ਰਾਵੀ-ਚਿਨਾਬ ਦਾ ਪਾਣੀ ਮਿਲੇ ਤਾਂ ਹਰਿਆਣਾ ਨੂੰ ਦੇਣ ‘ਚ ਨਹੀਂ ਹੈ ਪਰੇਸ਼ਾਨੀ, SYL ‘ਤੇ ਹੋਈ ਮੀਟਿੰਗ ਤੋਂ ਬਾਅਦ ਬੋਲੇ CM ਮਾਨ

sajan-kumar-2
Updated On: 

09 Jul 2025 18:34 PM

SYL issue: ਐਸਵਾਈਐਲ ਦੇ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਕੇਂਦਰ ਨੇ ਪੰਜਾਬ ਅਤੇ ਹਰਿਆਣਾ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸੀਐਮ ਮਾਨ ਨੇ ਜਾਣਕਾਰੀ ਦਿੱਤੀ ਕਿ ਬੈਠਕ ਚੰਗੇ ਮਾਹੌਲ ਵਿੱਚ ਹੋਈ ਹੈ ਅਤੇ ਅੱਗੇ ਚਰਚਾ ਲਈ 5 ਅਗਸਤ ਨੂੰ ਬੈਠਕ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਹੈ ਕਿ SYL ਦੀ ਨਹਿਰ ਬਣਾਉਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ। ਇਸ ਲਈ ਕਿਸਾਨਾਂ ਕੋਲੋਂ ਲਈਆਂ ਗਈਆਂ ਜਮੀਨਾਂ ਵੀ ਵਾਪਸ ਕੀਤੀਆਂ ਜਾ ਚੁੱਕੀਆਂ ਹਨ।

ਰਾਵੀ-ਚਿਨਾਬ ਦਾ ਪਾਣੀ ਮਿਲੇ ਤਾਂ ਹਰਿਆਣਾ ਨੂੰ ਦੇਣ ਚ ਨਹੀਂ ਹੈ ਪਰੇਸ਼ਾਨੀ, SYL ਤੇ ਹੋਈ ਮੀਟਿੰਗ ਤੋਂ ਬਾਅਦ ਬੋਲੇ CM ਮਾਨ
Follow Us On

ਐਸਵਾਈਐਲ ਮੁੱਦੇ ਸਬੰਧੀ ਅੱਜ (ਬੁੱਧਵਾਰ) ਨੂੰ ਦਿੱਲੀ ਵਿੱਚ ਮਹੱਤਵਪੂਰਨ ਮੀਟਿੰਗ ਹੋਈ। ਇਸ ਬੈਠਕ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਿੱਲੀ ਦੇ ਸ਼੍ਰਮ ਸ਼ਕਤੀ ਭਵਨ ਵਿੱਚ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਕੁਝ ਸੁਝਾਅ ਰੱਖੇ ਹਨ, ਜਿਨ੍ਹਾਂ ‘ਤੇ ਕੇਂਦਰ ਸਰਕਾਰ ਨੂੰ ਚਰਚਾ ਕਰਨ ਲਈ ਕਿਹਾ।

ਮੁੱਖ ਮੰਤਰੀ ਨੇ ਕਿਹਾ ਕਿ ਸਿੰਧੂ ਸਮਝੌਤੇ ਦੇ ਰੱਦ ਹੋਣ ਤੋਂ ਬਾਅਦ ਜੋ ਵਾਧੂ ਪਾਣੀ ਹੋਵੇਗਾ ਉਹ ਪੰਜਾਬ ਵਿੱਚੋਂ ਹੀ ਲੰਘ ਕੇ ਜਾਵੇਗਾ। ਇਸ ਲਈ ਚੈਨਲ ਅਤੇ ਰਿਪੇਰੀਅਨ ਤਾਂ ਪੰਜਾਬ ਹੀ ਹੈ। ਜੇਕਰ ਰਾਵੀ ਅਤੇ ਚਿਨਾਬ ਦਰਿਆਵਾਂ ਦਾ ਪਾਣੀ ਪਾਣੀ ਨੂੰ ਪੰਜਾਬ ਲਿਆਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਪੰਜਾਬ ਦੀ ਵਰਤੋਂ ਤੋਂ ਬਾਅਦ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਦੇਣ ਵਿੱਚ ਭਲਾ ਕੀ ਪਰੇਸ਼ਾਨੀ ਹੋ ਸਕਦੀ ਹੈ। ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਤਾਂ ਫਾਇਦਾ ਹੋਵੇਗਾ ਹੀ, ਨਾਲ ਹੀ ਗੁਆਂਢੀ ਸੂਬੇ ਵੀ ਇਸ ਪਾਣੀ ਦਾ ਭਰਪੂਰ ਇਸਤੇਮਾਲ ਕਰ ਸਕਣਗੇ। ਬੱਸ ਸਭ ਤੋਂ ਪਹਿਲਾਂ ਗੱਲ ਇਹੀ ਹੈ ਕਿ ਪੰਜਾਬ ਨੂੰ ਉਸਦੇ ਹੱਕ ਦਾ ਪਾਣੀ ਮਿਲਣਾ ਚਾਹੀਦਾ ਹੈ।

