ਕੌਣ ਸਨ ਬੂਟਾ ਸਿੰਘ ਤੇ ਜ਼ੈਨਬ, ਜਿਨ੍ਹਾਂ ਦੀ ਜਿੰਦਗੀ ਤੋਂ ਪ੍ਰੇਰਿਤ ਹੋ ਕੇ ਬਣੀ ‘ਗਦਰ ਏਕ ਪ੍ਰੇਮ ਕਥਾ’?

Published: 

11 Aug 2023 13:55 PM

Who is Real Hero of Gadar Ek Prem Katha: ਗਦਰ ਵਿੱਚ ਸੰਨੀ ਦਿਓਲ ਨੇ ਬੂਟਾ ਸਿੰਘ ਦਾ ਕਿਰਦਾਰ ਨਿਭਾਇਆ ਸੀ। ਬੂਟਾ ਸਿੰਘ ਨਾ ਸਿਰਫ਼ ਭਾਰਤ ਵਿੱਚ, ਸਗੋਂ ਆਪਣੀ ਪ੍ਰੇਮ ਕਹਾਣੀ ਕਾਰਨ ਉਹ ਪਾਕਿਸਤਾਨ ਵਿੱਚ ਵੀ ਕਾਫੀ ਪ੍ਰਸਿੱਧ ਹਨ।

ਕੌਣ ਸਨ ਬੂਟਾ ਸਿੰਘ ਤੇ ਜ਼ੈਨਬ, ਜਿਨ੍ਹਾਂ ਦੀ ਜਿੰਦਗੀ ਤੋਂ ਪ੍ਰੇਰਿਤ ਹੋ ਕੇ ਬਣੀ ਗਦਰ ਏਕ ਪ੍ਰੇਮ ਕਥਾ?
Follow Us On

Boota Singh Tragic Love Story: ਗਦਰ-2 ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ। 2001 ਵਿੱਚ ਆਏ ਇਸ ਦੇ ਪਹਿਲੇ ਪਾਰਟ ‘ਗਦਰ ਏਕ ਪ੍ਰੇਮ ਕਥਾ‘ ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ ਸਨ। ਹੁਣ ਗਦਰ-2 ਨੂੰ ਲੈ ਕੇ ਜਿਸ ਤਰ੍ਹਾਂ ਨਾਲ ਲੋਕਾਂ ਵਿੱਚ ਉਤਸ਼ਾਹ ਦਿਖਾਈ ਦੇ ਰਿਹਾ ਹੈ, ਉਸਨੂੰ ਵੇਖਦੇ ਹੋਏ ਇਸਦੇ ਵੀ ਸੁਪਰ-ਡੁਪਰ ਹਿੱਟ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ‘ਗਦਰ ਏਕ ਪ੍ਰੇਮ ਕਥਾ’ ਇੱਕ ਸੱਚੀ ਕਹਾਣੀ ਤੋਂ ਪ੍ਰੇਰਿਤ ਸੀ ਅਤੇ ਇਸਦੇ ਅਸਲੀ ਹੀਰੋ ਸਨ ਪੰਜਾਬ ਦੇ ਰਹਿਣ ਵਾਲੇ ਸਾਬਕਾ ਸਿੱਖ ਫੌਜੀ ਬੂਟਾ ਸਿੰਘ ਹਨ।

ਸਾਡੀ ਇਸ ਖਾਸ ਰਿਪੋਰਟ ਰਾਹੀਂ ਤੁਹਾਨੂੰ ਦੱਸਦੇ ਹਾਂ ਕਿ ਬੂਟਾ ਸਿੰਘ ਦੀ ਜ਼ਿੰਦਗੀ ਵਿੱਚ ਆਖਰ ਅਜਿਹਾ ਕੀ ਵਾਪਰਿਆ ਕਿ ਉਨ੍ਹਾਂ ਦੀ ਜ਼ਿੰਦਗੀ ਤੇ ਬਣੀ ਫਿਲਮ ਪੂਰੀ ਦੁਨੀਆ ਵਿੱਚ ਫੇਮਸ ਹੋ ਗਈ।

ਗਦਰ 2 ਦੀ ਪ੍ਰੇਮ ਕਹਾਣੀ ਦਾ ਅਸਲੀ ਤਾਰਾ ਸਿੰਘ ਕੌਣ?

