Disha Salian ਮਾਮਲੇ ਵਿੱਚ ਵੱਡਾ ਉਲਟਫੇਰ, CBI ਦੀ FIR ਵਿੱਚ ਊਧਵ ਅਤੇ ਆਦਿੱਤਿਆ ਠਾਕਰੇ ਦੇ ਨਾਮ
CBI FIR in Disha Salian Suicide Case: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਦੀ ਮੌਤ 8 ਜੂਨ, 2020 ਨੂੰ ਹੋਈ ਸੀ। CBI ਨੇ ਦਿਸ਼ਾ ਸਲਿਆਨ ਮਾਮਲੇ ਵਿੱਚ FIR ਦਰਜ ਕੀਤੀ ਹੈ। ਇਹ ਕਾਰਵਾਈ ਬੰਬੇ ਹਾਈ ਕੋਰਟ ਦੇ ਹੁਕਮਾਂ 'ਤੇ ਕੀਤੀ ਗਈ ਹੈ।
ਕੇਂਦਰੀ ਜਾਂਚ ਬਿਊਰੋ (CBI) ਨੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲਿਆਨ ਦੀ ਮੌਤ ਵਿੱਚ FIR ਦਰਜ ਕੀਤੀ ਹੈ। CBIਨੇ ਬੰਬੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਵੱਡੀ ਗੱਲ ਇਹ ਹੈ ਕਿ FIR ਵਿੱਚ ਊਧਵ ਠਾਕਰੇ ਅਤੇ ਆਦਿੱਤਿਆ ਠਾਕਰੇ ਸਮੇਤ ਕਈ ਪ੍ਰਮੁੱਖ ਹਸਤੀਆਂ ਦੇ ਨਾਮ ਸ਼ਾਮਲ ਹਨ। ਕੇਂਦਰੀ ਏਜੰਸੀ ਹੁਣ ਇਸ ਲਗਭਗ 6 ਸਾਲ ਪੁਰਾਣੇ ਮਾਮਲੇ ਦੀ ਨਵੇ ਸਿਰੇ ਤੋਂ ਜਾਂਚ ਕਰੇਗੀ।
2 ਸਤੰਬਰ ਨੂੰ, ਬੰਬੇ ਹਾਈ ਕੋਰਟ ਦੇ ਜਸਟਿਸ ਸਾਰੰਗ ਕੋਤਵਾਲ ਅਤੇ ਜਸਟਿਸ ਰਣਜੀਤ ਸਿੰਘ ਰਾਜਾ ਭੋਸਲੇ ਦੀ ਬੈਂਚ ਨੇ ਦਿਸ਼ਾ ਸਲਿਆਨ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਹੁਕਮ ਦਿੱਤਾ ਸੀ। ਉਨ੍ਹਾਂ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਲਈ ਇੱਕ ਤਜਰਬੇਕਾਰ ਅਤੇ ਸੀਨੀਅਰ ਅਧਿਕਾਰੀ ਨਿਯੁਕਤ ਕਰਨ ਦੇ ਵੀ ਨਿਰਦੇਸ਼ ਦਿੱਤੇ। ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲੀਅਨ ਦੀ ਛੱਤ ਤੋਂ ਡਿੱਗਣ ਤੋਂ ਬਾਅਦ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ।
8 ਜੂਨ, 2020 ਨੂੰ ਦਿਸ਼ਾ ਸਲੀਅਨ ਦੀ ਮੌਤ
ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਲੀਆਨ ਦੀ ਮੌਤ 8 ਜੂਨ, 2020 ਨੂੰ ਮੁੰਬਈ ਦੇ ਮਲਾਡ ਖੇਤਰ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੀ 12ਵੀਂ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਹੋਈ ਸੀ। ਉਨ੍ਹਾਂ ਦੇ ਮੈਨੇਜਰ ਦੀ ਮੌਤ ਤੋਂ ਇੱਕ ਹਫ਼ਤੇ ਬਾਅਦ 14 ਜੂਨ, 2020 ਨੂੰ ਸੁਸ਼ਾਂਤ ਸਿੰਘ ਰਾਜਪੂਤ ਨੂੰ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਸੀ, ਜਿਸ ਨਾਲ ਦੋਵਾਂ ਮੌਤਾਂ ਵਿਚਕਾਰ ਸੰਭਾਵਿਤ ਸਬੰਧ ਹੋਣ ਦੀਆਂ ਅਟਕਲਾਂ ਲੱਗਣ ਲੱਗੀਆਂ ਸਨ।