ਸੀਐਮ ਮਾਨ ਨੇ ਕਿਹਾ ਨੂੰ ਕਿਹਾ ਕਿ ਪਾਕਿਸਤਾਨ ਨਾਲ ਸਿੰਧੂ ਸਮਝੌਤਾ ਰੱਦ ਹੋਣ ਤੋਂ ਬਾਅਦ 23 ਐਮਏਐਫ ਪਾਣੀ ਉੱਥੋਂ ਆਵੇਗਾ। ਅਸੀਂ ਦੋ-ਤਿੰਨ ਐਮਏਐਫ ਲਈ ਲੜ ਰਹੇ ਹਾਂ, ਤਾਂ ਸਾਨੂੰ ਕੀ ਸਮੱਸਿਆ ਹੋਵੇਗੀ? ਦੋ-ਚਾਰ ਨਹਿਰਾਂ ਪੰਜਾਬ ਵਿੱਚ ਬਣ ਜਾਣਗੀਆਂ। ਇਸ ਤੋਂ ਬਾਅਦ ਪੰਜਾਬ ਪਹਿਲਾਂ ਵਾਂਗ ਰਿਪੇਰੀਅਨ ਬਣ ਜਾਵੇਗਾ। ਉਨ੍ਹਾਂ ਨੇ ਸਕਾਰਾਤਮਕ ਜਵਾਬ ਦਿੱਤਾ ਹੈ। ਹਾਲਾਂਕਿ, ਐਸਵਾਈਐਲ ਦੇ ਮੁੱਦੇ ‘ਤੇ ਸਟੈਂਡ ਸਪੱਸ਼ਟ ਹੈ।

ਮੁੱਖ ਮੰਤਰੀ ਨੇ ਦੱਸਿਆ ਇਹ ਪਲਾਨ

ਸੀਐਮ ਮਾਨ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮੁੱਦੇ ਤੇ ਅਗਲੀ ਮੀਟਿੰਗ 5 ਅਗਸਤ ਨੂੰ ਹੋਣੀ ਹੈ। ਨਾਲ ਹੀ ਉਨ੍ਹਾਂ ਕਿਹਾ ਹੈ ਕਿ SYL ਦੀ ਨਹਿਰ ਨਹੀਂ ਬਣਾਈ ਜਾਵੇਗੀ। ਇਸ ਲਈ ਲਈਆਂ ਗਈਆਂ ਜਮੀਨਾਂ ਵਾਪਸ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੀਟਿੰਗ ‘ਚ ਚਿਨਾਬ ਅਤੇ ਰਾਵੀ ਦਾ ਪਾਣੀ ਪੰਜਾਬ ਵੱਲ ਮੋੜਣ ਦੀ ਗੱਲ ਕੀਤੀ ਹੈ। ਝੋਲਮ ਦਾ ਪਾਣੀ ਪੰਜਾਬ ਨੂੰ ਨਹੀਂ ਮਿਲ ਸਕਦਾ ਹੈ, ਇਸ ਲਈ ਪੰਜਾਬ ਨੂੰ 2 ਦਰਿਆਵਾਂ ਦਾ ਪਾਣੀ ਮੋੜਿਆ ਜਾਵੇ। ਅਜਿਹੇ ਹਾਲਾਂਤਾ ‘ਚ ਪਾਣੀ ਹੋਰ ਸੂਬਿਆਂ ਨੂੰ ਭੇਜੇ ਜਾਣ ਵਿੱਚ ਪੰਜਾਬ ਨੂੰ ਕੋਈ ਦਿੱਕਤ ਨਹੀਂ ਹੋਵੇਗੀ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿਚਾਲੇ ਜੋ ਪਾਣੀ ਦਾ ਰੌਲਾ ਹੈ ਉਹ 2-3 ਐਮਏਫੈਮ ਹੈ। ਸਿੰਧੂ ਦਾ ਪਾਣੀ ਰੋਕੇ ਜਾਣ ਤੋਂ ਬਾਅਦ 23 ਐਮਏਐਫ ਪਾਣੀ ਪੰਜਾਬ ਵੱਲ ਨੂੰ ਆਵੇਗਾ। ਪੰਜਾਬ ਫਿਰ ਪਾਣੀ ਚੈਨਲ ਰਾਹੀਂ ਦੇ ਸਕਦਾ ਹੈ। ਹਰਿਆਣਾ ਸਾਡਾ ਭਰਾ ਹੈ, ਪੰਜਾਬ ਦੇ ਲੋਕ ਭਾਈ ਘਨ੍ਹਈਆ ਦੇ ਵਾਰਿਸ ਹਨ । ਉਹ ਤਾਂ ਦੁਸ਼ਮਨ ਨੂੰ ਵੀ ਪਾਣੀ ਪਿਆ ਸਕਦੇ ਹਨ ਤਾਂ ਹਰਿਆਣਾ ਦਾ ਸਾਡਾ ਭਰਾ ਹੈ। ਸਾਡਾ ਦੋਵਾਂ ਦਾ ਇੱਕੋ ਹੀ ਵੇਹੜਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਕੀ ਬੋਲੇ?

