‘ਲਾਰੈਂਸ ਆਫ਼ ਪੰਜਾਬ’ Docu Series ‘ਤੇ ਲੱਗੀ ਰੋਕ, ਪੰਜਾਬ ਪੁਲਿਸ ਨੇ ਕੇਂਦਰ ਨੂੰ ਲਿੱਖਿਆ ਸੀ ਪੱਤਰ, ਕਾਂਗਰਸ ਤੇ ਪਰਿਵਾਰ ਨੇ ਵੀ ਕੀਤੀ ਸੀ ਬੈਨ ਦੀ ਮੰਗ

Updated On: 

24 Apr 2026 14:18 PM IST

Lawrence of Punjab Document Series Banned : ਪੰਜਾਬ ਪੁਲਿਸ ਨੇ ਡਾਕੂਮੈਂਟਰੀ ਸੀਰੀਜ਼ "ਲਾਰੈਂਸ ਆਫ਼ ਪੰਜਾਬ" ਸੰਬੰਧੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ (ਐਮਆਈਬੀ) ਨੂੰ ਰਸਮੀ ਤੌਰ 'ਤੇ ਪੱਤਰ ਲਿਖ ਕੇ ਡਾਕੂਮੈਂਟਰੀ ਨੂੰ ਜਨਤਕ ਪਹੁੰਚ ਤੱਕ ਰੋਕਣ ਦੀ ਬੇਨਤੀ ਕੀਤੀ ਸੀ। ਇਹ ਡਾਕੂਮੈਂਟਰੀ ਸੀਰੀਜ਼ 27 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ।

ਲਾਰੈਂਸ ਆਫ਼ ਪੰਜਾਬ Docu Series ਤੇ ਲੱਗੀ ਰੋਕ, ਪੰਜਾਬ ਪੁਲਿਸ ਨੇ ਕੇਂਦਰ ਨੂੰ ਲਿੱਖਿਆ ਸੀ ਪੱਤਰ, ਕਾਂਗਰਸ ਤੇ ਪਰਿਵਾਰ ਨੇ ਵੀ ਕੀਤੀ ਸੀ ਬੈਨ ਦੀ ਮੰਗ

ਆਉਂਦੀ 27 ਤਾਰੀਕ ਨੂੰ ਰਿਲੀਜ ਹੋਣ ਵਾਲੀ ਡਾਕੂਮੈਂਟਰੀ ਸੀਰੀਜ਼ “ਲਾਰੈਂਸ ਆਫ਼ ਪੰਜਾਬ” ਤੇ ਭਾਰਤ ਸਰਕਾਰ ਨੇ ਬੈਨ ਲਗਾ ਦਿੱਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ OTT ਪਲੇਟਫਾਰਮ ZEE5 ਨੂੰ ਅਹਿਮ ਨੋਟਿਸ ਜਾਰੀ ਕਰਦਿਆਂ ਗੈਂਗਸਟਰਾਂ ਦੇ ਜੀਵਨ ‘ਤੇ ਆਧਾਰਿਤ ਇਸ ਡਾਕੂਮੈਂਟਰੀ ਜਾਂ ਵੈੱਬ ਸੀਰੀਜ਼ ਰਿਲੀਜ਼ ਨਾ ਕਰਨ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਜਨਤਕ ਸੁਰੱਖਿਆ ਅਤੇ ਸ਼ਾਂਤੀ ਨੂੰ ਮੁੱਖ ਰੱਖਦਿਆਂ ZEE5 ਫਿਲਹਾਲ ਇਸ ਸੀਰੀਜ਼ ਨੂੰ ਰਿਲੀਜ਼ ਨਾ ਕਰੇ। ਦੱਸ ਦੇਈਏ ਕਿ ਇਸ ਸੀਰੀਜ ਦੇ ਰਿਲੀਜ ਹੋਣ ਦਾ ਲਗਾਤਾਰ ਸਿਆਸੀ ਪਾਰਟੀਆਂ ਵੱਲੋ ਵੀ ਵਿਰੋਧ ਕੀਤਾ ਜਾ ਰਿਹਾ ਸੀ। ਜਦਕਿ ਬੀਤੇ ਦਿਨ ਪੰਜਾਬ ਪੁਲਿਸ ਨੇ ਮੰਤਰਾਲੇ ਨੂੰ ਪੱਤਰ ਲਿੱਖ ਕੇ ਇਸ ਸੀਰੀਜ ਨੂੰ ਤੁਰੰਤ ਬੈਨ ਕਰਨ ਦਾ ਆਦੇਸ਼ ਦੇਣ ਦੀ ਬੇਨਤੀ ਕੀਤੀ ਸੀ।

