12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਇਸ ਜਹਾਜ਼ ਹਾਦਸੇ ‘ਚ 260 ਲੋਕ ਮਾਰੇ ਗਏ ਸਨ। ਇਸ ਹਾਦਸੇ ਤੋਂ ਇੱਕ ਮਹੀਨੇ ਬਾਅਦ, ਜਾਂਚ ਰਿਪੋਰਟ ਹੁਣ ਸਾਹਮਣੇ ਆਈ ਹੈ। ਇਸ ਰਿਪੋਰਟ ‘ਚ ਕਈ ਮਹੱਤਵਪੂਰਨ ਖੁਲਾਸੇ ਹੋਏ ਹਨ।
ਰਿਪੋਰਟ ਦਰਸਾਉਂਦੀ ਹੈ ਕਿ ਟੇਕਆਫ ਤੋਂ ਕੁਝ ਸਕਿੰਟਾਂ ਬਾਅਦ, ਇੰਜਣ ਦਾ ਫਿਊਲ ਸਵਿੱਚ ‘RUN’ ਤੋਂ ‘CUTOFF’ ਵਿੱਚ ਚਲਾ ਗਿਆ। ਇਹ 15 ਪੰਨਿਆਂ ਦੀ ਰਿਪੋਰਟ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ ਸ਼ਨੀਵਾਰ ਸਵੇਰੇ ਜਨਤਕ ਕੀਤੀ।
ਹਾਦਸੇ ਤੋਂ ਪਹਿਲਾਂ ਪਾਇਲਟਾਂ ਵਿਚਕਾਰ ਕੀ ਗੱਲ ਹੋਈ?
ਇਸ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਪਾਇਲਟਾਂ ਵਿਚਕਾਰ ਫਿਊਲ ਬੰਦ ਕਰਨ ਨੂੰ ਲੈ ਕੇ ਉਲਝਣ ਸੀ। ਏਅਰ ਇੰਡੀਆ ਫਲਾਈਟ 171 ਦੇ ਦੋਵਾਂ ਇੰਜਣਾਂ ਨੂੰ ਫਿਊਲ ਸਪਲਾਈ ਕਰਨ ਵਾਲੇ ਦੋਵੇਂ ਸਵਿੱਚ ਬੰਦ ਹੋ ਗਏ ਸਨ, ਜਿਸ ਤੋਂ ਬਾਅਦ ਪਾਇਲਟ ਉਲਝਣ ‘ਚ ਪੈ ਗਏ ਅਤੇ ਜਹਾਜ਼ ਟੇਕਆਫ ਤੋਂ ਕੁਝ ਸਕਿੰਟਾਂ ਬਾਅਦ ਹੀ ਅਹਿਮਦਾਬਾਦ ‘ਚ ਕਰੈਸ਼ ਹੋ ਗਿਆ। ਕਾਕਪਿਟ ਵੌਇਸ ਰਿਕਾਰਡਿੰਗ ‘ਚ, ਇੱਕ ਪਾਇਲਟ ਨੂੰ ਦੂਜੇ ਤੋਂ ਪੁੱਛਦੇ ਸੁਣਿਆ ਗਿਆ, “ਤੁਸੀਂ ਫਿਊਲ ਕਿਉਂ ਕੱਟਿਆ?” ਦੂਜੇ ਪਾਇਲਟ ਨੇ ਜਵਾਬ ਦਿੱਤਾ, “ਮੈਂ ਅਜਿਹਾ ਨਹੀਂ ਕੀਤਾ।”
ਫਿਊਲ ਦਾ ਇਹ ਕੱਟ-ਆਫ, ਜਿਸ ਕਾਰਨ ਜਹਾਜ਼ ਨੂੰ ਫਿਊਲ ਮਿਲਣਾ ਬੰਦ ਹੋ ਗਿਆ, 12 ਜੂਨ ਨੂੰ ਬੋਇੰਗ ਡ੍ਰੀਮਲਾਈਨਰ 787-8 ਨਾਲ ਕੀ ਹੋਇਆ, ਇਸ ਦੇ ਰਹੱਸ ਨੂੰ ਸੁਲਝਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ਤੇ ਇਹ ਹਾਦਸੇ ਦਾ ਇੱਕ ਵੱਡਾ ਕਾਰਨ ਵੀ ਉਭਰ ਸਕਦਾ ਹੈ।
ਫਿਊਲ ਦੁਬਾਰਾ ਚਲਾਇਆ ਗਿਆ
