1x ਬੇਟ ਐਪ ਮਾਮਲਾ: ਯੁਵਰਾਜ, ਰੌਬਿਨ ਉਥੱਪਾ ਅਤੇ ਸੋਨੂੰ ਸੂਦ ਸਮੇਤ ਕਈਆਂ ਤੇ ਈਡੀ ਦਾ ਐਕਸ਼ਨ, ਜਬਤ ਕੀਤੀ ਕਰੋੜਾਂ ਦੀ ਜਾਇਦਾਦ
Betting App Case: ਈਡੀ ਨੇ ਉਰਵਸ਼ੀ ਰੌਤੇਲਾ, ਸੋਨੂੰ ਸੂਦ, ਮਿਮੀ ਚੱਕਰਵਰਤੀ ਅਤੇ ਕਈ ਹੋਰ ਪ੍ਰਮੁੱਖ ਸਿਤਾਰਿਆਂ ਵਿਰੁੱਧ ਕਾਰਵਾਈ ਕੀਤੀ ਹੈ, ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਮਾਮਲਾ ਸੱਟੇਬਾਜ਼ੀ ਐਪ ਮਾਮਲੇ ਨਾਲ ਸਬੰਧਤ ਹੈ। ਈਡੀ ਬੀਤੇ ਲੰਬੇ ਵੇਲ੍ਹੇ ਤੋਂ ਇਨ੍ਹਾਂ ਸਭ ਕੋਲੋਂ ਵਾਰੀ-ਵਾਰੀ ਨਾਲ ਪੁੱਛਗਿੱਛ ਕਰ ਰਹੀ ਸੀ। ਇਸਤੋਂ ਪਹਿਲਾਂ ਕ੍ਰਿਕੇਟਰ ਸ਼ਿਖਰ ਧਵਨ ਅਤੇ ਸੁਰੇਸ਼ ਰੈਨਾ ਤੇ ਵੀ ਵੱਡਾ ਐਕਸ਼ਨ ਹੋਇਆ ਸੀ।
ਈਡੀ ਨੇ ਉਰਵਸ਼ੀ ਰੌਤੇਲਾ, ਸੋਨੂੰ ਸੂਦ, ਮਿਮੀ ਚੱਕਰਵਰਤੀ ਅਤੇ ਕਈ ਹੋਰ ਪ੍ਰਮੁੱਖ ਸਿਤਾਰਿਆਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਇਨ੍ਹਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਹ ਮਾਮਲਾ ਸੱਟੇਬਾਜ਼ੀ ਐਪ ਮਾਮਲੇ ਨਾਲ ਸਬੰਧਤ ਹੈ।
ਇਹ ਮਾਮਲਾ 1x ਬੇਟਿੰਗ ਐਪ ਨਾਲ ਜੁੜਿਆ ਹੋਇਆ ਹੈ। ਈਡੀ ਨੇ ਕਈ ਕ੍ਰਿਕੇਟ ਅਤੇ ਬਾਲੀਵੁੱਡ ਸਿਤਾਰਿਆਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਜਿਨ੍ਹਾਂ ਸਿਤਾਰਿਆਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ ਉਨ੍ਹਾਂ ਵਿੱਚ ਯੁਵਰਾਜ ਸਿੰਘ, ਰੌਬਿਨ ਉਥੱਪਾ, ਉਰਵਸ਼ੀ ਰੌਤੇਲਾ, ਸੋਨੂੰ ਸੂਦ, ਮਿਮੀ ਚੱਕਰਵਰਤੀ, ਅੰਕੁਸ਼ ਹਜ਼ਾਰਾ ਅਤੇ ਨੇਹਾ ਸ਼ਰਮਾ ਸ਼ਾਮਲ ਹਨ।
ਸੂਤਰਾਂ ਅਨੁਸਾਰ, ਯੁਵਰਾਜ ਸਿੰਘ ਦੀ 2.5 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਰੌਬਿਨ ਉਥੱਪਾ ਦੀ 8.26 ਲੱਖ ਰੁਪਏ ਦੀ ਜਾਇਦਾਦ, ਉਰਵਸ਼ੀ ਰੌਤੇਲਾ ਦੀ 2.02 ਕਰੋੜ ਰੁਪਏ (ਇਹ ਜਾਇਦਾਦ ਉਸਦੀ ਮਾਂ ਦੇ ਨਾਮ ‘ਤੇ ਸੀ) ਦੀ ਜਾਇਦਾਦ, ਸੋਨੂੰ ਸੂਦ ਦੀ 