ਫਿਲਮ ਐਕਟਰ ਕਾਰਤਿਕ ਆਰੀਅਨ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਫਿਲਮ ‘ਸ਼ਹਿਜ਼ਾਦਾ’ ਲਈ ਇੱਕ ਹਫਤਾ ਹੋਰ ਇੰਤਜ਼ਾਰ ਕਰਨਾ ਹੋਵੇਗਾ। ਕਿਉਂਕਿ ਕਾਰਤਿਕ ਆਰੀਅਨ ਦੀ ਆਉਣ ਵਾਲੀ ਫਿਲਮ ਸ਼ਹਿਜ਼ਾਦਾ ਦੀ ਰਿਲੀਜ ਨੂੰ ਇੱਕ ਹਫਤੇ ਲਈ ਟਾਲ ਦਿੱਤਾ ਗਿਆ ਹੈ। ਪਹਿਲਾਂ ਇਹ ਫਿਲਮ 10 ਫਰਵਰੀ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ 17 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਪਠਾਨ ਦੇ ਜ਼ਬਰਦਸਤ ਹਿੱਟ ਹੋਣ ਕਾਰਨ ਫਿਲਮ ਮੇਕਰਸ ਨੇ ਇਹ ਫੈਸਲਾ ਲਿਆ ਹੈ। ਫਿਲਮ ਪਠਾਨ 25 ਜਨਵਰੀ ਤੋਂ ਲਗਾਤਾਰ ਧਮਾਲ ਮਚਾ ਰਹੀ ਹੈ। ਅਜੇ ਵੀ ਇਸ ਦੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ। ਇਸ ਹਫਤੇ ਫਿਲਮ ਪਠਾਨ ਦੀ ਟਿਕਟ ਦੀ ਕੀਮਤ ਵੀ ਘਟਾਈ ਗਈ ਹੈ। ਉਮੀਦ ਹੈ ਕਿ ਦਰਸ਼ਕ ਇਸ ਤੋਂ ਵੀ ਵੱਧ ਗਿਣਤੀ ਵਿੱਚ ਸਿਨੇਮਾ ਹਾਲ ਵਿੱਚ ਪਹੁੰਚਣਗੇ। ਇਸ ਸਭ ਦੇ ਮੱਦੇਨਜਰਕ ਫਿਲਮ ਸ਼ਹਿਜ਼ਾਦਾ ਦੀ ਰਿਲੀਜ ਨੂੰ ਇਕ ਹਫਤੇ ਲਈ ਟਾਲ ਦਿੱਤਾ ਗਿਆ ਹੈ ਤਾਂ ਜੋ ਫਿਲਮ ਪਠਾਨ ਦੀ ਸਫਲਤਾ ਕਰਕੇ ਇਸ ਨੂੰ ਨੁਕਸਾਨ ਨਾ ਹੋਵੇ ।
ਪਹਿਲੀ ਵਾਰ ਐਕਸ਼ਨ ਕਰਦੇ ਨਜ਼ਰ ਆਉਣਗੇ ਕਾਰਤਿਕ ਆਰੀਅਨ
ਫਿਲਮ ਦਾ ਟ੍ਰੇਲਰ ਅਤੇ ਗੀਤ ਪਹਿਲਾਂ ਹੀ ਰਿਲੀਜ ਹੋ ਚੁੱਕੇ ਹਨ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟ੍ਰੇਲਰ ‘ਚ ਕਾਰਤਿਕ ਆਰੀਅਨ ਦੇ ਰੋਮਾਂਟਿਕ ਅਤੇ ਐਕਸ਼ਨ ਸੀਨਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ‘ਚ ਕਾਰਤਿਕ ਆਰੀਅਨ ਪਹਿਲੀ ਵਾਰ ਐਕਸ਼ਨ ਸੀਨ ਕਰਦੇ ਨਜਰ ਆਉਣਗੇ। ਕਾਰਤਿਕ ਆਰੀਅਨ ਨੇ ਖੁਦ ਮੰਨਿਆ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ‘ਚ ਐਂਟਰੀ ਹੋਏ 11 ਸਾਲ ਹੋ ਗਏ ਹਨ, ਇਸ ਦੌਰਾਨ ਸ਼ਾਹਜ਼ਾਦਾ ਪਹਿਲੀ ਫਿਲਮ ਹੈ, ਜਿਸ ‘ਚ ਉਹ ਐਕਸ਼ਨ ਰੋਲ ‘ਚ ਨਜ਼ਰ ਆਉਣਗੇ।
