ਪੰਜਾਬੀ ਗਾਇਕ ਕਰਨ ਔਜਲਾ ਪਰਤੇ ਭਾਰਤ: ਮਹਿਲਾ ਕਮਿਸ਼ਨ ਸਾਹਮਣੇ ਹੋਣਗੇ ਪੇਸ਼, ਇਤਰਾਜ਼ਯੋਗ ਭਾਸ਼ਾ ਲਈ ਮੰਗੀ ਮੁਆਫੀ

Published: 

12 Aug 2025 11:47 AM IST

Karan Aujla Song Controversy: ਕਰਨ ਔਜਲਾ ਜਲਦੀ ਹੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਾਲੀ ਗਿੱਲ ਸਾਹਮਣੇ ਪੇਸ਼ ਹੋਣਗੇ। ਉਨ੍ਹਾਂ ਨੇ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਏਆਈਜੀ ਯਾਦਵਿੰਦਰ ਸਿੰਘ ਸਿੱਧੂ ਨੇ ਵੀ ਕਮਿਸ਼ਨ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਗਾਇਕ ਜਲਦੀ ਹੀ ਨਿੱਜੀ ਤੌਰ 'ਤੇ ਪੇਸ਼ ਹੋਣਗੇ।

ਪੰਜਾਬੀ ਗਾਇਕ ਕਰਨ ਔਜਲਾ ਪਰਤੇ ਭਾਰਤ: ਮਹਿਲਾ ਕਮਿਸ਼ਨ ਸਾਹਮਣੇ ਹੋਣਗੇ ਪੇਸ਼, ਇਤਰਾਜ਼ਯੋਗ ਭਾਸ਼ਾ ਲਈ ਮੰਗੀ ਮੁਆਫੀ

ਕਰਨ ਔਜਲਾ ਅਤੇ ਹਨੀ ਸਿੰਘ

Follow Us On

ਪੰਜਾਬੀ ਗਾਇਕ ਕਰਨ ਔਜਲਾ ਤੇ ਹਨੀ ਸਿੰਘ ਨੇ ਆਪਣੇ ਗੀਤਾਂ ਵਿੱਚ ਵਰਤੀ ਗਈ ਭਾਸ਼ਾ ਲਈ ਪੰਜਾਬ ਮਹਿਲਾ ਕਮਿਸ਼ਨ ਤੋਂ ਮੁਆਫੀ ਮੰਗੀ ਸੀ। ਕਮਿਸ਼ਨ ਵੱਲੋਂ ਨੋਟਿਸ ਜਾਰੀ ਕਰਨ ਤੋਂ ਬਾਅਦ ਕਰਨ ਔਜਲਾ ਹੁਣ ਭਾਰਤ ਵਾਪਸ ਆ ਗਏ ਹਨ। ਉਹ ਸੋਮਵਾਰ ਦੇਰ ਸ਼ਾਮ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ।

ਕਰਨ ਔਜਲਾ ਜਲਦੀ ਹੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਾਲੀ ਗਿੱਲ ਸਾਹਮਣੇ ਪੇਸ਼ ਹੋਣਗੇ। ਉਨ੍ਹਾਂ ਨੇ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ। ਇਸ ਦੇ ਨਾਲ ਹੀ ਪੰਜਾਬ ਪੁਲਿਸ ਦੇ ਏਆਈਜੀ ਯਾਦਵਿੰਦਰ ਸਿੰਘ ਸਿੱਧੂ ਨੇ ਵੀ ਕਮਿਸ਼ਨ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਗਾਇਕ ਜਲਦੀ ਹੀ ਨਿੱਜੀ ਤੌਰ ‘ਤੇ ਪੇਸ਼ ਹੋਣਗੇ।

