ਖਹਿਰਾ ਨੂੰ ਮਿਲਣ ਜਲਾਲਾਬਾਦ ਥਾਣੇ ਪਹੁੰਚੇ ਰਾਜਾ ਵੜਿੰਗ ਸਮੇਤ ਕਾਂਗਰਸੀ ਆਗੂ, ਥਾਣੇ ਦਾ ਗੇਟ ਬੰਦ, ਰੋਸ ਪ੍ਰਦਰਸ਼ਨ ਦਾ ਐਲਾਨ

Updated On: 

29 Sep 2023 12:22 PM

ਨਸ਼ਾ ਤਸਕਰੀ ਕੇਸ ਵਿੱਚ ਸ਼ਮੂਲੀਅਤ ਹੋਣ ਦੇ ਕਥਿਤ ਮਾਮਲੇ ਵਿੱਚ ਗ੍ਰਿਫਤਾਰ ਸੁਖਪਾਲ ਸਿੰਘ ਖਹਿਰਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਸੁਖਪਾਲ ਖਹਿਰਾ ਨੂੰ ਪੁਲਿਸ ਨੇ ਜਲਾਲਾਬਾਦ ਕੋਰਟ 'ਚ ਪੇਸ਼ ਕੀਤਾ ਗਿਆ ਸੀ, ਜਿੱਥੇ ਪੁਲਿਸ ਨੇ ਕੋਰਟ ਤੋਂ ਉਨ੍ਹਾਂ ਦਾ ਸੱਤ ਦਿਨ ਦਾ ਰਿਮਾਂਡ ਮੰਗਿਆ ਗਿਆ, ਪਰ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ ਖਹਿਰਾ ਦਾ ਦੋ ਦਿਨ ਦਾ ਰਿਮਾਂਡ ਦਿੱਤਾ ਹੈ।

ਖਹਿਰਾ ਨੂੰ ਮਿਲਣ ਜਲਾਲਾਬਾਦ ਥਾਣੇ ਪਹੁੰਚੇ ਰਾਜਾ ਵੜਿੰਗ ਸਮੇਤ ਕਾਂਗਰਸੀ ਆਗੂ, ਥਾਣੇ ਦਾ ਗੇਟ ਬੰਦ, ਰੋਸ ਪ੍ਰਦਰਸ਼ਨ ਦਾ ਐਲਾਨ
Follow Us On

ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਬੀਤੇ ਦਿਨ ਹੋਈ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਲਗਾਤਰ ਉਬਾਲ ਆ ਗਿਆ ਹੈ। ਖਹਿਰਾ ਨੂੰ ਜਲਾਲਾਬਾਦ ਥਾਣੇ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਮਿਲਣ ਲਈ ਸ਼ੁੱਕਰਵਾਰ ਸਵੇਰੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਅਗੁਵਾਈ ਹੇਠ ਸੈਂਕੜੇ ਕਾਂਗਰਸੀ ਵਰਕਰ ਥਾਣੇ ਦੇ ਸਾਹਮਣੇ ਪਹੁੰਚ ਗਏ। ਰਾਜ ਵੜਿੰਗ ਦੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ। ਇਨ੍ਹੀਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੂੰ ਵੇਖਦਿਆਂ ਹੀ ਪੁਲਿਸ ਨੇ ਖਾਣੇ ਦਾ ਗੇਟ ਬੰਦ ਕਰ ਦਿੱਤਾ।

ਰਾਜਾ ਵੜਿੰਗ ਪੁਲਿਸ ਮੁਲਾਜ਼ਮਾਂ ਨੂੰ ਲਗਾਤਾਰ ਥਾਣੇ ਦਾ ਗੇਟ ਖੋਲ੍ਹਣ ਦੀ ਅਪੀਲ ਕਰਦੇ ਰਹੇ, ਪਰ ਪੁਲਿਸ ਅਧਿਕਾਰੀਆਂ ਵੱਲੋਂ ਗੇਟ ਖੋਲ੍ਹਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਵੜਿੰਗ ਕਾਫੀ ਦੇਰ ਤੱਕ ਵਰਕਰਾਂ ਦੇ ਨਾਲ ਗੇਟ ਦੇ ਸਾਹਮਣੇ ਹੀ ਖੜੇ ਰਹੇ। ਪਰ ਗੇਟ ਨਾ ਖੁਲਣ ਤੇ ਉਹ ਉੱਚ ਅਧਿਕਾਰੀਆਂ ਨੂੰ ਮਿਲਣ ਲਈ ਫਾਜ਼ਿਲਕਾ ਚਲੇ ਗਏ।