ਉੱਧਰ, ਮੀਟਿੰਗ ਤੋਂ ਬਾਅਦ ਬਾਹਰ ਨਿਕਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਬੈਠਕ ਬੜੇ ਹੀ ਚੰਗੇ ਮਾਹੌਲ ‘ਚ ਹੋਈ ਹੈ। ਦੋਵੇਂ ਸੂਬੇ ਇਸ ਮੁੱਦੇ ਦਾ ਹੱਲ ਚਾਹੁੰਦੇ ਹਨ। ਉਨ੍ਹਾਂ ਨੇ ਵੀ ਪੰਜਾਬ ਹਰਿਆਣਾ ਨੂੰ ਭਰਾ-ਭਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਵੱਲੋਂ ਆਪਣੇ ਸੁਝਾਅ ਰੱਖੇ ਗਏ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਦਹਾਕਿਆਂ ਪੁਰਾਣੇ ਇਸ ਵਿਵਾਦ ਦਾ ਹੁਣ ਛੇਤੀ ਹੀ ਹੱਲ ਨਿੱਕਲੇਗਾ।

212 ਕਿਲੋਮੀਟਰ ਲੰਬੀ ਹੈ SYL

ਦੱਸ ਦੇਈਏ ਕਿ ਐਸਵਾਈਐਲ ਦੇ ਮੁੱਦੇ ਤੇ ਹੁਣ ਤੋਂ ਪਹਿਲਾਂ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ। ਹਰਿਆਣਾ ਨੇ ਇਸ 212 ਕਿਲੋਮੀਟਰ ਲੰਬੀ ਨਹਿਰ ਦਾ 90 ਕਿਲੋਮੀਟਰ ਪੂਰਾ ਕਰ ਲਿਆ ਹੈ, ਜਦੋਂ ਕਿ ਪੰਜਾਬ ਦਾ 122 ਕਿਲੋਮੀਟਰ ਹਿੱਸਾ ਅਜੇ ਵੀ ਅਧੂਰਾ ਹੈ। ਇਹ ਮੀਟਿੰਗ 13 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਦੋਵਾਂ ਰਾਜਾਂ ਵਿਚਕਾਰ ਸਹਿਮਤੀ ਬਣਾਉਣ ਦੀ ਕੋਸ਼ਿਸ਼ ਵੱਜੋਂ ਦੇਖੀ ਜਾ ਰਹੀ ਹੈ।

ਸੁਪਰੀਮ ਕੋਰਟ ਨੇ ਜਨਵਰੀ 2002 ਵਿੱਚ ਹਰਿਆਣਾ ਦੇ ਹੱਕ ਵਿੱਚ ਫੈਸਲਾ ਸੁਣਾਇਆ ਸੀ ਅਤੇ ਪੰਜਾਬ ਨੂੰ ਨਹਿਰ ਬਣਾਉਣ ਦਾ ਹੁਕਮ ਦਿੱਤਾ ਸੀ, ਪਰ 2004 ਵਿੱਚ, ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਇੱਕ ਕਾਨੂੰਨ ਪਾਸ ਕੀਤਾ ਅਤੇ 1981 ਦੇ ਸਮਝੌਤੇ ਨੂੰ ਰੱਦ ਕਰ ਦਿੱਤਾ।