ਜਲੰਧਰ ਵਿੱਚ ਪੈਦਾ ਹੋਏ ਬੂਟਾ ਸਿੰਘ (Boota Singh) ਬ੍ਰਿਟਿਸ਼ ਫੌਜ ਦੇ ਸਾਬਕਾ ਸਿੱਖ ਸਿਪਾਹੀ ਸਨ, ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਲਾਰਡ ਮਾਊਂਟਬੈਟਨ ਦੀ ਕਮਾਂਡ ਹੇਠ ਬਰਮਾ ਦੇ ਮੋਰਚੇ ‘ਤੇ ਡਿਊਟੀ ਨਿਭਾਈ ਸੀ। ਉਸ ਵੇਲ੍ਹੇ ਭਾਰਤ-ਪਾਕਿਸਤਾਨ ਦੀ ਵੰਡ ਨਹੀਂ ਹੋਈ ਸੀ। 1947 ਵਿੱਚ ਜਦੋਂ ਦੋਵਾਂ ਮੁਲਕਾਂ ਦੀ ਵੰਡ ਹੋਈ ਤਾਂ ਪੂਰਬੀ ਪੰਜਾਬ ਵਿੱਚ ਰਹਿੰਦੇ ਕਈ ਮੁਸਲਿਮ ਪਰਿਵਾਰਾਂ ਨੂੰ ਪਾਕਿਸਤਾਨ ਜਾ ਕੇ ਵੱਸਣ ਦਾ ਆਦੇਸ਼ ਜਾਰੀ ਦਿੱਤਾ ਗਿਆ। ਉਸ ਵੇਲ੍ਹੇ ਹਿੰਦੂ ਮੁਸਲਮਾਨਾਂ ਵਿਚਾਲੇ ਹਿੰਸਾ ਭੜਕੀ ਹੋਈ ਸੀ।

ਦੋਵੇਂ ਗੁਟਾਂ ਦੇ ਲੋਕ ਇੱਕ-ਦੂਜੇ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਸਨ। ਇਸ ਦੌਰਾਨ ਪੰਜਾਬ ਤੋਂ ਪਾਕਿਸਤਾਨ ਜਾ ਰਹੇ ਮੁਸਲਿਮ ਪਰਿਵਾਰਾਂ ਦੀ ਭੀੜ ਵਿੱਚ ਇੱਕ ਮੁਸਲਿਮ ਕੁੜੀ ਜ਼ੈਨਬ ਵੀ ਸ਼ਾਮਲ ਸੀ। ਭੜਕੇ ਹੋਏ ਕੁਝ ਸਿੱਖ ਅਤੇ ਪੰਜਾਬੀ ਨੌਜਵਾਨਾਂ ਨੇ ਜ਼ੈਨਬ ਨੂੰ ਅਗਵਾ ਕਰ ਲਿਆ। ਉਸ ਵੇਲ੍ਹੇ ਬੂਟਾ ਸਿੰਘ ਜ਼ੈਨਬ (Zainab)ਲਈ ਇੱਕ ਫਰਿਸ਼ਤੇ ਵਾਂਗ ਸਾਹਮਣੇ ਆਇਆ।

ਉਸ ਨੇ ਨਾਂ ਸਿਰਫ ਇਸ ਪਾਕਿਸਤਾਨੀ ਲੜਕੀ ਨੂੰ ਬਚਾਇਆ, ਸਗੋਂ ਉਸਨੂੰ ਲੁੱਕਣ ਲਈ ਸੁਰੱਖਿਅਤ ਥਾਂ ਵੀ ਮੁੱਹਈਆ ਕਰਵਾਈ। ਇਸ ਦੌਰਾਨ ਬੂਟਾ ਸਿੰਘ ਨੂੰ ਜ਼ੈਨਬ ਨਾਲ ਪਿਆਰ ਹੋ ਗਿਆ। ਉਸਨੇ ਜ਼ੈਨਬ ਅੱਗੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤਾਂ ਉਹ ਵੀ ਇਸ ਲਈ ਰਾਜ਼ੀ ਹੋ ਗਈ। ਦੋਵਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਦੋਹਾਂ ਦੀਆਂ 2 ਬੇਟੀਆਂ ਤਨਵੀਰ ਅਤੇ ਦਿਲਵੀਰ ਹੋਈਆਂ।

