ਹੋਈ ਨਜ਼ਰ ਆ ਰਹੀ ਹੈ।
ਪੱਛਮੀ ਬੰਗਾਲ ਦੀਆਂ ਕੁੱਲ 294 ਸੀਟਾਂ ਲਈ ਵੋਟਿੰਗ ਦੀ ਪ੍ਰਕਿਰਿਆ ਬੁੱਧਵਾਰ ਨੂੰ ਮੁਕੰਮਲ ਹੋ ਗਈ ਹੈ। ਦੱਸ ਦੇਈਏ ਕਿ ਪਹਿਲੇ ਪੜਾਅ ਤਹਿਤ 23 ਅਪ੍ਰੈਲ ਨੂੰ 152 ਸੀਟਾਂ ‘ਤੇ ਅਤੇ ਦੂਜੇ ਪੜਾਅ ਤਹਿਤ ਬੁੱਧਵਾਰ ਨੂੰ ਬਾਕੀ ਰਹਿੰਦੀਆਂ 142 ਸੀਟਾਂ ‘ਤੇ ਵੋਟਾਂ ਪਾਈਆਂ ਗਈਆਂ। ਵੋਟਿੰਗ ਖ਼ਤਮ ਹੋਣ ਤੋਂ ਬਾਅਦ ਸਾਹਮਣੇ ਆਏ ਵੱਖ-ਵੱਖ ਐਗਜ਼ਿਟ ਪੋਲਜ਼ ਦੇ ਨਤੀਜਿਆਂ ਅਨੁਸਾਰ, ਪੱਛਮੀ ਬੰਗਾਲ ਵਿੱਚ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਹੈ। ਦੂਜੇ ਪਾਸੇ, ਸਾਲ 2011 ਤੋਂ ਸੱਤਾ ‘ਤੇ ਕਾਬਜ਼ ਮਮਤਾ ਬੈਨਰਜੀ ਦੀ ਸਰਕਾਰ ਦੀ ਵਿਦਾਇਗੀ ਦੇ ਅਨੁਮਾਨ ਲਗਾਏ ਜਾ ਰਹੇ ਹਨ। ਹਾਲਾਂਕਿ ਇਹ ਸਿਰਫ਼ ਐਗਜ਼ਿਟ ਪੋਲ ਦੇ ਅਨੁਮਾਨ ਹਨ, ਅਸਲ ਨਤੀਜੇ 4 ਮਈ ਨੂੰ ਅਸਾਮ ਸਮੇਤ ਪੰਜ ਰਾਜਾਂ ਦੇ ਚੋਣ ਨਤੀਜਿਆਂ ਦੇ ਨਾਲ ਐਲਾਨੇ ਜਾਣਗੇ।
ਵੱਖ-ਵੱਖ ਐਗਜ਼ਿਟ ਪੋਲਜ਼ ਦੇ ਅਨੁਮਾਨਾਂ ‘ਤੇ ਇੱਕ ਨਜ਼ਰ
Peoples Insight
ਇਸ ਐਗਜ਼ਿਟ ਪੋਲ ਅਨੁਸਾਰ ਤ੍ਰਿਣਮੂਲ ਕਾਂਗਰਸ (TMC) ਨੂੰ 138-150 ਸੀਟਾਂ, ਭਾਜਪਾ ਨੂੰ 144-154 ਸੀਟਾਂ, ਕਾਂਗਰਸ ਨੂੰ 0-1 ਸੀਟ ਅਤੇ ਲੈਫਟ ਨੂੰ ਵੀ 0-1 ਸੀਟ ਮਿਲਣ ਦੀ ਸੰਭਾਵਨਾ ਹੈ।
PMARQ
ਪੀ.ਐਮ.ਏ.ਆਰ.ਕਿਊ. ਦੇ ਅਨੁਮਾਨਾਂ ਮੁਤਾਬਕ ਟੀ.ਐਮ.ਸੀ. ਨੂੰ 118-138 ਸੀਟਾਂ, ਭਾਜਪਾ ਨੂੰ 150-175 ਸੀਟਾਂ ਅਤੇ ਹੋਰਾਂ ਦੇ ਹਿੱਸੇ 2-6 ਸੀਟਾਂ ਆ ਸਕਦੀਆਂ ਹਨ।
Peoples Pulse
ਪੀਪਲਜ਼ ਪਲਸ ਦੇ ਅਨੁਸਾਰ ਟੀ.ਐਮ.ਸੀ. ਨੂੰ 117-187 ਦੇ ਵਿਚਕਾਰ ਸੀਟਾਂ ਮਿਲ ਸਕਦੀਆਂ ਹਨ, ਜਦਕਿ ਭਾਜਪਾ ਨੂੰ 95-110 ਸੀਟਾਂ, ਕਾਂਗਰਸ ਨੂੰ 1-3 ਸੀਟਾਂ, ਲੈਫਟ ਨੂੰ 0-1 ਸੀਟ ਅਤੇ ਹੋਰਾਂ ਨੂੰ 1-2 ਸੀਟਾਂ ਮਿਲਣ ਦਾ ਅਨੁਮਾਨ ਹੈ।
Chanakya Strategies
