ਨੂੰਹ ਹਿੰਸਾ ਮਾਮਲੇ ‘ਚ ਵੱਡੀ ਕਾਰਵਾਈ, ਅਜਮੇਰ ਤੋਂ ਕਾਂਗਰਸੀ ਵਿਧਾਇਕ ਮਾਮਨ ਖਾਨ ਗ੍ਰਿਫਤਾਰ
ਆਖਿਰਕਾਰ ਨੂੰਹ ਹਿੰਸਾ ਮਾਮਲੇ 'ਚ ਕਾਂਗਰਸੀ ਵਿਧਾਇਕ ਮਾਮਨ ਖਾਨ 'ਤੇ ਕਾਰਵਾਈ ਕੀਤੀ ਗਈ। ਹਰਿਆਣਾ ਐਸਆਈਟੀ ਨੇ ਮਾਮਨ ਖਾਨ ਨੂੰ ਵੀਰਵਾਰ ਰਾਤ ਅਜਮੇਰ ਤੋਂ ਗ੍ਰਿਫ਼ਤਾਰ ਕੀਤਾ। ਦਰਅਸਲ, SIT ਨੇ ਮਾਮਨ ਖਾਨ ਨੂੰ ਦੋ ਵਾਰ ਪੁੱਛਗਿੱਛ ਲਈ ਬੁਲਾਇਆ ਪਰ ਉਹ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਕੀ ਪੁਲਿਸ ਕੋਲ ਮਾਮਨ ਖਾਨ ਖਿਲਾਫ ਠੋਸ ਸਬੂਤ?
ਮਾਮਨ ਖਾਨ ਨੂੰ ਸ਼ੁੱਕਰਵਾਰ ਨੂੰਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਹਰਿਆਣਾ ਪੁਲਿਸ ਕੋਲ ਨੂੰਹ ਹਿੰਸਾ ਦੀ ਸਾਜ਼ਿਸ਼ ‘ਚ ਮਾਮਨ ਖਾਨ ਦੇ ਸ਼ਾਮਲ ਹੋਣ ਦੇ ਪੁਖਤਾ ਸਬੂਤ ਹਨ ਅਤੇ ਇਸ ਦੀ ਜਾਂਚ ਲਈ ਮਾਮਨ ਖਾਨ ਨੂੰ ਦੋ ਵਾਰ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ, ਪਰ ਦੋਵੇਂ ਵਾਰ ਮਾਮਨ ਖਾਨ ਜਾਂਚ ਵਿਚ ਸ਼ਾਮਲ ਨਹੀਂ ਹੋਏ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਪੰਜਾਬ-ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਇਸ ਮਾਮਲੇ ‘ਚ ਪੰਜਾਬ-ਹਰਿਆਣਾ ਹਾਈਕੋਰਟ ‘ਚ ਸੁਣਵਾਈ ਦੀ ਅਗਲੀ ਤਰੀਕ 19 ਅਕਤੂਬਰ ਸੀ ਅਤੇ ਉਸ ਤੋਂ ਪਹਿਲਾਂ ਗ੍ਰਿਫਤਾਰੀ ਤੋਂ ਬਚਣ ਲਈ ਮਮਨ ਖਾਨ ਕੋਲ ਹੇਠਲੀ ਅਦਾਲਤ ‘ਚ ਜਾ ਕੇ ਅਗਾਊਂ ਜ਼ਮਾਨਤ ਲੈਣ ਦਾ ਵਿਕਲਪ ਸੀ, ਪਰ ਹਰਿਆਣਾ ਪੁਲਿਸ ਨੇ ਇਹ ਮੌਕਾ ਨਹੀਂ ਦਿੱਤਾ ਅਤੇ ਇਸਤੋਂ ਪਹਿਲਾਂ ਹੀ ਮਾਮਨ ਨੂੰ ਗ੍ਰਿਫਤਾਰ ਕਰ ਲਿਆ।ਨੂੰਹ ਹਿੰਸਾ ‘ਚ 61 FIR ਦਰਜ, 280 ਲੋਕ ਗ੍ਰਿਫਤਾਰ
31 ਜੁਲਾਈ ਨੂੰ ਹਰਿਆਣਾ ਦੇ ਨੂੰਹ ਵਿੱਚ ਸ਼ੋਭਾਯਾਤਰਾ ਦੌਰਾਨ ਹਿੰਸਾ ਭੜਕ ਗਈ, ਜਿਸ ਵਿੱਚ ਦੰਗਾਕਾਰੀਆਂ ਨੇ ਕਈ ਦੁਕਾਨਾਂ ਅਤੇ ਨਾਗਰਿਕਾਂ ‘ਤੇ ਹਮਲਾ ਕੀਤਾ। ਹੁਣ ਪੁਲਿਸ ਵੀਡੀਓ ਦੀ ਮਦਦ ਨਾਲ ਇਸ ਮਾਮਲੇ ਦੇ ਮੁਲਜ਼ਮਾਂ ਦੀ ਪਛਾਣ ਕਰ ਰਹੀ ਹੈ। ਪੁਲਿਸ ਨੇ ਹਿੰਸਾ ਵਿੱਚ ਹੁਣ ਤੱਕ 61 ਐਫਆਈਆਰ ਦਰਜ ਕੀਤੀਆਂ ਹਨ, ਜਦੋਂ ਕਿ 280 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੋਰ ਦੋਸ਼ੀਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ।
Follow Us