ਬੂਟਾ ਸਿੰਘ ਦੀ ਜ਼ਿੰਦਗੀ ‘ਚ ਅਚਾਨਕ ਆਇਆ ਭੂਚਾਲ

ਬੂਟਾ ਸਿੰਘ ਜ਼ੈਨਬ ਅਤੇ ਆਪਣੀਆਂ ਦੋ ਧੀਆਂ ਨਾਲ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਿਤਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਜ਼ਿੰਦਗੀ ਵਿੱਚ ਭੂਚਾਲ ਆ ਗਿਆ। ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਦੱਸ ਸਾਲ ਬਾਅਦ ਯਾਨੀ 1957 ਵਿੱਚ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇੱਕ ਸਮਝੌਤਾ ਹੋਇਆ, ਜਿਸਦੇ ਤਹਿਤ ਦੋਵਾਂ ਦੇਸ਼ਾਂ ਨੇ ਆਪਣੇ ਪਰਿਵਾਰਾਂ ਤੋਂ ਵੱਖ ਹੋਈਆਂ ਔਰਤਾਂ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ। ਬੂਟਾ ਤੇ ਜ਼ੈਨਬ ਦੀ ਖੁਸ਼ੀ ਤੋਂ ਸੜਣ ਵਾਲੇ ਵੀ ਘੱਟ ਨਹੀਂ ਸਨ।

ਉਨ੍ਹਾਂ ਨੇ ਵਿਛੜੀਆਂ ਔਰਤਾਂ ਦੀ ਭਾਲ ਕਰ ਰਹੀ ਸਰਚ ਟੀਮ ਨੂੰ ਜ਼ੈਨਬ ਬਾਰੇ ਸੂਚਨਾ ਦੇ ਦਿੱਤੀ, ਜਿਸਤੋਂ ਬਾਅਦ ਜ਼ੈਨਬ ਨੂੰ ਉਸ ਦੀ ਵੱਡੀ ਧੀ ਨਾਲ ਪਾਕਿਸਤਾਨ ਦੇ ਇਕ ਛੋਟੇ ਜਿਹੇ ਪਿੰਡ ਨੂਰਪੁਰ ਭੇਜ ਦਿੱਤਾ ਗਿਆ, ਜਿੱਥੇ ਉਸ ਦਾ ਪਰਿਵਾਰ ਰਹਿੰਦਾ ਸੀ। ਦੂਜੇ ਪਾਸੇ ਬੂਟਾ ਸਿੰਘ ਆਪਣੀ ਛੋਟੀ ਧੀ ਦੇ ਨਾਲ ਭਾਰਤ ਹੀ ਰਹਿ ਗਿਆ।

ਪਰਿਵਾਰ ਨੂੰ ਵਾਪਸ ਲਿਆਉਣ ਲਈ ਕਬੂਲਿਆ ਇਸਲਾਮ

ਬੂਟਾ ਸਿੰਘ ਨੂੰ ਕੁਝ ਦਿਨਾਂ ਬਾਅਦ ਜ਼ੈਨਬ ਦੇ ਦੂਜੇ ਵਿਆਹ ਦੀ ਖ਼ਬਰ ਮਿਲੀ। ਇਹ ਖਬਰ ਉਸ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ। ਆਪਣੇ ਪਰਿਵਾਰ ਨੂੰ ਵਾਪਸ ਲਿਆਉਣ ਉਸਨੇ ਦਿੱਲੀ ਜਾ ਕੇ ਸਬੰਧਤ ਅਧਿਕਾਰੀਆਂ ਹੱਥ-ਪੈਰ ਜੋੜੇ, ਪਰ ਕਿਸੇ ਨੇ ਵੀ ਉਸ ਦੀ ਗੱਲ ਨਹੀਂ ਸੁਣੀ। ਬੂਟਾ ਸਿੰਘ ਸਾਹਮਣੇ ਹੁਣ ਇੱਕੋ ਹੀ ਰਾਹ ਬੱਚਿਆ ਸੀ ਅਤੇ ਉਸਨੇ ਉਸੇ ਤੇ ਹੀ ਚੱਲਣ ਦਾ ਫੈਸਲਾ ਕੀਤਾ।