ਜਲਾਲਾਬਾਦ ਥਾਣੇ ਵਿੱਚ ਦਰਜ ਹੈ ਮਾਮਲਾ

ਦੱਸ ਦੇਈਏ ਕਿ 2015 ਦੇ ਨਸ਼ਾ ਤਸਕਰੀ ਮਾਮਲੇ ਵਿੱਚ ਐਫਆਈਆਰ ਜਲਾਲਾਬਾਦ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸੀ, ਇਸੇ ਕਰਕੇ ਹੀ ਉਨ੍ਹਾਂ ਨੂੰ ਇਸ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੁਲਿਸ ਨੂੰ ਕਿਹਾ ਕਿ ਉਹ ਲੋਕ ਅਪਰਾਧੀ ਥੋੜੀ ਨੇ, ਜਿਨ੍ਹਾਂ ਨੂੰ ਵੇਖਦੇ ਹੀ ਪੁਲਿਸ ਨੇ ਥਾਣੇ ਦਾ ਗੇਟ ਬੰਦ ਕਰ ਦਿੱਤਾ ਹੈ। ਵੜਿੰਗ ਦੀ ਵਾਰ-ਵਾਰ ਅਪੀਲ ਕਰਨ ਤੇ ਵੀ ਪੁਲਿਸ ਅਧਿਕਾਰੀਆਂ ਨੇ ਗੇਟ ਦਾ ਤਾਲਾ ਤਾਂ ਨਹੀਂ ਖੋਲ੍ਹਿਆ, ਪਰ ਇਹ ਜਰੂਰ ਦੱਸਿਆ ਕਿ ਖਹਿਰਾ ਨੂੰ ਫਾਜ਼ਿਲਕਾ ਦੇ ਸੀ.ਆਈ.ਏ ਸਟਾਫ਼ ਵਿੱਚ ਲਿਜਾਇਆ ਗਿਆ ਹੈ।

ਫਾਜ਼ਿਲਕਾ ਸੀਆਈਏ ਸਟਾਫ਼ ਵਿੱਚ ਵੀ ਨਹੀਂ ਮਿਲਵਾਇਆ

ਰਾਜਾ ਵੜਿੰਗ ਨੇ ਦੱਸਿਆ ਕਿ ਉਹ ਫਾਜ਼ਿਲਕਾ ਸੀਆਈਏ ਸਟਾਫ਼ ਪ੍ਰਤਾਪ ਸਿੰਘ ਬਾਜਵਾ ਤੇ ਸਮੂਹ ਵਰਕਰਾਂ ਸਮੇਤ ਪੁੱਜੇ | ਇੱਥੇ ਉਨ੍ਹਾਂ ਦੇ ਇੱਕ ਵਫ਼ਦ ਨੂੰ ਅੰਦਰ ਬੈਠਣ ਲਈ ਕਿਹਾ ਗਿਆ ਪਰ ਐਸਐਸਪੀ ਦੀ ਉਡੀਕ ਕਰਨ ਲਈ ਕਿਹਾ ਗਿਆ। ਫਿਰ ਜਦੋਂ ਐਸਐਸਪੀ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਕਾਂਗਰਸੀ ਆਗੂ ਖਹਿਰਾ ਨਾਲ ਮਿਲਾਉਣ ਦੀ ਬੇਨਤੀ ਕੀਤੀ। ਪਰ ਐਸਐਸਪੀ ਨੇ ਵੀ ਉਨ੍ਹਾਂ ਨੂੰ ਇਹ ਕਹਿ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀ ਮਜਬੂਰੀ ਹੈ, ਉਹ ਉਨ੍ਹਾਂ ਦੀ ਇਸ ਅਪੀਲ ਨੂੰ ਨਹੀਂ ਮੰਨ ਸਕਦੇ।

‘SAD ਨੇ ਸ਼ੁਰੂ ਕੀਤਾ ਸੀ ਫਰਜੀ ਮਾਮਲੇ ਦਰਜ ਕਰਨ ਦਾ ਸਿਲਸਿਲਾ’