ਇਸ ਤੋਂ ਬਾਅਦ, ਰਿਪੋਰਟ ‘ਚ ਇਹ ਵੀ ਖੁਲਾਸਾ ਹੋਇਆ ਕਿ ਫਿਊਲ ਕੱਟੇ ਜਾਣ ਦੀ ਉਲਝਣ ਤੋਂ ਬਾਅਦ ਪਾਇਲਟਾਂ ਨੇ ਇੱਕ ਵਾਰ ਫਿਰ ਇਸਨੂੰ ਕੱਟ-ਆਫ ਤੋਂ ਰਨ ‘ਚ ਬਦਲ ਦਿੱਤਾ। ਲੰਡਨ ਜਾਣ ਵਾਲੇ ਜਹਾਜ਼ ਦੇ ਦੋਵੇਂ ਇੰਜਣਾਂ ਦੇ ਸਵਿੱਚ ਕੱਟ-ਆਫ ਤੋਂ ਰਨ ‘ਚ ਬਦਲ ਦਿੱਤੇ ਗਏ ਸਨ, ਜੋ ਦਰਸਾਉਂਦਾ ਹੈ ਕਿ ਪਾਇਲਟਾਂ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਜਿਵੇਂ ਕਿ ਐਨਹਾਂਸਡ ਏਅਰਬੋਰਨ ਫਲਾਈਟ ਰਿਕਾਰਡਰ (EAFR) ਦਾ ਡੇਟਾ ਦਰਸਾਉਂਦਾ ਹੈ।
ਰਿਪੋਰਟ ‘ਚ ਕਿਹਾ ਗਿਆ ਹੈ, ਜਦੋਂ ਜਹਾਜ਼ ਹਵਾ ‘ਚ ਹੁੰਦਾ ਹੈ, ਤਾਂ ਫਿਊਲ ਕੰਟਰੋਲ ਸਵਿੱਚ ਨੂੰ ਕੱਟ-ਆਫ ਤੋਂ ਰਨ ‘ਚ ਬਦਲ ਜਾਂਦਾ ਹੈ। ਜਦੋਂ ਜਹਾਜ਼ ਨੇ ਉਡਾਣ ਭਰੀ, ਤਾਂ ਸਹਿ-ਪਾਇਲਟ ਜਹਾਜ਼ ਨੂੰ ਉਡਾ ਰਿਹਾ ਸੀ, ਜਦੋਂ ਕਿ ਕਪਤਾਨ ਨਿਗਰਾਨੀ ਕਰ ਰਿਹਾ ਸੀ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਹਾਜ਼ ਲਗਭਗ 180 ਨੌਟਸ IAS ਦੀ ਰਫ਼ਤਾਰ ਨਾਲ ਸੀ ਅਤੇ ਥੋੜ੍ਹੀ ਦੇਰ ਬਾਅਦ, ਇੰਜਣ 1 ਤੇ ਇੰਜਣ 2 ਦਾ ਫਿਊਲ ਕੱਟਆਫ ਸਵਿੱਚ 1 ਸਕਿੰਟ ਦੇ ਅੰਦਰ-ਅੰਦਰ ਇੱਕ ਤੋਂ ਬਾਅਦ ਇੱਕ RUN ਤੋਂ CUTOFF ਵੱਲ ਚਲਾ ਗਿਆ। ਰਿਪੋਰਟ ਦੇ ਅਨੁਸਾਰ, ਫਿਊਲ ਕੱਟੇ ਜਾਣ ਕਾਰਨ ਇੰਜਣ N1 ਅਤੇ N2 ਦੀ ਕੁਸ਼ਲਤਾ ਘਟਣ ਲੱਗੀ।
ਪਾਇਲਟ ਨੇ ਅਲਰਟ ਜਾਰੀ ਕੀਤਾ
ਜਹਾਜ਼ ਨੇ 1:38 ਵਜੇ ਉਡਾਣ ਭਰੀ। 1:39 ਵਜੇ ਪਾਇਲਟ ਨੇ MAYDAY MAYDAY MAYDAY ਦਾ ਅਲਰਟ ਜਾਰੀ ਕੀਤਾ। ਰਿਪੋਰਟ ‘ਚ ਕਿਹਾ ਗਿਆ ਹੈ ਕਿ ATCO (ਏਅਰ ਟ੍ਰੈਫਿਕ ਕੰਟਰੋਲਰ) ਨੇ ਕਾਲ ਸਾਈਨ ਬਾਰੇ ਪੁੱਛਗਿੱਛ ਕੀਤੀ। ATCO ਨੂੰ ਕੋਈ ਜਵਾਬ ਨਹੀਂ ਮਿਲਿਆ, ਪਰ ਉਸ ਨੇ ਹਵਾਈ ਅੱਡੇ ਦੀ ਸੀਮਾ ਦੇ ਬਾਹਰ ਜਹਾਜ਼ ਦੇ ਹਾਦਸੇ ਨੂੰ ਦੇਖਿਆ ਅਤੇ ਐਮਰਜੈਂਸੀ ਪ੍ਰਤੀਕਿਰਿਆ ਨੂੰ ਐਕਟਿਵ ਕੀਤਾ।
ਜਹਾਜ਼ ਹਾਦਸਾਗ੍ਰਸਤ ਹੋ ਗਿਆ
ਜਹਾਜ਼ ਬੀਜੇ ਮੈਡੀਕਲ ਕਾਲਜ ਦੇ ਹੋਸਟਲ ‘ਚ ਕ੍ਰੈਸ਼ ਹੋ ਗਿਆ। ਇਸ ਭਿਆਨਕ ਹਾਦਸੇ ‘ਚ, ਨਾ ਸਿਰਫ਼ ਜਹਾਜ਼ ‘ਚ ਸਵਾਰ ਯਾਤਰੀਆਂ ਦੀ ਮੌਤ ਹੋ ਗਈ, ਸਗੋਂ ਹੋਸਟਲ ‘ਚ ਮੌਜੂਦ ਵਿਦਿਆਰਥੀਆਂ ਨੇ ਵੀ ਇਸ ਹਾਦਸੇ ‘ਚ ਆਪਣੀਆਂ ਜਾਨਾਂ ਗੁਆ ਦਿੱਤੀਆਂ। ਜਹਾਜ਼ ‘ਚ ਮੌਜੂਦ 242 ਲੋਕਾਂ ਵਿੱਚੋਂ 241 ਦੀ ਮੌਤ ਹੋ ਗਈ।
ਦੋਵੇਂ ਪਾਇਲਟ ਕੌਣ ਸਨ?