ਉਸਨੇ ਆਪਣੇ ਪਰਿਵਾਰ ਨੂੰ ਵਾਪਸ ਲਿਆਉਣ ਲਈ ਇਸਲਾਮ ਕਬੂਲ ਕਰ ਲਿਆ ਅਤੇ ਬੂਟਾ ਸਿੰਘ ਤੋਂ ਜਮੀਲ ਅਹਿਮਦ ਬਣ ਗਿਆ। ਇਸਲਾਮ ਕਬੂਲਣ ਤੋਂ ਬਾਅਦ ਵੀ ਉਹ ਜ਼ੈਨਬ ਤੱਕ ਪਹੁੰਚਣ ਵਿੱਚ ਕਾਮਯਾਬ ਨਹੀਂ ਹੋ ਪਾਇਆ ਤਾਂ ਉਸ ਨੇ ਗੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਵਿਚ ਦਾਖਲ ਹੋਣ ਦਾ ਫੈਸਲਾ ਕੀਤਾ।

ਜ਼ੈਨਬ ਨੇ ਬੂਟਾ ਸਿੰਘ ਨੂੰ ਪਛਾਣਨ ਤੋਂ ਕੀਤਾ ਇਨਕਾਰ

ਲੁੱਕਦੇ-ਛਿਪਦੇ ਜਦੋਂ ਬੂਟਾ ਸਿੰਘ ਜ਼ੈਨਬ ਦੇ ਘਰ ਪਹੁੰਚਿਆ ਤਾਂ ਜ਼ੈਨਬ ਦੇ ਪਰਿਵਾਰ ਨੇ ਬੂਟਾ ਸਿੰਘ ਨੂੰ ਆਪਣਾ ਜਵਾਈ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਜ਼ੈਨਬ ਦਾ ਵਿਆਹ ਉਸ ਦੇ ਚਚੇਰੇ ਭਰਾ ਨਾਲ ਕਰਵਾ ਦਿੱਤਾ। ਉਨ੍ਹਾਂ ਨੇ ਬੂਟਾ ਸਿੰਘ ਨਾਲ ਕੁੱਟਮਾਰ ਕਰਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਜ਼ੈਨਬ ਨੇ ਵੀ ਆਪਣੇ ਪਰਿਵਾਰ ਦੇ ਦਬਾਅ ਹੇਠ ਆ ਕੇ ਅਦਾਲਤ ਵਿੱਚ ਬੂਟਾ ਸਿੰਘ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਪਰ ਉਹ ਆਪਣੀ ਜਵਾਨ ਧੀ ਨੂੰ ਬੂਟਾ ਸਿੰਘ ਨਾਲ ਭੇਜਣ ਲਈ ਰਾਜ਼ੀ ਹੋ ਗਈ। ਜੈਨਬ ਤੋਂ ਮਿਲੇ ਇਸ ਧੋਖੇ ਨੇ ਬੂਟਾ ਸਿੰਘ ਨੂੰ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ। ਬੂਟਾ ਸਿੰਘ ਨੇ ਆਪਣੀ ਧੀ ਨਾਲ ਪਾਕਿਸਤਾਨ ਦੇ ਸ਼ਾਹਦਰਾ ਸਟੇਸ਼ਨ ਨੇੜੇ ਟਰੇਨ ਦੇ ਸਾਹਮਏ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਪਰ ਉਸਦੀ ਧੀ ਇਸ ਹਾਦਸੇ ਵਿੱਚ ਬਚ ਗਈ।