ਰਾਜਾ ਵੜਿੰਗ ਨੇ ਕਿਹਾ ਕਿ ਅਕਾਲੀ ਸਰਕਾਰ ਵੱਲੋਂ 2015 ਵਿੱਚ ਫਰਜ਼ੀ ਮਾਮਲੇ ਦਰਜ ਕਰਨ ਦਾ ਦੌਰ ਚੱਲਿਆ ਸੀ। ਪਰ ਅਜਿਹਾ ਕਦੇ ਨਹੀਂ ਹੋਇਆ ਕਿ ਤੀਸਰੀ ਵਾਰ ਵਿਧਾਇਕ ਨੂੰ ਵੀ ਆਗੂ ਨੂੰ ਮਿਲਣ ਨਾ ਦਿੱਤਾ ਗਿਆ ਹੋਵੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਸਰਕਾਰ ਅਤੇ ਪੁਲਿਸ ਦੀ ਤਿੱਖੇ ਸ਼ਬਦਾਂ ਵਿੱਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਅਜਿਹੇ ਰੀਤੀ-ਰਿਵਾਜ ਪਹਿਲੀ ਵਾਰ ਦੇਖਣ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਸਾਰੇ ਆਗੂਆਂ ਨੂੰ ਵਿਚਾਰ ਵਟਾਂਦਰਾ ਕਰਕੇ ਅਗਲੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਕਾਂਗਰਸ ਦੀ ਰਾਜਪਾਲ ਨੂੰ ਦਖ਼ਲ ਦੇਣ ਦੀ ਅਪੀਲ

ਇਸ ਤੋਂ ਪਹਿਲਾ ਖਹਿਰਾ ਦੀ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਪੰਜਾਬ ਕਾਂਗਰਸ ਦੇ ਸਾਰੇ ਸੀਨੀਅਰ ਆਗੂਆਂ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਦੱਸਿਆ ਕਿ ਖਹਿਰਾ ਦੀ ਗ੍ਰਿਫਤਾਰੀ ਪੂਰੀ ਤਰ੍ਹਾਂ ਨਾਲ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ। ਪੰਜਾਬ ਸਰਕਾਰ ਨੇ ਬਦਲੇ ਦੀ ਭਾਵਨਾ ਤਹਿਤ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਰਾਜ ਵੜਿੰਗ ਨੇ ਰਾਜਪਾਲ ਨਾਲ ਗੱਲਬਾਤ ਨੂੰ ਲੈ ਕੇ ਟਵੀਟ ਵੀ ਸਾਂਝਾ ਕੀਤਾ ਹੈ। ਉਨ੍ਹਾਂ ਨੇ ਲਿੱਖਿਆ ਕਿ ਉਹ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਰਾਜਪਾਲ ਨੂੰ ਸਾਰੀ ਸਥਿਤੀ ਦੀ ਜਾਣਕਾਰੀ ਦਿੱਤੀ ਹੈ। ਅਤੇ ਨਾਲ ਹੀ ਉਨ੍ਹਾਂ ਨੂੰ ਇਸ ਮਾਮਲੇ ਵਿੱਤ ਦਖ਼ਲ ਦੇਣ ਵੀ ਅਪੀਲ ਕੀਤੀ ਹੈ।

ਕੀ ਹੈ ਪੂਰਾ ਮਾਮਲਾ?

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰ ਤੋਂ ਡਰੱਗ ਮਾਮਲੇ ਵਿੱਚ ED 2015 ਤੋਂ ਪੁੱਛਗਿੱਛ ਕਰ ਰਹੀ ਹੈ। ਖਹਿਰਾ ਦੇ ਭੁਲੱਥ ਸਥਿਤ ਰਿਹਾਇਸ਼ ‘ਤੇ ਈਡੀ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਗਈ ਹੈ। ਸੁਖਪਾਲ ਸਿੰਘ ਖਹਿਰਾ ਦਾ ਨਾਮ 9 ਮਾਰਚ 2015 ਨੂੰ ਫਾਜ਼ਿਲਕਾ ‘ਚ 24 ਸੋਨੇ ਦੇ ਬਿਸਕੁਟ, 2 ਕਿਲੋ ਹੈਰੋਇਨ, 1 ਦੇਸੀ ਪਿਸਤੌਲ ਅਤੇ 2 ਪਾਕਿਸਤਾਨੀ ਸਿਮ ਕਾਰਡਾਂ ਸਮੇਤ 9 ਸਮੱਗਲਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਸੀ।

Exit mobile version