New Year Concert: ਦਿਲਜੀਤ ਦੋਸਾਂਝ ਲੁਧਿਆਣਾ ‘ਚ ਮਨਾਉਣਗੇ ਨਵਾਂ ਸਾਲ, 31 ਦਸੰਬਰ ਨੂੰ ਲਾਈਵ ਕੰਸਰਟ, 15 ਮਿੰਟਾਂ ‘ਚ ਟਿਕਟਾਂ Sold Out
New Year Concert: ਪੰਜਾਬ ਦੇ ਗਾਇਕ ਅਤੇ ਕਲਾਕਾਰ ਦਿਲਜੀਤ ਦੋਸਾਂਝ ਨਵੇਂ ਸਾਲ 2025 ਦਾ ਜਸ਼ਨ ਮਨਾਉਣ ਲਈ ਲੁਧਿਆਣਾ ਪਹੁੰਚ ਰਹੇ ਹਨ। ਦਿਲਜੀਤ ਦੋਸਾਂਝ ਦਾ ਲਾਈਵ ਕੰਸਰਟ 31 ਦਸੰਬਰ ਨੂੰ ਲੁਧਿਆਣਾ 'ਚ ਹੋਣ ਜਾ ਰਿਹਾ ਹੈ। ਜਿਵੇਂ ਹੀ ਦਿਲਜੀਤ ਨੇ ਲੁਧਿਆਣਾ ਵਿੱਚ ਆਪਣੇ ਕੰਸਰਟ ਦਾ ਐਲਾਨ ਕੀਤਾ, ਹਰਿਆਣਾ, ਯੂਪੀ, ਚੰਡੀਗੜ੍ਹ, ਰਾਜਸਥਾਨ ਸਮੇਤ ਪੰਜਾਬ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ 15 ਮਿੰਟਾਂ ਦੇ ਅੰਦਰ ਹੀ ਪੂਰਾ ਸ਼ੋਅ ਸੋਲਡ ਆਊਟ ਹੋ ਗਿਆ।
ਦਿਲਜੀਤ ਦੋਸਾਂਝ ਦੇ ਲੁਧਿਆਣਾ ਕੰਸਰਟ ਦੀ ਆਨਲਾਈਨ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਜਿਵੇਂ ਹੀ ਜ਼ੋਮੈਟੋ ਲਾਈਵ ‘ਤੇ ਬੁਕਿੰਗ ਸ਼ੁਰੂ ਹੋਈ, ਉਨ੍ਹਾਂ ਦੇ ਸਮਰਥਕਾਂ ਅਤੇ ਪ੍ਰਸ਼ੰਸਕਾਂ ਨੇ ਟਿਕਟਾਂ ਦੀ ਬੁਕਿੰਗ ਸ਼ੁਰੂ ਕੀਤੀ ਅਤੇ ਸ਼ੋਅ ਸੋਲਡ ਆਊਟ ਹੋ ਗਿਆ। ਇਸ ਤੋਂ ਪਹਿਲਾਂ 29 ਦਸੰਬਰ ਨੂੰ ਦਿਲਜੀਤ ਦਾ ਕੰਸਰਟ ਗੁਹਾਟੀ ‘ਚ ਹੋਵੇਗਾ। ਦਿਲਜੀਤ ਦੋਸਾਂਝ ਨੇ ਸਾਲ 2024 ਵਿੱਚ ਪੂਰੇ ਭਾਰਤ ਦਾ ਦੌਰਾ ਕੀਤਾ ਅਤੇ ਵੱਖ-ਵੱਖ ਥਾਵਾਂ ‘ਤੇ ਮਿਊਜ਼ਿਕ ਕੰਸਰਟ ਵੀ ਕੀਤੇ। ਉਨ੍ਹਾਂ ਨੇ ਆਪਣੇ ਟੂਰ ਦਾ ਨਾਂ ਦਿਲ-ਲੁਮਿਨਾਟੀ ਟੂਰ ਰੱਖਿਆ ਹੈ ਅਤੇ ਦਿਲਜੀਤ 31 ਦਸੰਬਰ ਨੂੰ ਲੁਧਿਆਣਾ ‘ਚ ਇਸ ਦਿਲ-ਲੁਮਿਨਾਟੀ ਟੂਰ ਦਾ ਆਖਰੀ ਕੰਸਰਟ ਕਰਨ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਇਸ ਕੰਸਰਟ ਲਈ ਦੇਸ਼ ਦੇ ਇੱਕ ਦਰਜਨ ਦੇ ਕਰੀਬ ਵੱਡੇ ਸ਼ਹਿਰਾਂ ਦੀ ਚੋਣ ਕੀਤੀ ਸੀ।
31 ਦਸੰਬਰ ਨੂੰ ਲੁਧਿਆਣਾ ‘ਚ ਦਿਲਜੀਤ ਦਾ ਕੰਸਰਟ ਪੀਏਯੂ ‘ਚ ਸ਼ਾਮ 8 ਵਜੇ ਤੋਂ ਬਾਅਦ ਸ਼ੁਰੂ ਹੋਵੇਗਾ, ਜੋ 12.30 ਤੱਕ ਜਾਰੀ ਰਹੇਗਾ। ਯਾਨੀ ਦਿਲਜੀਤ ਅਤੇ ਉਨ੍ਹਾਂ ਦੇ ਸਮਰਥਕ ਪੂਰੇ ਜੋਸ਼-ਓ-ਖਰੋਸ਼ ਨਾਲ ਲੁਧਿਆਣਾ ‘ਚ ਨੱਚ-ਗਾ ਕੇ ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਹਨ। 