ਬੂਟਾ ਸਿੰਘ ਦੀ ਆਖਰੀ ਇੱਛਾ ਵੀ ਨਹੀਂ ਹੋ ਸਕੀ ਪੂਰੀ

ਬੂਟਾ ਸਿੰਘ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਲਿਖਿਆ ਸੀ। ਜਿਸ ਵਿੱਚ ਉਸਨੇ ਆਪਣੀ ਆਖਰੀ ਇੱਛਾ ਲਿਖੀ ਸੀ ਕਿ ਉਸਨੂੰ ਪਤਨੀ ਜ਼ੈਨਬ ਦਾ ਪਿੰਡ ਬਰਕੀ ਵਿੱਚ ਦਫ਼ਨਾਇਆ ਜਾਵੇ। ਲਾਹੌਰ ਵਿੱਚ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਨੂੰ ਉਸ ਪਿੰਡ ਵਿੱਚ ਲਿਜਾਇਆ ਵੀ ਗਿਆ, ਪਰ ਪਿੰਡ ਵਾਸੀਆਂ ਨੇ ਉਸ ਨੂੰ ਬਰਕੀ ਦੇ ਕਬਰਸਤਾਨ ਵਿੱਚ ਦਫ਼ਨਾਉਣ ਤੋਂ ਇਨਕਾਰ ਕਰ ਦਿੱਤਾ। ਜਿਸਤੋਂ ਬਾਅਦ ਉਸਨੂੰ ਲਾਹੌਰ ਦੇ ਮਿਆਣੀ ਸਾਹਿਬ ਕਬਰਸਤਾਨ ਵਿੱਚ ਦਫ਼ਨਾਇਆ ਗਿਆ।

ਬੂਟਾ ਸਿੰਘ ਦੀ ਪ੍ਰੇਮ ਕਹਾਣੀ ‘ਤੇ ਬਣੀਆਂ ਹਨ ਹੋਰ ਵੀ ਫਿਲਮਾਂ

ਬੂਟਾ ਸਿੰਘ ਅਤੇ ਜ਼ੈਨਬ ਦੀ ਪ੍ਰੇਮ ਕਹਾਣੀ ‘ਤੇ ਕਈ ਕਿਤਾਬਾਂ ਲਿਖੀਆਂ ਗਈਆਂ ਤਾਂ ਕਈ ‘ਗਦਰ: ਏਕ ਪ੍ਰੇਮ ਕਥਾ’ ਤੋਂ ਇਲਾਵਾ ਵੀ ਕਈ ਫਿਲਮਾਂ ਰਾਹੀਂ ਉਸ ਦੀ ਪ੍ਰੇਮ ਕਹਾਣੀ ਨੂੰ ਫਿਲਮੀ ਪਰਦੇ ‘ਤੇ ਦਰਸਾਇਆ ਗਿਆ। 1999 ਵਿੱਚ ਆਈ ਪੰਜਾਬੀ ਫ਼ਿਲਮ ‘ਸ਼ਹੀਦ-ਏ-ਮੁਹੱਬਤ ਬੂਟਾ ਸਿੰਘ’ ਵਿੱਚ ਗੁਰਦਾਸ ਮਾਨ ਅਤੇ ਦਿਵਿਆ ਦੱਤਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।

ਇਸ ਤੋਂ ਇਲਾਵਾ ਹਿੰਦੀ ਫਿਲਮ ਵੀਰ ਜ਼ਾਰਾ ਵੀ ਜ਼ਿਆਦਾਤਰ ਬੂਟਾ ਸਿੰਘ ਦੀ ਕਹਾਣੀ ਤੋਂ ਹੀ ਪ੍ਰੇਰਿਤ ਹੋ ਕੇ ਬਣਾਈ ਗਈ ਸੀ। 2007 ਦੀ ਕੈਨੇਡੀਅਨ ਫਿਲਮ ਪਾਰਟੀਸ਼ਨ ਵੀ ਇਸੇ ਕਹਾਣੀ ਤੋਂ ਪ੍ਰੇਰਿਤ ਹੈ। ਇਸ ਤੋਂ ਇਲਾਵਾ ਇਸ਼ਰਤ ਰਹਿਮਾਨੀ ਦਾ ਨਾਵਲ ਮੁਹੱਬਤ ਵੀ ਬੂਟਾ ਸਿੰਘ ਅਤੇ ਜ਼ੈਨਬ ਦੀ ਪ੍ਰੇਮ ਕਹਾਣੀ ‘ਤੇ ਆਧਾਰਿਤ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version