ਪੁਲਿਸ ਵੱਲੋਂ ਭੇਜੇ ਗਏ ਇੱਕ ਅਧਿਕਾਰਤ ਪੱਤਰ ‘ਚ ਡਾਕੂਮੈਂਟਰੀ ਸੀਰੀਜ਼ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸੀਰੀਜ਼ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਤੇ ਉਸ ਦੇ ਅਪਰਾਧਿਕ ਸਫ਼ਰ ਨੂੰ ਦਰਸਾਉਂਦੀ ਹੈ। ਇਸ ‘ਚ ਕਈ ਰੀਅਲ ਲਾਈਫ਼ ਹਾਈ-ਪ੍ਰੋਫਾਈਲ ਅਪਰਾਧ, ਖਾਸ ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਰਗੇ ਮਾਮਲੇ ਸ਼ਾਮਲ ਹਨ। ਪੁਲਿਸ ਨੇ ਆਪਣੇ ਪੱਤਰ ਵਿੱਚ ਲਿੱਖਿਆ ਸੀ ਕਿ ਅਜਿਹੀ ਸਮੱਗਰੀ ਅਪਰਾਧਿਕ ਤੱਤਾਂ ਦਾ ਮਹਿਮਾ ਮੰਡਨ ਕਰਦੀ ਹੈ, ਜਿਸ ਨਾਲ ਨੌਜਵਾਨ ਕੁਰਾਹੇ ਪੈ ਸਕਦੇ ਹਨ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ।

ਰਾਜਾ ਵੜਿੰਗ ਨੇ ਕੋਰਟ ਵਿੱਚ ਪਾਈ ਸੀ ਪਟੀਸ਼ਨ

ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਅੱਜ ਹੀ ਇਸ ਪਟੀਸ਼ਨ ਤੇ ਸੁਣਵਾਈ ਹੋਣੀ ਸੀ। ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਇਸਨੂੰ ਤੁਰੰਤ ਬੈਨ ਕਰਨ ਦੀ ਮੰਗ ਕੀਤੀ ਸੀ। ਸੀਰੀਜ ਤੇ ਬੈਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਵੜਿੰਗ ਨੇ ਕਿਹਾ ਕਿ ਪਿੰਡਾਂ ਵਿੱਚ ਲੋਕਾਂ ਦੀਆਂ ਮਜਬੂਰਿਆਂ ਦਾ ਫਾਇਦਾ ਚੁੱਕ ਕੇ ਉਨ੍ਹਾਂ ਨੂੰ ਗਲਤ ਰਾਹ ਤੇ ਧੱਕਿਆ ਜਾ ਰਿਹਾ ਹੈ। ਪਰ ਪੰਜਾਬ ਦੀ ਜਵਾਨੀ ਨੂੰ ਅਜਿਹੇ ਗਲਤ ਰਾਹ ਤੇ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਰਾਜਾ ਵੜਿੰਗ ਦੇ ਸਾਹ ਵਿੱਚ ਸਾਹ ਰਹੇਗਾ, ਉਹ ਗੈਂਗਸਟਰਾਂ ਖਿਲਾਫ ਜੰਗ ਲੜਦੇ ਰਹਿਣਗੇ।