ਚਾਣਕਿਆ ਸਟ੍ਰੈਟਜੀਜ਼ ਮੁਤਾਬਕ ਟੀ.ਐਮ.ਸੀ. ਨੂੰ 130-140 ਸੀਟਾਂ, ਭਾਜਪਾ ਨੂੰ 150-160 ਸੀਟਾਂ ਅਤੇ ਹੋਰਾਂ ਨੂੰ 6-10 ਸੀਟਾਂ ਮਿਲ ਸਕਦੀਆਂ ਹਨ। ਇਸ ਪੋਲ ਵਿੱਚ ਕਾਂਗਰਸ ਅਤੇ ਲੈਫਟ ਦਾ ਖਾਤਾ ਵੀ ਨਾ ਖੁੱਲ੍ਹਣ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ
MATRIZE
ਮੈਟ੍ਰਾਈਜ਼ ਦੇ ਅਨੁਮਾਨਾਂ ਅਨੁਸਾਰ ਟੀ.ਐਮ.ਸੀ. ਨੂੰ 125-140 ਸੀਟਾਂ, ਭਾਜਪਾ ਨੂੰ 146-161 ਸੀਟਾਂ ਅਤੇ ਹੋਰਾਂ ਨੂੰ 6-10 ਸੀਟਾਂ ਮਿਲਣ ਦੀ ਉਮੀਦ ਹੈ।
Praja Polls
ਪ੍ਰਜਾ ਪੋਲਜ਼ ਦੇ ਅਨੁਮਾਨ ਸਭ ਤੋਂ ਹੈਰਾਨੀਜਨਕ ਹਨ, ਜਿਸ ਮੁਤਾਬਕ ਟੀ.ਐਮ.ਸੀ. ਨੂੰ 85-110 ਸੀਟਾਂ ਅਤੇ ਭਾਜਪਾ ਨੂੰ ਭਾਰੀ ਬਹੁਮਤ ਨਾਲ 178-208 ਸੀਟਾਂ ਮਿਲ ਸਕਦੀਆਂ ਹਨ।
Poll Diary
ਪੋਲ ਡਾਇਰੀ ਅਨੁਸਾਰ ਟੀ.ਐਮ.ਸੀ. ਨੂੰ 99-127 ਸੀਟਾਂ, ਭਾਜਪਾ ਨੂੰ 142-171 ਸੀਟਾਂ, ਕਾਂਗਰਸ ਨੂੰ 3-5 ਸੀਟਾਂ, ਲੈਫਟ ਨੂੰ 2-3 ਸੀਟਾਂ ਅਤੇ ਹੋਰਾਂ ਨੂੰ 0-1 ਸੀਟ ਮਿਲ ਸਕਦੀ ਹੈ।
JVC
ਜੇ.ਵੀ.ਸੀ. ਐਗਜ਼ਿਟ ਪੋਲ ਅਨੁਸਾਰ ਟੀ.ਐਮ.ਸੀ. ਨੂੰ 131-152, ਭਾਜਪਾ ਨੂੰ 138-159 ਅਤੇ ਲੈਫਟ ਨੂੰ 0-1 ਸੀਟ ਮਿਲਣ ਦੀ ਸੰਭਾਵਨਾ ਹੈ।
ਬਹੁਮਤ ਦਾ ਅੰਕੜਾ ਅਤੇ ਪਿਛਲਾ ਇਤਿਹਾਸ
ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਕੁੱਲ 294 ਸੀਟਾਂ ਹਨ ਅਤੇ ਸਰਕਾਰ ਬਣਾਉਣ ਲਈ ਜਾਦੂਈ ਅੰਕੜਾ ਯਾਨੀ ਬਹੁਮਤ ਲਈ 148 ਸੀਟਾਂ ਦੀ ਲੋੜ ਹੁੰਦੀ ਹੈ। ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ ਟੀ.ਐਮ.ਸੀ. ਨੇ 215 ਸੀਟਾਂ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ ਸੀ, ਜਦਕਿ ਭਾਜਪਾ ਨੂੰ 77 ਸੀਟਾਂ ਅਤੇ ਆਈ.ਐਸ.ਐਫ. ਨੂੰ ਇੱਕ ਸੀਟ ਮਿਲੀ ਸੀ, ਜਿਸ ਨਾਲ ਮਮਤਾ ਬੈਨਰਜੀ ਨੇ ਤੀਜੀ ਵਾਰ ਸੱਤਾ ਸੰਭਾਲੀ ਸੀ।