ਰਾਜਪੂਤ ਦੀ ਮੌਤ ਤੋਂ ਬਾਅਦ ਹੋਏ ਹੰਗਾਮੇ ਦੇ ਵਿਚਕਾਰ, ਮਹਾਰਾਸ਼ਟਰ ਸਰਕਾਰ ਨੇ ਮਾਮਲੇ ਦੀ ਸੀਬੀਆਈ ਜਾਂਚ ਦਾ ਹੁਕਮ ਦਿੱਤਾ। ਏਜੰਸੀ ਨੇ ਬਾਅਦ ਵਿੱਚ ਇੱਕ ਕਲੋਜ਼ਰ ਰਿਪੋਰਟ ਦਾਇਰ ਕੀਤੀ, ਜਿਸ ਵਿੱਚ ਇਸਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ। ਇਸ ਦੌਰਾਨ, ਮੁੰਬਈ ਪੁਲਿਸ ਨੇ ਦਿਸ਼ਾ ਸਲੀਆਨ ਦੇ ਮਾਮਲੇ ਨੂੰ ਦੁਰਘਟਨਾਪੂਰਨ ਮੌਤ ਮੰਨਦੇ ਹੋਏ ਏਡੀਆਰ ਦਾਇਰ ਕੀਤਾ। ਹਾਈ ਕੋਰਟ ਨੇ ਇਸ ‘ਤੇ ਸਵਾਲ ਉਠਾਏ ਅਤੇ ਜਾਂਚ ਸੀਬੀਆਈ ਨੂੰ ਸੌਂਪਣ ਦਾ ਆਦੇਸ਼ ਦਿੱਤਾ ਸੀ।
FIR ਦਰਜ ਨਾ ਕਰਨ ‘ਤੇ ਮੁੰਬਈ ਪੁਲਿਸ ਨੂੰ ਝਾੜ
ਅਦਾਲਤ ਨੇ ਮੁੰਬਈ ਪੁਲਿਸ ਨੂੰ ਵੀ ਜਾਂਚ ਵਿੱਚ ਲਾਪਰਵਾਹੀ ਲਈ ਝਾੜ ਪਾਈ ਸੀ। ਅਦਾਲਤ ਨੇ 6 ਸਾਲਾਂ ਤੱਕ ਇਸ ਮਾਮਲੇ ਨੂੰ ਸਿਰਫ਼ ਇੱਕ ਦੁਰਘਟਨਾ ਮੌਤ ਵਜੋਂ ਮੰਨਣ ਅਤੇ ਐਫਆਈਆਰ ਦਰਜ ਨਾ ਕਰਨ ਲਈ ਪੁਲਿਸ ਦੀ ਆਲੋਚਨਾ ਕੀਤੀ, ਜਿਸ ਵਿੱਚ ਜਾਂਚ ਵਿੱਚ “ਸਪੱਸ਼ਟ ਗਲਤੀਆਂ” ਵੱਲ ਇਸ਼ਾਰਾ ਕੀਤਾ ਗਿਆ। ਦਿਸ਼ਾ ਸਲਿਆਨ ਮਾਮਲੇ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ, ਸੀਬੀਆਈ ਹੁਣ ਪੂਰੀ ਘਟਨਾ ਦੀ ਨਵੇਂ ਸਿਰਿਓਂ ਜਾਂਚ ਕਰੇਗੀ।
ਇਹ ਵੀ ਪੜ੍ਹੋ
ਸਲਿਆਨ ਦੇ ਪਿਤਾ ਨੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਆਰੋਪ ਲਗਾਇਆ ਗਿਆ ਸੀ ਕਿ ਉਨ੍ਹਾਂ ਦੀ ਧੀ ਦਾ ਰੇਪ ਅਤੇ ਕਤਲ ਕੀਤਾ ਗਿਆ ਹੈ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਨੇ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਆਦਿਤਿਆ ਠਾਕਰੇ ਵਿਰੁੱਧ ਐਫਆਈਆਰ ਦਰਜ ਕਰਨ ਦੀ ਵੀ ਮੰਗ ਕੀਤੀ ਸੀ।
CBI ਦੀ FIR ਵਿੱਚ ਕਿਹੜੇ ਨਾਮ ਸ਼ਾਮਲ?
ਸੀਬੀਆਈ ਦੁਆਰਾ ਦਾਇਰ ਐਫਆਈਆਰ ਵਿੱਚ ਨਾਮਜ਼ਦ ਵਿਅਕਤੀਆਂ ਵਿੱਚ ਸ਼ਿਵ ਸੈਨਾ (ਯੂਬੀਟੀ) ਦੇ ਮੁਖੀ ਉਧਵ ਠਾਕਰੇ, ਉਨ੍ਹਾਂ ਦੇ ਪੁੱਤਰ ਆਦਿਤਿਆ ਠਾਕਰੇ, ਰੋਹਨ ਰਾਏ, ਡੀਨੋ ਮੋਰੀਆ, ਸੂਰਜ ਪੰਚੋਲੀ, ਆਦਿਤਿਆ ਠਾਕਰੇ ਦੇ ਬਾਡੀਗਾਰਡ, ਰੀਆ ਚੱਕਰਵਰਤੀ, ਸ਼ੌਵਿਕ ਚੱਕਰਵਰਤੀ, ਸਚਿਨ ਵਾਜ਼ੇ, ਪਰਮਬੀਰ ਸਿੰਘ, ਡੀਸੀਪੀ ਵਿਸ਼ਾਲ ਠਾਕੁਰ, ਅਨਿਲ ਦੇਸ਼ਮੁਖ, ਏਪੀਆਈ ਅਸ਼ੋਕ ਦੇਵਧੇ ਅਤੇ ਪੀਆਈ ਜਗਦੇਵ ਕਲਾਪੜ ਸ਼ਾਮਲ ਹਨ।
ਇਸ ਤੋਂ ਇਲਾਵਾ, ਮਾਲਵਣੀ ਪੁਲਿਸ ਸਟੇਸ਼ਨ ਦੇ ਸਬੰਧਤ ਅਧਿਕਾਰੀਆਂ, ਪੋਸਟਮਾਰਟਮ ਵਿੱਚ ਦੇਰੀ ਲਈ ਜ਼ਿੰਮੇਵਾਰ ਡਾਕਟਰਾਂ ਅਤੇ ਸਟਾਫ, ਰੀਜੈਂਟ ਗਲੈਕਸੀ ਇਮਾਰਤ ਦੇ ਸੁਰੱਖਿਆ ਗਾਰਡਾਂ ਅਤੇ ਐਸਆਈਟੀ ਦੇ ਸੀਨੀਅਰ ਮੈਂਬਰਾਂ, ਜਿਨ੍ਹਾਂ ਚ ਸਾਰੇ ਸੀਨੀਅਰ ਪੁਲਿਸ ਅਧਿਕਾਰੀ ਹਨ, ‘ਤੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਦਾ ਆਰੋਪ ਲਗਾਇਆ ਗਿਆ ਹੈ।