1 ਕਰੋੜ ਰੁਪਏ ਦੀ ਜਾਇਦਾਦ, ਮਿਮੀ ਚੱਕਰਵਰਤੀ ਦੀ 59 ਲੱਖ ਰੁਪਏ ਦੀ ਜਾਇਦਾਦ, ਅੰਕੁਸ਼ ਹਜ਼ਾਰਾ ਦੀ 47.20 ਲੱਖ ਰੁਪਏ ਦੀ ਜਾਇਦਾਦ, ਅਤੇ ਨੇਹਾ ਸ਼ਰਮਾ ਦੀ 1.26 ਕਰੋੜ ਰੁਪਏ ਦੀ ਜਾਇਦਾਦ ਜਬਤ ਕੀਤੀ ਗਈ ਹੈ। ਅੱਜ ਦੀ ਈਡੀ ਦੀ ਕਾਰਵਾਈ ਵਿੱਚ ਕੁੱਲ 7.93 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।
ਸ਼ਿਖਰ ਧਵਨ ਅਤੇ ਸੁਰੇਸ਼ ਰੈਨਾ ਤੇ ਵੀ ਹੋਇਆ ਸੀ ਐਕਸ਼ਨ
ਇਸ ਤੋਂ ਪਹਿਲਾਂ, ਇਸੇ ਮਾਮਲੇ ਵਿੱਚ, ਈਡੀ ਨੇ ਸ਼ਿਖਰ ਧਵਨ ਤੋਂ 4.55 ਕਰੋੜ ਅਤੇ ਸੁਰੇਸ਼ ਰੈਨਾ ਦੀ 6.64 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਸੀ। ਹੁਣ ਤੱਕ, ਈਡੀ ਨੇ 1x ਸੱਟੇਬਾਜ਼ੀ ਮਾਮਲੇ ਵਿੱਚ 19.07 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ।
ਈਡੀ ਨੇ ਕੀਤੀ ਸੀ ਲੰਬੀ ਪੁੱਛਗਿੱਛ
1x ਸੱਟੇਬਾਜ਼ੀ ਐਪ ਮਾਮਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਕਈ ਹੋਰ ਸੱਟੇਬਾਜ਼ੀ ਐਪਸ ਹਨ ਜਿਨ੍ਹਾਂ ‘ਤੇ ਲੋਕਾਂ ਅਤੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦਾ ਇਲਜਾਮ ਹੈ। ਲਗਾਤਾਰਇਸ ਮਾਮਲੇ ਤੇ ਖਬਰਾਂ ਆ ਰਹੀਆਂ ਹਨ ਕਿ ਜਿਨ੍ਹਾਂ ਸਿਤਾਰਿਆਂ ਤੇ ਇਨ੍ਹਾਂ ਐਪਸ ਵਿੱਚ ਸ਼ਾਮਲ ਹੋਣ ਦੇ ਆਰੋਪ ਹਨ, ਈਡੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ, ਸੁਰੇਸ਼ ਰੈਨਾ, ਯੁਵਰਾਜ ਸਿੰਘ, ਸੋਨੂੰ ਸੂਦ ਅਤੇ ਕਈ ਹੋਰ ਸਿਤਾਰਿਆਂ ਤੋਂ ਈਡੀ ਨੇ ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ। ਹੁਣ ਇੱਕ ਵੱਡੀ ਕਾਰਵਾਈ ਵਿੱਚ, ਇਨ੍ਹਾਂ ਸਿਤਾਰਿਆਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਹਨ। ਪਰ ਜਾਂਚ ਅਜੇ ਵੀ ਜਾਰੀ ਹੈ। ਇਹ ਦੇਖਣਾ ਬਾਕੀ ਹੈ ਕਿ ਇਸ ਮਾਮਲੇ ਵਿੱਚ ਹੋਰ ਕੀ ਜਾਣਕਾਰੀ ਸਾਹਮਣੇ ਆਉਂਦੀ ਹੈ।


