ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਵੱਡਾ ਹਾਦਸਾ, ਖੱਡ ਵਿੱਚ ਡਿੱਗੀ ਫੌਜ ਦੀ ਗੱਡੀ, 10 ਜਵਾਨ ਸ਼ਹੀਦ, 10 ਜ਼ਖਮੀ
Army Vehicle Accident in Doda: ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਇੱਕ ਫੌਜ ਦੀ ਕੈਸਪਰ ਕਾਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 10 ਜਵਾਨ ਸ਼ਹੀਦ ਅਤੇ 10 ਹੋਰ ਜ਼ਖਮੀ ਹੋ ਗਏ ਹਨ। ਜ਼ਖਮੀ ਜਵਾਨਾਂ ਨੂੰ ਮੌਕੇ ਤੋਂ ਬਾਹਰ ਕੱਢ ਕੇ ਨੇੜਲੇ ਮੈਡੀਕਲ ਸੈਂਟਰ ਲਿਜਾਇਆ ਗਿਆ। ਇਹ ਹਾਦਸਾ ਭਦਰਵਾਹ-ਚੰਬਾ ਅੰਤਰਰਾਜੀ ਸੜਕ 'ਤੇ ਖੰਨੀ ਟੌਪ ਦੇ ਨੇੜੇ ਵਾਪਰਿਆ। ਡਰਾਈਵਰ ਨੇ ਗੱਡੀ 'ਤੇ ਕੰਟਰੋਲ ਗੁਆ ਦਿੱਤਾ ਅਤੇ 200 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗਾ।
ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਇੱਕ ਭਿਆਨਕ ਘਟਨਾ ਵਾਪਰੀ ਹੈ। ਫੌਜ ਦੀ ਇੱਕ ਕੈਸਪਰ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ 10 ਜਵਾਨ ਸ਼ਹੀਦ ਹੋ ਗਏ ਅਤੇ 10 ਹੋਰ ਜ਼ਖਮੀ ਹੋ ਗਏ। ਫੌਜ ਦਾ ਇਹ ਕੈਸਪਰ, ਡੋਡਾ ਵਿੱਚ ਭਦਰਵਾਹ-ਚੰਬਾ ਰੋਡ ਤੋਂ ਜਾ ਰਿਹਾ ਸੀ, ਜਿਸਦੀ ਹਾਲਤ ਪਹਿਲਾਂ ਤੋਂ ਹੀ ਕਾਫੀ ਖਸਤਾ ਸੀ। ਕੈਸਪਰ ਗੱਡੀ ਲਗਭਗ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਫੌਜੀਆਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹੈ, ਅਤੇ ਬਚਾਅ ਟੀਮਾਂ ਤੇਜੀ ਨਾਲ ਕੰਮ ਕਰ ਰਹੀਆਂ ਹਨ।
ਇੱਕ ਅਧਿਕਾਰੀ ਨੇ ਦੱਸਿਆ ਕਿ ਅਣਜਾਣ ਕਾਰਨਾਂ ਕਰਕੇ ਗੱਡੀ ਸੜਕ ਤੋਂ ਫਿਸਲ ਗਈ। ਹਾਦਸੇ ਤੋਂ ਤੁਰੰਤ ਬਾਅਦ ਬਚਾਅ ਅਤੇ ਰਾਹਤ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਜ਼ਖਮੀ ਜਵਾਨਾਂ ਨੂੰ ਹਾਦਸੇ ਵਾਲੀ ਥਾਂ ਤੋਂ ਬਾਹਰ ਕੱਢ ਲਿਆ ਗਿਆ ਅਤੇ ਨੇੜਲੇ ਮੈਡੀਕਲ ਸੈਂਟਰ ਲਿਜਾਇਆ ਗਿਆ। ਫੌਜ ਦੀ ਗੱਡੀ ਉੱਚੀ ਪਹਾੜੀ ਚੌਕੀ ਵੱਲ ਜਾ ਰਹੀ ਸੀ ਜਦੋਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਗੱਡੀ ਸੜਕ ਤੋਂ ਫਿਸਲ ਗਈ, 200 ਫੁੱਟ ਡੂੰਘੀ ਖੱਡ ਵਿੱਚ ਜਾ ਕੇ ਡਿੱਗ ਗਈ।

ਹਸਪਤਾਲ ਦੀ ਤਸਵੀਰ
ਉਪ ਰਾਜਪਾਲ ਨੇ ਜਤਾਇਆ ਅਫਸੋਸ
ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ, “ਡੋਡਾ ਵਿੱਚ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਸਾਡੇ 10 ਬਹਾਦਰ ਭਾਰਤੀ ਫੌਜ ਦੇ ਜਵਾਨਾਂ ਦੀ ਜਾਨ ਚਲੇ ਜਾਣ ਨਾਲ ਮੈਨੂੰ ਬਹੁਤ ਦੁੱਖ ਹੋਇਆ ਹੈ। ਅਸੀਂ ਆਪਣੇ ਬਹਾਦਰ ਸੈਨਿਕਾਂ ਦੀ ਮਿਸਾਲੀ ਸੇਵਾ ਅਤੇ ਸਰਵਉੱਚ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ। ਮੈਂ ਦੁਖੀ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਪੂਰਾ ਦੇਸ਼ ਇਸ ਡੂੰਘੇ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰਾਂ ਨਾਲ ਇੱਕਜੁਟਤਾ ਅਤੇ ਸਮਰਥਨ ਵਿੱਚ ਖੜ੍ਹਾ ਹੈ। 10 ਜ਼ਖਮੀ ਸੈਨਿਕਾਂ ਨੂੰ ਏਅਰਲਿਫਟ ਕਰਕੇ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਨੂੰ ਸਭ ਤੋਂ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੈਂ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ।”
ਸੰਵੇਦਨਸ਼ੀਲ ਬਣੇ ਹੋਏ ਹਨ ਡੋਡਾ ਦੇ ਹਾਲਾਤ
ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਸੁਰੱਖਿਆ ਸਥਿਤੀ ਸੰਵੇਦਨਸ਼ੀਲ ਬਣੀ ਹੋਈ ਹੈ। ਇੱਥੇ ਹਾਲ ਹੀ ਵਿੱਚ ਅੱਤਵਾਦੀ ਗਤੀਵਿਧੀਆਂ ਅਤੇ ਸੁਰੱਖਿਆ ਬਲਾਂ ਦੇ ਆਪਰੇਸ਼ਨਸ ਵਧੇ ਹਨ। ਡੋਡਾ ਜ਼ਿਲ੍ਹੇ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੰਭਾਵਨਾ ਹੈ, ਖਾਸ ਕਰਕੇ ਪਹਾੜੀ ਅਤੇ ਜੰਗਲੀ ਖੇਤਰਾਂ ਵਿੱਚ। ਖੁਫੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਡੋਡਾ ਅਤੇ ਗੁਆਂਢੀ ਕਿਸ਼ਤਵਾੜ ਜ਼ਿਲ੍ਹੇ ਵਿੱਚ 30-35 ਪਾਕਿਸਤਾਨੀ ਮੂਲ ਦੇ ਅੱਤਵਾਦੀ ਸਰਗਰਮ ਹੋ ਸਕਦੇ ਹਨ, ਜੋ ਜੰਗਲਾਂ ਵਿੱਚ ਲੁਕੇ ਹੋਏ ਹਨ।