‘ਸੋਮਵਾਰ ਫ਼ੈਸਲਾ, ਬੁੱਧਵਾਰ ਰੱਦ’… ਬਿਨਾਂ ਨਾਂ ਲਏ ਟਰੰਪ ‘ਤੇ ਵਰ੍ਹੇ ਬੈਲਜੀਅਮ ਦੇ ਪ੍ਰਧਾਨ ਮੰਤਰੀ; PM ਮੋਦੀ ਦੀ ਰੱਜ ਕੇ ਕੀਤੀ ਤਾਰੀਫ਼

Updated On: 

05 Sep 2026 09:32 AM IST

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਮਨਮਾਨੇ ਟੈਰਿਫ (ਟੈਕਸ) ਫ਼ੈਸਲਿਆਂ ਕਾਰਨ ਵਿਸ਼ਵ ਭਰ ਵਿੱਚ ਚਰਚਾ ਅਤੇ ਆਲੋਚਨਾ ਦਾ ਕੇਂਦਰ ਬਣੇ ਹੋਏ ਹਨ। ਦੁਨੀਆ ਦੇ ਕਈ ਪ੍ਰਮੁੱਖ ਮੁਲਕਾਂ ਵੱਲੋਂ ਅਮਰੀਕਾ ਦੀਆਂ ਇਨ੍ਹਾਂ ਨੀਤੀਆਂ ਵਿਰੁੱਧ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ।

ਸੋਮਵਾਰ ਫ਼ੈਸਲਾ, ਬੁੱਧਵਾਰ ਰੱਦ... ਬਿਨਾਂ ਨਾਂ ਲਏ ਟਰੰਪ ਤੇ ਵਰ੍ਹੇ ਬੈਲਜੀਅਮ ਦੇ ਪ੍ਰਧਾਨ ਮੰਤਰੀ; PM ਮੋਦੀ ਦੀ ਰੱਜ ਕੇ ਕੀਤੀ ਤਾਰੀਫ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਮਨਮਾਨੇ ਟੈਰਿਫ (ਟੈਕਸ) ਫ਼ੈਸਲਿਆਂ ਕਾਰਨ ਵਿਸ਼ਵ ਭਰ ਵਿੱਚ ਚਰਚਾ ਅਤੇ ਆਲੋਚਨਾ ਦਾ ਕੇਂਦਰ ਬਣੇ ਹੋਏ ਹਨ। ਦੁਨੀਆ ਦੇ ਕਈ ਪ੍ਰਮੁੱਖ ਮੁਲਕਾਂ ਵੱਲੋਂ ਅਮਰੀਕਾ ਦੀਆਂ ਇਨ੍ਹਾਂ ਨੀਤੀਆਂ ਵਿਰੁੱਧ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਭਾਰਤ ਦੌਰੇ ‘ਤੇ ਆਏ ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਨੇ ਡੋਨਾਲਡ ਟਰੰਪ ਦੀਆਂ ਮਨਮਾਨੀਆਂ ਵਪਾਰਕ ਨੀਤੀਆਂ ‘ਤੇ ਤਿੱਖਾ ਤਨਜ਼ ਕੱਸਿਆ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਦੀ ਰੱਜ ਕੇ ਸ਼ਲਾਘਾ ਕੀਤੀ ਹੈ।

ਮੁੰਬਈ ਵਿੱਚ ਆਯੋਜਿਤ ‘ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤਾ’ ਉੱਚ-ਪੱਧਰੀ ਗੱਲਬਾਤ ਦੌਰਾਨ ਸੰਬੋਧਨ ਕਰਦਿਆਂ ਡੀ ਵੇਵਰ ਨੇ ਬਿਨਾਂ ਸਿੱਧੇ ਤੌਰ ‘ਤੇ ਨਾਂ ਲਏ ਟਰੰਪ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੁਝ ਦੇਸ਼ ਪੂਰੀ ਤਰ੍ਹਾਂ ਮਨਮਾਨੇ ਢੰਗ ਨਾਲ ਚੱਲ ਰਹੇ ਹਨ; ਉਹ ਸੋਮਵਾਰ ਨੂੰ ਕੋਈ ਫ਼ੈਸਲਾ ਲੈਂਦੇ ਹਨ, ਬੁੱਧਵਾਰ ਨੂੰ ਉਸ ਨੂੰ ਰੱਦ ਕਰ ਦਿੰਦੇ ਹਨ ਅਤੇ ਸ਼ਨੀਵਾਰ ਨੂੰ ਮੁੜ ਲਾਗੂ ਕਰ ਦਿੰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਥਿਰਤਾ ਅਤੇ ਨਿਯਮ ਆਧਾਰਿਤ ਖੁੱਲ੍ਹੇ ਵਪਾਰ ਦੀ ਅਜੋਕੇ ਦੌਰ ਵਿੱਚ ਸਭ ਤੋਂ ਵੱਧ ਲੋੜ ਹੈ। ਜ਼ਿਕਰਯੋਗ ਹੈ ਕਿ ਬੈਲਜੀਅਮ ਦੇ ਪ੍ਰਧਾਨ ਮੰਤਰੀ 2 ਤੋਂ 4 ਸਤੰਬਰ ਤੱਕ ਭਾਰਤ ਦੌਰੇ ‘ਤੇ ਰਹੇ, ਜਿੱਥੇ ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਅਹਿਮ ਮੁਲਾਕਾਤ ਕੀਤੀ ਸੀ।

ਕੁਝ ਲੋਕ ਬਿਨਾਂ ਕਿਸੇ ਆਰਥਿਕ ਤਰਕ ਦੇ ਮਨਮਾਨੀ ਕਰ ਰਹੇ ਹਨ

ਮੁੰਬਈ ਵਿਖੇ ਕਾਰੋਬਾਰੀ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵਿਸ਼ਵ ਪੱਧਰ ‘ਤੇ ਸੁਰੱਖਿਆਵਾਦ (ਪ੍ਰੋਟੈਕਸ਼ਨਿਜ਼ਮ) ਲਗਾਤਾਰ ਪੈਰ ਪਸਾਰ ਰਿਹਾ ਹੈ। ਕਈ ਮੁਲਕ ਆਪਣੀਆਂ ਮੰਡੀਆਂ ਨੂੰ ਬੰਦ ਕਰਨ ਅਤੇ ਦੂਜਿਆਂ ‘ਤੇ ਭਾਰੀ ਡਿਊਟੀਆਂ ਥੋਪਣ ਦੀ ਵਕਾਲਤ ਕਰ ਰਹੇ ਹਨ। ਉਨ੍ਹਾਂ ਕਿਹਾ, “ਮੈਂ ਕਿਸੇ ਦਾ ਨਾਂ ਨਹੀਂ ਲਵਾਂਗਾ, ਪਰ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਕਿਨ੍ਹਾਂ ਬਾਰੇ ਗੱਲ ਕਰ ਰਿਹਾ ਹਾਂ ਜੋ ਬਿਨਾਂ ਕਿਸੇ ਆਰਥਿਕ ਦਲੀਲ ਦੇ ਮਨਮਾਨੀਆਂ ਕਰਦੇ ਹਨ। ਅੱਜ ਕੱਲ੍ਹ ਮੰਡੀਆਂ ਬੰਦ ਕਰਨ ਅਤੇ ਪਾਬੰਦੀਆਂ ਲਾਉਣ ਦੀ ਮੰਗ ਵਧ ਰਹੀ ਹੈ। ਉਹ ਸੋਮਵਾਰ ਨੂੰ ਕੋਈ ਨੀਤੀ ਬਣਾਉਂਦੇ ਹਨ, ਬੁੱਧਵਾਰ ਨੂੰ ਵਾਪਸ ਲੈਂਦੇ ਹਨ ਅਤੇ ਸ਼ਨੀਵਾਰ ਨੂੰ ਦੁਬਾਰਾ ਥੋਪ ਦਿੰਦੇ ਹਨ।”

ਡੀ ਵੇਵਰ ਦੇ ਮਜ਼ਾਕਿਆ ਅੰਦਾਜ਼ ‘ਤੇ ਦਰਸ਼ਕਾਂ ਦੀਆਂ ਤਾੜੀਆਂ

ਜਦੋਂ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਬਿਨਾਂ ਨਾਂ ਲਏ ਇਹ ਟਿੱਪਣੀ ਕੀਤੀ ਤਾਂ ਪੂਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਇਸ ‘ਤੇ ਡੀ ਵੇਵਰ ਨੇ ਹਲਕੇ-ਫੁਲਕੇ ਅੰਦਾਜ਼ ਵਿੱਚ ਮੁਸਕਰਾਉਂਦਿਆਂ ਕਿਹਾ, “ਤੁਹਾਡੀਆਂ ਤਾੜੀਆਂ ਸਪੱਸ਼ਟ ਕਰ ਰਹੀਆਂ ਹਨ ਕਿ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਮੇਰਾ ਇਸ਼ਾਰਾ ਕਿਸ ਵੱਲ ਹੈ।” ਉਨ੍ਹਾਂ ਅੱਗੇ ਸਪੱਸ਼ਟ ਕੀਤਾ ਕਿ ਮਨਮਾਨੀਆਂ ਪਾਬੰਦੀਆਂ ਅਤੇ ਮੰਡੀਆਂ ਨੂੰ ਵਿਗਾੜਨ ਦੀਆਂ ਸੋਚੀਆਂ-ਸਮਝੀਆਂ ਸਾਜ਼ਿਸ਼ਾਂ ਵਿਚਕਾਰ ਵੱਡਾ ਅੰਤਰ ਹੁੰਦਾ ਹੈ, ਜਿਸ ਤੋਂ ਸੁਚੇਤ ਰਹਿਣਾ ਲਾਜ਼ਮੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਦੀ ਤਾਰੀਫ਼

ਆਪਣੇ ਸੰਬੋਧਨ ਦੌਰਾਨ ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਪੀਐੱਮ ਮੋਦੀ ਨੂੰ ਦੁਨੀਆ ਦੇ ਸਭ ਤੋਂ ਪ੍ਰੇਰਨਾਦਾਇਕ ਅਤੇ ਬੁੱਧੀਮਾਨ ਆਗੂਆਂ ਵਿੱਚੋਂ ਇੱਕ ਗਰਦਾਨਿਆ। ਮੌਜੂਦਾ ਸੰਸਾਰਕ ਹਾਲਾਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਅਸੀਂ ਇਸ ਸਮੇਂ ਬਹੁਤ ਹੀ ਉਲਝਣ ਭਰੇ ਅਤੇ ਅਸਥਿਰ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਜਦੋਂ ਤੁਸੀਂ ਦੁਨੀਆ ਦੇ ਕਈ ਆਗੂਆਂ ਨੂੰ ਸੁਣਦੇ ਹੋ ਤਾਂ ਮਨ ਵਿੱਚ ਡਰ, ਬੇਚੈਨੀ ਅਤੇ ਖ਼ਤਰਾ ਮਹਿਸੂਸ ਹੁੰਦਾ ਹੈ। ਪਰ ਜਦੋਂ ਪ੍ਰਧਾਨ ਮੰਤਰੀ ਮੋਦੀ ਬੋਲਦੇ ਹਨ ਤਾਂ ਇੱਕ ਭਰੋਸਾ ਜਾਗਦਾ ਹੈ ਕਿ ਸਾਨੂੰ ਉਨ੍ਹਾਂ ਦੀ ਗੱਲ ਸੁਣਨੀ ਅਤੇ ਮੰਨਣੀ ਚਾਹੀਦੀ ਹੈ, ਕਿਉਂਕਿ ਉਹ ਇੱਕ ਬਹੁਤ ਹੀ ਦੂਰਅੰਦੇਸ਼ ਅਤੇ ਸੂਝਵਾਨ ਨੇਤਾ ਹਨ।”

ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਸਮਝੌਤਾ: ‘ਮਦਰ ਆਫ਼ ਆਲ ਡੀਲਜ਼’

ਡੀ ਵੇਵਰ ਨੇ ਭਾਰਤ ਅਤੇ ਯੂਰਪੀਅਨ ਯੂਨੀਅਨ (EU) ਵਿਚਕਾਰ ਹੋਏ ਮੁਕਤ ਵਪਾਰ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਦੇ ਸਭ ਤੋਂ ਵਿਆਪਕ ਸਮਝੌਤਿਆਂ ਵਿੱਚੋਂ ਇੱਕ ਹੈ, ਜਿਸ ਨੂੰ ‘ਮਦਰ ਆਫ਼ ਆਲ ਡੀਲਜ਼’ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਤਕਰੀਬਨ 2 ਅਰਬ ਖਪਤਕਾਰਾਂ ਦੀ ਆਬਾਦੀ ਅਤੇ ਦੁਨੀਆ ਦੀ ਵੱਡੀ ਆਰਥਿਕਤਾ ਨੂੰ ਆਪਸ ਵਿੱਚ ਜੋੜਦਾ ਹੈ। ਉਨ੍ਹਾਂ ਕਿਹਾ ਕਿ ਇਹ ਡੀਲ ਸਿਰਫ਼ ਆਯਾਤ-ਨਿਰਯਾਤ ਵਧਾਉਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਭਾਰਤ ਅਤੇ ਯੂਰਪ ਵਿਚਾਲੇ ਆਪਸੀ ਭਰੋਸੇ ਨੂੰ ਮਜ਼ਬੂਤ ਕਰਦੀ ਹੈ, ਜਿਸ ਨਾਲ ਦੋਵੇਂ ਧਿਰਾਂ ਕਿਸੇ ਵੀ ਸੰਸਾਰਕ ਦਬਾਅ ਅੱਗੇ ਡਟਣ ਦੇ ਸਮਰੱਥ ਹੋਣਗੀਆਂ। ਇਸ ਦੌਰਾਨ ਉਨ੍ਹਾਂ ਬੈਲਜੀਅਮ ਦੀਆਂ ਬੰਦਰਗਾਹਾਂ ਨੂੰ ਖੁੱਲ੍ਹੇ ਵਪਾਰ ਦੀ ਰੀੜ੍ਹ ਦੀ ਹੱਡੀ ਦੱਸਿਆ।

ਪਿਊਸ਼ ਗੋਇਲ ਅਤੇ ਦੇਵੇਂਦਰ ਫੜਨਵੀਸ ਦੀ ਮੌਜੂਦਗੀ

ਮੁੰਬਈ ਵਿਖੇ ਕਰਵਾਏ ਗਏ ਇਸ ਵੱਕਾਰੀ ਸਮਾਗਮ ਵਿੱਚ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਸ ਬੈਠਕ ਦਾ ਮੁੱਖ ਟੀਚਾ ਬੰਦਰਗਾਹਾਂ, ਲੌਜਿਸਟਿਕਸ, ਸਮੁੰਦਰੀ ਆਵਾਜਾਈ ਅਤੇ ਆਪਸੀ ਕਾਰੋਬਾਰ ਦੇ ਖੇਤਰ ਵਿੱਚ ਭਾਰਤ-ਬੈਲਜੀਅਮ ਸਾਂਝ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣਾ ਸੀ। ਵਿਦੇਸ਼ ਮੰਤਰਾਲੇ ਅਨੁਸਾਰ ਦੋਵਾਂ ਧਿਰਾਂ ਨੇ ਭਾਰਤ ਨੂੰ ਯੂਰਪੀਅਨ ਬਾਜ਼ਾਰਾਂ ਨਾਲ ਜੋੜਨ ਵਾਲੇ ਰਸਤਿਆਂ ਨੂੰ ਹੋਰ ਸੁਚਾਰੂ ਬਣਾਉਣ ‘ਤੇ ਜ਼ੋਰ ਦਿੱਤਾ।

ਅਗਲੇ 5 ਸਾਲਾਂ ‘ਚ ਦੁਵੱਲਾ ਵਪਾਰ ਦੁੱਗਣਾ ਕਰਨ ਦਾ ਟੀਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਵਿਚਾਲੇ ਹੋਈ ਉੱਚ-ਪੱਧਰੀ ਬੈਠਕ ਦੌਰਾਨ ਆਉਣ ਵਾਲੇ ਪੰਜ ਸਾਲਾਂ ਵਿੱਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਰੱਖਿਆ ਖੇਤਰ ਵਿੱਚ ਮਜ਼ਬੂਤੀ ਲਿਆਉਣ ਲਈ ਦੋਵਾਂ ਦੇਸ਼ਾਂ ਨੇ ਲੈਟਰ ਆਫ਼ ਇੰਟੈਂਟ (LoI) ‘ਤੇ ਦਸਤਖ਼ਤ ਕੀਤੇ ਹਨ। ਇਸ ਦੇ ਨਾਲ ਹੀ ਬੈਲਜੀਅਨ ਸਕਿਓਰਿਟੀ ਐਂਡ ਡਿਫੈਂਸ ਇੰਡਸਟਰੀ ਐਸੋਸੀਏਸ਼ਨ ਅਤੇ ਸੁਸਾਇਟੀ ਆਫ਼ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ ਵਿਚਾਲੇ ਇੱਕ ਅਹਿਮ ਸਮਝੌਤਾ ਸਹੀਬੱਧ ਕੀਤਾ ਗਿਆ। ਇਸ ਕਦਮ ਨਾਲ ਭਾਰਤੀ ਰੱਖਿਆ ਨਿਰਮਾਤਾਵਾਂ ਨੂੰ ਯੂਰਪੀ ਬਾਜ਼ਾਰਾਂ ਅਤੇ ਨਵੀਨਤਮ ਤਕਨਾਲੋਜੀ ਤੱਕ ਸਿੱਧੀ ਪਹੁੰਚ ਮਿਲੇਗੀ। ਹੁਣ ਦੋਵੇਂ ਮੁਲਕ ਰੱਖਿਆ, ਸਵੱਛ ਊਰਜਾ, ਤਕਨਾਲੋਜੀ ਅਤੇ ਲੌਜਿਸਟਿਕਸ ਵਰਗੇ ਖੇਤਰਾਂ ਵਿੱਚ ਰਲ ਕੇ ਕੰਮ ਕਰਨਗੇ।

Loading...
Unable to load recommendations.
Follow Us