ਕੈਪਟਨ ਸੁਮਿਤ ਸੱਭਰਵਾਲ ਜਹਾਜ਼ ਨੂੰ ਉਡਾ ਰਹੇ ਸਨ। ਉਹ ਇੱਕ ਲਾਈਨ ਟ੍ਰੇਨਿੰਗ ਕੈਪਟਨ ਹੈ ਅਤੇ ਉਨ੍ਹਾਂ ਨੂੰ 8,200 ਘੰਟੇ ਉਡਾਣ ਦਾ ਤਜਰਬਾ ਸੂ। ਉਨ੍ਹਾਂ ਦੇ ਨਾਲ ਫਸਟ ਅਫਸਰ ਕਲਾਈਵ ਕੁੰਦਰ ਵੀ ਸੀ, ਜਿਨ੍ਹਾਂ ਨੂੰ 1,100 ਘੰਟੇ ਉਡਾਣ ਦਾ ਤਜਰਬਾ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੋਵੇਂ ਪਾਇਲਟ ਡਾਕਟਰੀ ਤੌਰ ‘ਤੇ ਤੰਦਰੁਸਤ ਸਨ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਰੈਮ ਏਅਰ ਟਰਬਾਈਨ (RAT) ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਤਾਇਨਾਤ ਕਰ ਦਿੱਤਾ ਗਿਆ ਸੀ, ਜਿਵੇਂ ਕਿ ਹਵਾਈ ਅੱਡੇ ਦੇ ਸੀਸੀਟੀਵੀ ਫੁਟੇਜ ‘ਚ ਦੇਖਿਆ ਗਿਆ ਹੈ। RAT ਉਦੋਂ ਤਾਇਨਾਤ ਕੀਤਾ ਜਾਂਦਾ ਹੈ ਜਦੋਂ ਦੋਹਰੇ ਇੰਜਣ ਦੀ ਅਸਫਲਤਾ ਜਾਂ ਪੂਰੀ ਤਰ੍ਹਾਂ ਇਲੈਕਟ੍ਰਾਨਿਕ ਜਾਂ ਹਾਈਡ੍ਰੌਲਿਕ ਅਸਫਲਤਾ ਹੁੰਦੀ ਹੈ।
ਇਸ ਤੋਂ ਪਹਿਲਾਂ 1980 ਦੇ ਦਹਾਕੇ ‘ਚ, ਇੱਕ ਡੈਲਟਾ ਏਅਰ ਲਾਈਨਜ਼ ਇੰਕ ਦੇ ਪਾਇਲਟ ਨੇ ਗਲਤੀ ਨਾਲ ਬੋਇੰਗ 767 ਦੇ ਇੰਜਣ ‘ਚ ਫਿਊਲ ਬੰਦ ਕਰ ਦਿੱਤਾ ਸੀ, ਜਿਸਨੂੰ ਉਹ ਉਡਾ ਰਿਹਾ ਸੀ। ਪਰ ਉਸ ਸਥਿਤੀ ‘ਚ, ਉਸਨੇ ਜਹਾਜ਼ ਨੂੰ ਅਸਮਾਨ ‘ਚ ਉੱਚਾ ਹੋਣ ‘ਤੇ ਇਸ ਨੂੰ ਮੁੜ ਚਾਲੂ ਕਰਨ ‘ਚ ਕਾਮਯਾਬ ਹੋ ਗਿਆ, ਜਿਸ ਨਾਲ ਹਾਦਸਾ ਹੋਣ ਤੋਂ ਬਚ ਗਿਆ।