29 ਦਸੰਬਰ ਨੂੰ ਗੁਵਾਹਾਟੀ ਵਿੱਚ ਆਪਣਾ ਸੰਗੀਤ ਸਮਾਗਮ ਖਤਮ ਕਰਨ ਤੋਂ ਬਾਅਦ ਦਲਜੀਤ ਸਿੱਧਾ ਪੰਜਾਬ ਪਹੁੰਚ ਜਾਵੇਗਾ। ਜਿੱਥੇ ਉਹ ਮੱਥਾ ਟੇਕਣ ਲਈ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਪਹੁੰਚ ਸਕਦੇ ਹਨ। ਜਿਸ ਤੋਂ ਬਾਅਦ ਉਹ ਸਿੱਧਾ ਲੁਧਿਆਣਾ ਪਹੁੰਚ ਕੇ ਆਪਣੇ ਫੈਨਸ ਨੂੰ ਮਿਲਣਗੇ।
ਜਿਵੇਂ ਹੀ ਲੁਧਿਆਣਾ ‘ਚ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਦਾ ਐਲਾਨ ਹੋਇਆ ਤਾਂ ਸ਼ਹਿਰ ‘ਚ ਨਵੇਂ ਸਾਲ ਦੇ ਜਸ਼ਨ ਦੀਆਂ ਸਾਰੀਆਂ ਤਿਆਰੀਆਂ ਦਿਲਜੀਤ ਦੇ ਸ਼ੋਅ ਦੇ ਮੁਕਾਬਲੇ ਫਿੱਕੀਆਂ ਹੋ ਗਈਆਂ। ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਜਿੱਥੇ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਹੋਟਲਾਂ ਅਤੇ ਕਲੱਬਾਂ ‘ਚ ਨਾਈਟ ਪਾਰਟੀਆਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਉੱਥੇ ਹੀ ਸੈਂਕੜੇ ਲੋਕਾਂ ਨੇ ਪਹਾੜਾਂ ‘ਤੇ ਜਾਣ ਦੀ ਯੋਜਨਾ ਬਣਾਈ ਸੀ ਪਰ ਜਿਵੇਂ ਹੀ ਦਿਲਜੀਤ ਦੇ ਮਿਊਜ਼ਿਕ ਕੰਸਰਟ ਦਾ ਐਲਾਨ ਹੋਇਆ ਤਾਂ ਸਾਰਿਆਂ ਨੇ ਆਪਣੀਆਂ ਤਿਆਰੀਆਂ ਰੋਕ ਦਿੱਤੀਆਂ।
ਇਹ ਵੀ ਪੜ੍ਹੋ- AP ਢਿੱਲੋਂ ਨੇ ਸਬੂਤਾਂ ਸਣੇ ਰੱਖੀ ਅਪਣੀ ਗੱਲ, ਦਿਲਜੀਤ ਦੋਸਾਂਝ ਦਾ ਬਿਆਨ ਝੂਠਾ ਸਾਬਤ ਹੋਇਆ
ਪੁਲਿਸ ਪ੍ਰਸ਼ਾਸਨ ਨੇ ਸ਼ੁਰੂ ਕੀਤੀਆਂ ਤਿਆਰੀਆਂ
ਦਿਲਜੀਤ ਦੋਸਾਂਝ ਦੇ 31 ਦਸੰਬਰ ਨੂੰ ਲੁਧਿਆਣਾ ‘ਚ ਹੋਣ ਵਾਲੇ ਕੰਸਰਟ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਅਤੇ ਪ੍ਰਸ਼ਾਸਨ ਨੇ ਵੀ ਆਪਣੇ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਾਈਵ ਸ਼ੋਅ ‘ਚ ਲੱਖਾਂ ਲੋਕਾਂ ਦੇ ਆਉਣ ਦੀ ਉਮੀਦ ਹੈ। ਨਵਾਂ ਸਾਲ ਹੋਣ ਕਰਕੇ ਭੀੜ ਨੂੰ ਕਾਬੂ ਕਰਨ ਅਤੇ ਸ਼ਰਾਰਤੀ ਅਨਸਰਾਂ ਨਾਲ ਨਜਿੱਠਣ ਲਈ ਵਿਸ਼ੇਸ਼ ਪੁਲਿਸ ਬਲ ਵੀ ਤਾਇਨਾਤ ਕੀਤੇ ਜਾ ਰਹੇ ਹਨ। ਜਲਦੀ ਹੀ ਪੁਲਿਸ ਦੇ ਉੱਚ ਅਧਿਕਾਰੀ ਸੁਰੱਖਿਆ ਅਤੇ ਕਾਨੂੰਨ ਨੂੰ ਲੈ ਕੇ ਲੁਧਿਆਣਾ ਵਿਖੇ ਮੀਟਿੰਗ ਕਰਨਗੇ ਅਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨਗੇ।