ਮਾਸੂਮ ਸ਼ਰਮਾ ‘ਤੇ ਭੜਕਾਉ ਗੀਤ ਦੇ ਚੱਲਦੇ ਕੇਸ ਦਰਜ, PU ਕੈਂਪਸ ‘ਚ ਸੀ ਸ਼ੋਅ
Masoom Sharma: ਪੁਲਿਸ ਅਨੁਸਾਰ ਸ਼ੋਅ ਤੋਂ ਪਹਿਲਾਂ ਮਾਸੂਮ ਸ਼ਰਮਾ ਨੂੰ ਲਿਖਤੀ ਤੌਰ 'ਤੇ ਭਰੋਸਾ ਦਿੱਤਾ ਗਿਆ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਪਾਬੰਦੀਸ਼ੁਦਾ ਜਾਂ ਇਤਰਾਜ਼ਯੋਗ ਗੀਤ ਨਹੀਂ ਗਾਏਗਾ। ਇਸ ਦੇ ਬਾਵਜੂਦ, ਉਨ੍ਹਾਂ ਨੇ ਸ਼ੋਅ ਦੌਰਾਨ ਪਾਬੰਦੀਸ਼ੁਦਾ ਗੀਤ ਗਾਏ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਲਾਈਵ ਸ਼ੋਅ ਦੌਰਾਨ ਪਾਬੰਦੀਸ਼ੁਦਾ ਗੀਤ ਗਾਉਣ ਦੇ ਇਲਜ਼ਾਮ ਵਿੱਚ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸੈਕਟਰ-11 ਪੁਲਿਸ ਸਟੇਸ਼ਨ ਨੇ ਏਐਸਆਈ ਸੁਰਿੰਦਰ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਹੈ।
ਪੁਲਿਸ ਅਨੁਸਾਰ ਸ਼ੋਅ ਤੋਂ ਪਹਿਲਾਂ ਮਾਸੂਮ ਸ਼ਰਮਾ ਨੂੰ ਲਿਖਤੀ ਤੌਰ ‘ਤੇ ਭਰੋਸਾ ਦਿੱਤਾ ਗਿਆ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਪਾਬੰਦੀਸ਼ੁਦਾ ਜਾਂ ਇਤਰਾਜ਼ਯੋਗ ਗੀਤ ਨਹੀਂ ਗਾਏਗਾ। ਇਸ ਦੇ ਬਾਵਜੂਦ, ਉਨ੍ਹਾਂ ਨੇ ਸ਼ੋਅ ਦੌਰਾਨ ਪਾਬੰਦੀਸ਼ੁਦਾ ਗੀਤ ਗਾਏ।
PU ਕੈਂਪਸ ਚ ਕਰਵਾਇਆ ਗਿਆ ਸੀ ਸ਼ੋਅ
ਇਹ ਪ੍ਰੋਗਰਾਮ 28 ਮਾਰਚ ਨੂੰ ਪੀਯੂ ਕੈਂਪਸ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਮਾਸੂਮ ਸ਼ਰਮਾ ਲਾਈਵ ਪ੍ਰਫੋਰਮ ਕਰ ਰਹੇ ਸਨ। ਪ੍ਰੋਗਰਾਮ ਦੌਰਾਨ, ਉਨ੍ਹਾਂ ਨੇ ਕੁਝ ਗੀਤ ਗਾਏ ਜਿਨ੍ਹਾਂ ‘ਤੇ ਪਹਿਲਾਂ ਪ੍ਰਸ਼ਾਸਨ ਦੁਆਰਾ ਪਾਬੰਦੀ ਲਗਾਈ ਗਈ ਸੀ। ਇਸ ਨੂੰ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ, ਪੁਲਿਸ ਨੇ ਇਹ ਕਾਰਵਾਈ ਕੀਤੀ।
ਪੁਲਿਸ ਦਾ ਕਹਿਣਾ ਹੈ ਕਿ ਪ੍ਰੋਗਰਾਮ ਤੋਂ ਪਹਿਲਾਂ, ਪ੍ਰਬੰਧਕਾਂ ਅਤੇ ਗਾਇਕ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਸਨ ਕਿ ਕੋਈ ਵੀ ਵਿਵਾਦਪੂਰਨ ਜਾਂ ਪਾਬੰਦੀਸ਼ੁਦਾ ਗੀਤ ਨਹੀਂ ਚਲਾਇਆ ਜਾਵੇਗਾ। ਇਸ ਦੇ ਬਾਵਜੂਦ, ਨਿਯਮਾਂ ਦੀ ਅਣਦੇਖੀ ਕਰਦੇ ਹੋਏ, ਮਾਸੂਮ ਸ਼ਰਮਾ ਨੇ ਪਾਬੰਦੀਸ਼ੁਦਾ ਗੀਤ ਗਾਏ, ਜਿਸ ਕਾਰਨ ਕਾਨੂੰਨ ਵਿਵਸਥਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਸੀ।
ਫਿਲਹਾਲ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਜਲਦੀ ਹੀ ਗਾਇਕ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਵੀ ਇਸ ਮਾਮਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ
ਇਸ ਦੌਰਾਨ ਸ਼ੋਅ ਦੇਖਣ ਆਏ ਦੋ ਗੁੱਟਾਂ ਦੇ ਵਿਦਿਆਰਥੀਆਂ ਵਿਚਕਾਰ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਇੱਕ ਗੁੱਟ ਦੇ ਇੱਕ ਵਿਦਿਆਰਥੀ ਨੇ ਦੂਜੇ ਗੁੱਟ ਦੇ ਵਿਦਿਆਰਥੀਆਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਚਾਰ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਸੀ। ਮ੍ਰਿਤਕ ਵਿਦਿਆਰਥੀ ਦੀ ਪਛਾਣ ਆਦਿਤਿਆ ਠਾਕੁਰ ਵਜੋਂ ਹੋਈ ਹੈ, ਜੋ ਕਿ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਜ਼ਖਮੀ ਆਦਿਤਿਆ ਨੂੰ ਤੁਰੰਤ ਇਲਾਜ ਲਈ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸਟੇਜ ਦੇ ਪਿੱਛੇ ਵਾਪਰੀ ਅਤੇ ਸ਼ੋਰ ਕਾਰਨ ਲੋਕਾਂ ਨੂੰ ਕਾਫ਼ੀ ਦੇਰ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਸੀ।
ਤਿੰਨ ਵਿਦਿਆਰਥੀ ਜ਼ਖਮੀ
ਆਦਿਤਿਆ ਪੰਜਾਬ ਯੂਨੀਵਰਸਿਟੀ ਵਿੱਚ ਕੋਰਸ ਕਰ ਰਿਹਾ ਸੀ, ਉਹ ਦੂਜੇ ਸਾਲ ਦਾ ਵਿਦਿਆਰਥੀ ਸੀ। ਇਸ ਤੋਂ ਇਲਾਵਾ ਇਸ ਹਮਲੇ ਵਿੱਚ ਤਿੰਨ ਹੋਰ ਵਿਦਿਆਰਥੀ ਵੀ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦੋ ਜ਼ਖਮੀ ਵਿਦਿਆਰਥੀਆਂ ਦੀ ਪਛਾਣ ਅਨਿਰੁੱਧ ਅਤੇ ਅਰਜੁਨ ਵਜੋਂ ਹੋਈ ਸੀ।