ਲਾਰੈਂਸ ਦੇ ਪਰਿਵਾਰ ਨੇ ਵੀ ਜਤਾਇਆ ਸੀ ਵਿਰੋਧ

ਲਾਰੈਂਸ ਦੇ ਪਰਿਵਾਰ ਨੇ ਵੀ ਇਸ ਸੀਰੀਜ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਸੀਰੀਜ ਦੇ ਕੰਟੈਂਟ, ਇਸਦੀ ਨਿਰਮਾਣ ਪ੍ਰਕਿਰਿਆ ਅਤੇ ਇਸਦੀ ਰਿਲੀਜ਼ ਦੇ ਸਮੇਂ ‘ਤੇ ਸਵਾਲ ਉਠਾਏ ਸਨ। ਪਰਿਵਾਰ ਨੇ ਕਿਹਾ ਕਿ ਇਹ ਲੜੀ ਨਾ ਸਿਰਫ਼ ਤੱਥਾਂ ਤੋਂ ਪਰੇ ਹੈ ਸਗੋਂ ਨਿਆਂ ਪ੍ਰਣਾਲੀ ਅਤੇ ਪੰਜਾਬ ਦੀ ਸ਼ਾਨਦਾਰ ਸੱਭਿਆਚਾਰ ਦਾ ਵੀ ਅਪਮਾਨ ਕਰਦੀ ਹੈ।

ਪਰਿਵਾਰ ਨੇ ਕਿਹਾ ਕਿ ਵੈੱਬ ਸੀਰੀਜ਼ ਲਈ ਉਨ੍ਹਾਂ ਤੋਂ ਜਾਂ ਸਰਕਾਰ ਤੋਂ ਇਜਾਜ਼ਤ ਨਹੀਂ ਲਈ ਗਈ ਸੀ। ਲਾਰੈਂਸ ਦੇ ਚਾਚਾ ਰਮੇਸ਼ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਵਿੱਚ ਫਿਲਮ ਦੇ ਨਿਰਮਾਤਾਵਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

27 ਅਪ੍ਰੈਲ ਨੂੰ ਹੋਣੀ ਸੀ ਰਿਲੀਜ਼

‘ਲਾਰੈਂਸ ਆਫ਼ ਪੰਜਾਬ’ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਪੰਜਾਬ ਵਿੱਚ ਅਪਰਾਧ ਦੇ ਸੱਭਿਆਚਾਰ ‘ਤੇ ਆਧਾਰਿਤ ਹੈ। ਰਾਘਵ ਡਾਰ ਦੁਆਰਾ ਨਿਰਦੇਸ਼ਤ, ਇਹ ਸੀਰੀਜ਼ ਲਾਰੈਂਸ ਬਿਸ਼ਨੋਈ ਦੇ ਵਿਦਿਆਰਥੀ ਰਾਜਨੀਤੀ ਤੋਂ ਇੱਕ ਵੱਡੇ ਅਪਰਾਧੀ ਬਣਨ ਤੱਕ ਦੇ ਸਫ਼ਰ ਨੂੰ ਦਰਸਾਉਂਦੀ ਹੈ।

ਇਹ ਸੀਰੀਜ਼ OTT ਪਲੇਟਫਾਰਮ ZEE5 ‘ਤੇ ਰਿਲੀਜ਼ ਹੋਵੇਗੀ ਅਤੇ 27 ਅਪ੍ਰੈਲ, 2026 ਨੂੰ ਹੋਣ ਵਾਲੀ ਸੀ। ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ, ਇਸ ਨੇ ਪੰਜਾਬ ਵਿੱਚ ਰਾਜਨੀਤਿਕ ਵਿਵਾਦ ਛੇੜ ਦਿੱਤਾ। ਪੰਜਾਬ ਕਾਂਗਰਸ ਨੇ ਇਹ ਇਲਜ਼ਾਮ ਲਗਾਉਂਦੇ ਹੋਏ ਕਿ ਇਹ ਅਪਰਾਧੀਆਂ ਨੂੰ ਵਡਿਆਉਂਦੀ ਹੈ, ਇਸ ਸੀਰੀਜ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ ।

Follow Us