ਔਜਲਾ ਦੇ MF ਗਬਰੂ ਗਾਣੇ ‘ਤੇ ਖੜ੍ਹਾ ਹੋਇਆ ਵਿਵਾਦ

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਸੀ ਕਿ ਉਨ੍ਹਾਂ ਨੇ ਖੁਦ ਹਨੀ ਸਿੰਘ ਅਤੇ ਕਰਨ ਔਜਲਾ ਦੇ ਗਾਣੇ ਸੋਸ਼ਲ ਮੀਡੀਆ ‘ਤੇ ਸੁਣੇ ਹਨ। ਕਮਿਸ਼ਨ ਨੇ ਪੁਲਿਸ ਨੂੰ ਲਿਖਿਆ ਸੀ ਕਿ ਹਨੀ ਸਿੰਘ ਦੇ ਗਾਣੇ ‘ਮਿਲੀਅਨੇਅਰ’ ਵਿੱਚ ਔਰਤਾਂ ਵਿਰੁੱਧ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।

ਇਸ ਦੇ ਨਾਲ ਹੀ ਕਰਨ ਔਜਲਾ ਦੇ ਗੀਤ ‘ਐਮਐਫ ਗਬਰੂ’ ਵਿੱਚ ਔਰਤਾਂ ਲਈ ਅਣਉਚਿਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਮਹਿਲਾ ਕਮਿਸ਼ਨ ਨੇ ਡੀਜੀਪੀ ਨੂੰ ਹੁਕਮ ਦਿੱਤਾ ਸੀ ਕਿ ਉਹ ਚੰਡੀਗੜ੍ਹ ਦੇ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦੇਣ।

ਦੋਵੇਂ ਗਾਇਕ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ

ਕਰਨ ਔਜਲਾ ਵਿਵਾਦ (ਦਸੰਬਰ 2024)- ਚੰਡੀਗੜ੍ਹ ਵਿੱਚ ਆਪਣੇ ਸ਼ੋਅ ਦੌਰਾਨ, ਉਨ੍ਹਾਂ ‘ਤੇ ਆਪਣੇ ਗੀਤਾਂ ਵਿੱਚ ਸ਼ਰਾਬ ਨੂੰ ਉਤਸ਼ਾਹਿਤ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਮਾਮਲਾ ਹਾਈ ਕੋਰਟ ਤੱਕ ਪਹੁੰਚਿਆ, ਜਿਸ ਤੋਂ ਬਾਅਦ ਪੁਲਿਸ ਨੇ ਦਖਲ ਦਿੱਤਾ ਅਤੇ ਉਨ੍ਹਾਂ ਨੂੰ ਸ਼ੋਅ ਦੌਰਾਨ ਅਜਿਹੇ ਗੀਤ ਗਾਉਣ ਤੋਂ ਰੋਕ ਦਿੱਤਾ।

ਹਨੀ ਸਿੰਘ ਵਿਵਾਦ (ਮਾਰਚ 2025)- ਭਾਜਪਾ ਨੇ 23 ਮਾਰਚ ਨੂੰ ਸ਼ਹੀਦੀ ਦਿਵਸ ‘ਤੇ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਸ਼ੋਅ ‘ਤੇ ਇਤਰਾਜ਼ ਜਤਾਇਆ ਸੀ। ਪਾਰਟੀ ਨੇ ਪ੍ਰਸ਼ਾਸਕ ਨੂੰ ਇੱਕ ਪੱਤਰ ਲਿਖ ਕੇ ਕਿਹਾ ਸੀ ਕਿ ਇਸ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ, ਅਤੇ ਅਜਿਹੇ ਪ੍ਰੋਗਰਾਮਾਂ ਦਾ ਨੌਜਵਾਨਾਂ ‘ਤੇ ਗਲਤ ਪ੍ਰਭਾਵ ਪੈ ਸਕਦਾ ਹੈ। ਹਨੀ ਸਿੰਘ ਨੇ ਉਸ ਦਿਨ ‘ਮੈਂ ਫੈਨ ਸਿੰਘ ਭਗਤ ਸਿੰਘ’ ਪ੍ਰੋਗਰਾਮ ਸ਼ੁਰੂ ਕੀਤਾ ਸੀ।