ਕਾਰਤਿਕ ਆਰੀਅਨ ਫਿਲਮ ਸ਼ਹਿਜ਼ਾਦਾ ਦੇ ਨਿਰਮਾਤਾ ਵੀ ਹਨ
ਫਿਲਮ ‘ਸ਼ਹਿਜ਼ਾਦਾ’ ‘ਚ ਕਾਰਤਿਕ ਆਰੀਅਨ ਨਾ ਸਿਰਫ ਮੁੱਖ ਅਭਿਨੇਤਾ ਦੀ ਭੂਮਿਕਾ ‘ਚ ਨਜਰ ਆਉਣਗੇ ਬਲਕਿ ਨਿਰਮਾਤਾ ਦੇ ਤੌਰ ‘ਤੇ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੋਵੇਗੀ। ਇਸ ਦੇ ਨਾਲ ਹੀ ਕਾਰਤਿਕ ਆਰੀਅਨ ਦਾ ਮੰਨਣਾ ਹੈ ਕਿ ਭਾਵੇਂ ਉਹ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਪਰ ਉਨ੍ਹਾਂ ਦਾ ਮੁੱਖ ਕੰਮ ਐਕਟਿੰਗ ਕਰਨਾ ਹੈ ਅਤੇ ਉਹ ਇਸ ‘ਤੇ ਫੋਕਸ ਕਰਨਗੇ।
ਕਾਰਤਿਕ ਆਰੀਅਨ ਨੂੰ ਫਿਲਮ ਤੋਂ ਖਾਸ ਉਮੀਦਾਂ
ਫਿਲਮ ਸ਼ਹਿਜ਼ਾਦਾ ਬਾਰੇ ਕਾਰਤਿਕ ਆਰੀਅਨ ਨੇ ਦੱਸਿਆ ਕਿ ਇਹ ਫਿਲਮ ਬਹੁਤ ਹੀ ਖੂਬਸੂਰਤੀ ਨਾਲ ਬਣਾਈ ਗਈ ਹੈ। ਉਸਨੇ ਅੱਗੇ ਕਿਹਾ ਕਿ ਦਰਸ਼ਕ ਉਨ੍ਹਾਂ ਦੇ ਐਕਸ਼ਨ ਹੀਰੋ ਅਵਤਾਰ ਨੂੰ ਸਵੀਕਾਰ ਕਰਨਗੇ। ਇਹ ਫਿਲਮ ਸਿਨੇਮਾ ਘਰਾਂ ਵਿੱਚ ਦਰਸ਼ਕਾਂ ਨੂੰ ਖਿੱਚੇਗੀ ਅਤੇ ਆਸਾਨੀ ਨਾਲ 200 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਲਵੇਗੀ। ਉਨ੍ਹਾਂ ਕਿਹਾ ਕਿ ਫਿਲਮ ਪਠਾਨ ਨਾਲ ਇਸ ਸਾਲ ਬਾਲੀਵੁੱਡ ‘ਚ ਹਿੱਟ ਫਿਲਮਾਂ ਦੀ ਸ਼ੁਰੂਆਤ ਹੋਈ ਹੈ ਅਤੇ ਦਰਸ਼ਕ ਟਿਕਟ ਖਿੜਕੀ ‘ਤੇ ਪਰਤ ਆਏ ਹਨ। ਹਿੰਦੀ ਫਿਲਮ ਇੰਡਸਟਰੀ ਲਈ ਇਹ ਬਹੁਤ ਸ਼ੁਭ ਗੱਲ ਹੈ। ਆਰੀਅਨ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਅਤੇ ਲੋਕਾਂ ਨੂੰ ਫਿਲਮ ਸ਼ਹਿਜ਼ਾਦਾ ਜ਼ਰੂਰ ਪਸੰਦ ਆਵੇਗੀ।